ਜ਼ੋਰ ਨਾਲ ਹੱਸਣ ਲਈ ਵਰਤਿਆ ਜਾਣ ਵਾਲਾ LOL ਬਹੁਤ ਲੋਕ ਸਮਝਦੇ ਹਨ, ਪਰ ਅਸਲ ਹਾਸਾ ਸਕ੍ਰੀਨ ਦੇ ਤਿੰਨ ਅੱਖਰਾਂ ਵਿੱਚ ਕਿੱਥੇ ਕੈਦ ਹੁੰਦਾ ਹੈ। Laughing out loud (LOL) ਸਾਡੇ ਜੀਵਨ ਦੀ ਇੱਕ ਛੋਟੀ ਜਿਹੀ ਲੋੜ ਹੈ, ਜੋ ਥੱਕੇ ਹੋਏ ਮਨ ਨੂੰ ਕੁਝ ਪਲਾਂ ਲਈ ਹਲਕਾ ਕਰ ਦਿੰਦੀ ਹੈ।ਜਦੋਂ ਅਸੀਂ ਕਿਸੇ ਆਪਣੇ ਨਾਲ ਦਿਲ ਖੋਲ੍ਹ ਕੇ ਹੱਸਦੇ ਹਾਂ, ਤਾਂ ਰਿਸ਼ਤੇ ਵਿੱਚ ਵੀ ਗਰਮਾਹਟ ਵਧਦੀ ਹੈ। ਔਖੇ ਸਮੇਂ ਵਿੱਚ ਹਾਸਾ ਮੁਸ਼ਕਲਾਂ ਨੂੰ ਗਾਇਬ ਨਹੀਂ ਕਰਦਾ, ਪਰ ਉਨ੍ਹਾਂ ਦੇ ਵਿਚਕਾਰ ਸਾਹ ਲੈਣ ਲਈ ਥੋੜ੍ਹੀ ਜਿਹੀ ਜਗ੍ਹਾ ਜ਼ਰੂਰ ਬਣਾ ਦਿੰਦਾ ਹੈ। ਹਾਸਾ ਇਕੱਲੇ ਬੈਠਿਆਂ ਦੀ ਖੁਸ਼ੀ ਵੀ ਹੈ ਅਤੇ ਦੂਜਿਆਂ ਨਾਲ ਜੁੜਨ ਦਾ ਸੋਹਣਾ ਢੰਗ ਵੀ। ਕਦੇ ਕੋਈ ਪੁਰਾਣਾ ਡਾਇਲਾਗ, ਘਰ ਵਿੱਚ ਹੋਈ ਨਿੱਕੀ ਜਿਹੀ ਗਲਤੀ ਜਾਂ ਦੋਸਤ ਦਾ ਸੁਣਾਇਆ ਕਿਸ ਕਿੱਸਾ ਪੂਰੇ ਦਿਨ ਦਾ ਮੂਡ ਬਦਲ ਦਿੰਦਾ ਹੈ। ਕਈ ਵਾਰ ਤਾਂ ਗੱਲ ਇੰਨੀ ਛੋਟੀ ਹੁੰਦੀ ਹੈ ਕਿ ਹਾਸਾ ਵੱਡਾ ਹੋ ਜਾਂਦਾ ਹੈ।
ਇਹਨਾਂ ਹਾਸਿਆਂ ਦੇ ਪਿੱਛੇ ਸਾਡੀਆਂ ਯਾਦਾ ਜੁੜਿਆਂ ਹੋਇਆ ਹਨ ਜਿਵੇਂ ਕਿ ਹਾਸਿਆਂ ਦੇ ਬਾਦਸ਼ਾਹ ਜਸਪਾਲ ਭੱਟੀ ਨੇ 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਦੂਰਦਰਸ਼ਨ ਲਈ ‘ਉਲਟਾ-ਪੁਲਟਾ’, ‘ਫਲਾਪ ਸ਼ੋਅ’ ਅਤੇ ‘ਫੁੱਲ ਟੈਂਸ਼ਨ’ ਵਰਗੇ ਮਸ਼ਹੂਰ ਵਿਅੰਗਮਈ ਟੈਲੀਵਿਜ਼ਨ ਪ੍ਰੋਗਰਾਮ ਬਣਾਏ। ਉਨ੍ਹਾਂ ਦੇ ਹਾਸੇ ਵਿੱਚ ਮਸਤੀ ਵੀ ਸੀ ਅਤੇ ਸਮਾਜ ਦੀਆਂ ਉਲਝਣਾਂ ਉੱਤੇ ਤਿੱਖੀ ਨਜ਼ਰ ਵੀ।
‘ਉਲਟਾ-ਪੁਲਟਾ’ (1988 ਤੋਂ 1989) ਵਿੱਚ ਛੋਟੀਆਂ, ਮਜ਼ਾਕੀਆ ਵੀਡੀਓ ਕਲਿੱਪਾਂ ਰਾਹੀਂ ਸਰਕਾਰੀ ਦਫ਼ਤਰਾਂ ਦੀ ਭਟਕਣ, ਭ੍ਰਿਸ਼ਟਾਚਾਰ ਅਤੇ ਰੋਜ਼ਾਨਾ ਦੀਆਂ ਸਮੱਸਿਆਵਾਂ ਉੱਤੇ ਚੋਟ ਕੀਤੀ ਜਾਂਦੀ ਸੀ। ਦਫ਼ਤਰ ਦੀ ਇੱਕ ਫਾਈਲ ਕਈ ਵਾਰ ਇੰਨਾ ਚੱਕਰ ਕੱਟਦੀ ਸੀ ਕਿ ਦਰਸ਼ਕ ਨੂੰ ਆਪਣਾ ਸਿਰ ਵੀ ਫਾਈਲ ਵਾਂਗ ਘੁੰਮਦਾ ਮਹਿਸੂਸ ਹੁੰਦਾ।
ਫਿਰ ਜਸਵਿੰਦਰ ਭੱਲਾ ਪੰਜਾਬੀ ਕਾਮੇਡੀ ਦੇ ਉੱਘੇ ਕਲਾਕਾਰ, ਅਦਾਕਾਰ ਅਤੇ ਪ੍ਰੋਫੈਸਰ ਰਹੇ ਹਨ। ਉਨ੍ਹਾਂ ਨੇ 1988 ਵਿੱਚ ‘ਛਣਕਾਟਾ’ ਲੜੀ ਦੀ ਸ਼ੁਰੂਆਤ ਕੀਤੀ। ਇਹ ਹਾਸੇ ਨਾਲ ਉਨ੍ਹਾਂ ਦੇ ਪਿਆਰ ਦੀ ਵਧੀਆ ਮਿਸਾਲ ਹੈ। ਮੰਚ ਉੱਤੇ ਉਹ ਗੰਭੀਰ, ਘੱਟ ਬੋਲਣ ਵਾਲੇ ਅਤੇ ਨਿਰਭਾਵ ਕਲਾਕਾਰ ਵਜੋਂ ਦਿਖਾਈ ਦਿੰਦੇ ਸਨ, ਪਰ ਪਰਦੇ ਪਿੱਛੇ ਦੂਜੇ ਕਲਾਕਾਰਾਂ ਦੇ ਚੁਟਕਲਿਆਂ ਉੱਤੇ ਖੁੱਲ੍ਹ ਕੇ ਹੱਸਦੇ ਸਨ। ਕਲਿੱਪਾਂ ਵਿੱਚ ਉਨ੍ਹਾਂ ਦਾ ਮੇਜ਼ ਥੱਪਥਪਾ ਕੇ ਹੱਸਣਾ ਯਾਦ ਦਿਵਾਉਂਦਾ ਹੈ ਕਿ ਵੱਡਾ ਕਾਮੇਡੀਅਨ ਵੀ ਪਹਿਲਾਂ ਇੱਕ ਸੱਚਾ ਦਰਸ਼ਕ ਹੁੰਦਾ ਹੈ।
ਇਸ ਉਪਰੰਤ ਰਾਜਨੀਤੀ ਵਿੱਚ ਆਉਣ ਅਤੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ, ਭਗਵੰਤ ਮਾਨ ਇੱਕ ਬਹੁਤ ਹੀ ਮਸ਼ਹੂਰ ਅਤੇ ਸਫਲ ਪੰਜਾਬੀ ਕਾਮੇਡੀਅਨ ਸਨ। ਕਾਮੇਡੀ ਦੀ ਦੁਨੀਆ ਵਿੱਚ ਉਨ੍ਹਾਂ ਨੂੰ “ਜੁਗਨੂੰ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਮਾਜਿਕ ਅਤੇ ਸਿਆਸੀ ਮੁੱਦਿਆਂ ‘ਤੇ ਵਿਅੰਗ ਕੱਸਣ ਵਾਲੇ ਉਨ੍ਹਾਂ ਦੇ ਕਈ ਸ਼ੋਅ ਅਤੇ ਐਲਬਮਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੀਆਂ ਹੋਈਆਂ ਹਨ।
ਜੁਗਨੂੰ ਕਹਿੰਦਾ ਹੈ ਇਹ ਅਲਫ਼ਾ ਈਟੀਸੀ ਪੰਜਾਬੀ ‘ਤੇ ਆਉਣ ਵਾਲਾ ਉਨ੍ਹਾਂ ਦਾ ਸਭ ਤੋਂ ਵੱਧ ਪ੍ਰਸਿੱਧ ਸ਼ੋਅ ਸੀ, ਜਿਸ ਵਿੱਚ ਉਹ ਜਗਤਾਰ ਜੱਗੀ ਨਾਲ ਕਾਮੇਡੀ ਕਰਦੇ ਸਨ।
ਜੁਗਨੂੰ ਮਸਤ ਮਸਤ ਜਗਤਾਰ ਜੱਗੀ ਤੋਂ ਬਾਅਦ ਜਦੋਂ ਉਨ੍ਹਾਂ ਦੀ ਜੋੜੀ ਰਾਣਾ ਰਣਬੀਰ ਨਾਲ ਬਣੀ, ਤਾਂ ਇਹ ਸ਼ੋਅ ਕਾਫੀ ਹਿੱਟ ਹੋਇਆ।
ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਸਾਲ 2008 ਵਿੱਚ ਭਗਵੰਤ ਮਾਨ ਨੇ ਇਸ ਰਾਸ਼ਟਰੀ ਪੱਧਰ ਦੇ ਹਿੰਦੀ ਕਾਮੇਡੀ ਸ਼ੋਅ ਵਿੱਚ ਹਿੱਸਾ ਲਿਆ ਅਤੇ ਆਪਣੀ ਸਿਆਸੀ ਕਾਮੇਡੀ ਨਾਲ ਪੂਰੇ ਦੇਸ਼ ਨੂੰ ਹੱਸਾਇਆ। [1]
ਕਾਮੇਡੀ ਕਾ ਕਿੰਗ ਕੌਣ ਸਬ ਟੀਵੀ ਦੇ ਇਸ ਸ਼ੋਅ ਵਿੱਚ ਵੀ ਉਨ੍ਹਾਂ ਨੇ ਕਈ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ।
ਭਗਵੰਤ ਮਾਨ ਅਤੇ ਜੱਗੀ ਦੀ ਜੋੜੀ ਨੇ ਉਸ ਸਮੇਂ ਕਈ ਲੋਕਪ੍ਰਿਯ ਪੇਸ਼ਕਾਰੀਆਂ ਦਿੱਤੀਆਂ, ਜਦੋਂ ਲੋਕ ਕਾਮੇਡੀ ਸੁਣਨ ਲਈ ਕੈਸੇਟਾਂ ਖਰੀਦਦੇ ਸਨ। ਉਨ੍ਹਾਂ ਦੀਆਂ ਆਡੀਓ ਕੈਸੇਟਾਂ ਘਰਾਂ ਵਿੱਚ ਚੱਲਦੀਆਂ ਸਨ ਅਤੇ ਇੱਕ ਕਮਰੇ ਵਿੱਚ ਵੱਜਿਆ ਚੁਟਕਲਾ ਅਕਸਰ ਪੂਰੇ ਘਰ ਨੂੰ ਹਸਾ ਦਿੰਦਾ ਸੀ।
ਕੁਲਫ਼ੀ ਗਰਮਾ ਗਰਮ ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸੁਪਰਹਿੱਟ ਅਤੇ ਵੱਧ ਵਿਕਣ ਵਾਲੀ ਕਾਮੇਡੀ ਐਲਬਮ ਮੰਨੀ ਜਾਂਦੀ ਹੈ। ਕੀ ਮੈਂ ਝੂਠ ਬੋਲਿਆ 2004 ਵਿੱਚ ਆਈ ਇਹ ਵੀਡੀਓ ਐਲਬਮ ਸਿਆਸੀ ਵਿਅੰਗ ਨਾਲ ਭਰਪੂਰ ਸੀ। ਜਸਟ ਲਾਫ਼ ਬਾਕੀ ਮਾਫ਼ ਸਾਲ 2009 ਦੀ ਇੱਕ ਹੋਰ ਚਰਚਿਤ ਕਾਮੇਡੀ ਵੀਡੀਓ। ਹਾਜ਼ਿਰ ਹੋ ਇਸ ਐਲਬਮ ਦੇ ਕਾਮੇਡੀ ਗੀਤ ਜਿਵੇਂ ਕਿ ‘ਲੀਡਰ’ ਅਤੇ ‘ਚਿੱਤਰਾਂ ਦਾ ਹਾਰ’ ਲੋਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ
ਭਗਵੰਤ ਮਾਨ ਨੇ ਬਾਅਦ ਵਿੱਚ ਮਨੋਰੰਜਨ ਦੀ ਦੁਨੀਆ ਤੋਂ ਕਦਮ ਪਿੱਛੇ ਖਿੱਚ ਕੇ ਸਿਆਸਤ ਵਿੱਚ ਪ੍ਰਵੇਸ਼ ਕੀਤਾ ਅਤੇ ਅਖ਼ੀਰ ਪੰਜਾਬ ਦੇ ਮੁੱਖ ਮੰਤਰੀ ਬਣੇ। ਜਗਤਾਰ ਜੱਗੀ ਅੱਜ ਵੀ ਆਪਣੇ ਕਲਾਸਿਕ ਕਾਮੇਡੀ ਦੌਰ ਕਰਕੇ ਜਾਣਿਆ ਜਾਂਦਾ ਹੈ।
ਸਾਨੂੰ ਉਹ ਹਾਸਾ ਸਭ ਤੋਂ ਵੱਧ ਯਾਦ ਰਹਿੰਦਾ ਹੈ ਜਿਸ ਵਿੱਚ ਸਾਡੇ ਨਾਲ ਕੋਈ ਆਪਣਾ ਵੀ ਸ਼ਾਮਲ ਹੋਵੇ। ਭੱਟੀ ਅਤੇ ਭੱਲਾ ਸਾਹਿਬ ਦੀਆਂ ਪੇਸ਼ਕਾਰੀਆਂ ਇਸੇ ਲਈ ਅੱਜ ਵੀ ਮਨਪਸੰਦ ਕਾਮੇਡੀ ਯਾਦਾਂ ਵਿੱਚ ਸ਼ਾਮਲ ਹਨ। ਉਨ੍ਹਾਂ ਦੇ ਪੁਰਾਣੇ ਐਪੀਸੋਡ ਹੁਣ ਨਿਯਮਿਤ ਪ੍ਰਸਾਰਣ ਵਿੱਚ ਭਾਵੇਂ ਨਹੀਂ ਮਿਲਦੇ, ਪਰ ਉਨ੍ਹਾਂ ਦਾ ਤਿੱਖਾ ਵਿਅੰਗ ਅਜੇ ਵੀ ਤਾਜ਼ਾ ਲੱਗਦਾ ਹੈ।
ਉਨ੍ਹਾਂ ਦੀ ਨਕਲ ਸਿਰਫ਼ ਆਵਾਜ਼ ਵਿੱਚ ਨਹੀਂ ਸੀ। ਬੋਲਚਾਲ ਦਾ ਅੰਦਾਜ਼, ਚਿਹਰੇ ਦੇ ਹਾਵ-ਭਾਵ ਅਤੇ ਠਹਿਰਾਅ ਵੀ ਦਰਸ਼ਕਾਂ ਨੂੰ ਯਾਦ ਰਹਿ ਜਾਂਦੇ ਸਨ। ਇਹ ਮਜ਼ਾਕ ਸਿਰਫ਼ ਨੇਤਾਵਾਂ ਦੀ ਨਕਲ ਤੱਕ ਸੀਮਿਤ ਨਹੀਂ ਸਨ, ਸਗੋਂ ਸਿਆਸਤ ਦੇ ਢੰਗਾਂ ਅਤੇ ਆਦਤਾਂ ਉੱਤੇ ਵੀ ਟਿੱਪਣੀ ਕਰਦੇ ਸਨ।
ਕਈ ਵਾਰ ਦੋਵਾਂ ਦੀਆਂ ਰੀਲਾਂ ਅਜੀਬੋ-ਗਰੀਬ ਹਾਲਾਤਾਂ ਕਰਕੇ ਹੋਰ ਵੀ ਹਸਾਉਂਦੀਆਂ ਸਨ। ਕਿਸੇ ਗੰਭੀਰ ਜਾਂ ਪਵਿੱਤਰ ਛਵੀ ਵਾਲੇ ਕਿਰਦਾਰ ਨੂੰ ਰੋਜ਼ਮਰ੍ਹਾ ਦੀ ਬੇਤੁਕੀ ਸਥਿਤੀ ਵਿੱਚ ਰੱਖ ਦਿੱਤਾ ਜਾਂਦਾ, ਤਾਂ ਦ੍ਰਿਸ਼ ਦੀ ਮਜ਼ੇਦਾਰੀ ਦੋਗੁਣੀ ਹੋ ਜਾਂਦੀ। ਚਿਹਰਾ ਗੰਭੀਰ ਰਹਿੰਦਾ ਅਤੇ ਹਾਲਾਤ ਆਪਣੀ ਹੀ ਕਾਮੇਡੀ ਲਿਖਦੇ ਜਾਂਦੇ।
ਭੱਟੀ ਅਤੇ ਭੱਲਾ ਸਾਹਿਬ ਦੀਆਂ ਯਾਦਾਂ ਅੱਜ ਵੀ ਪਰਿਵਾਰਕ ਗੱਲਬਾਤ ਦਾ ਹਿੱਸਾ ਹਨ। ਪੁਰਾਣੀ ਰੀਲ ਚੱਲ ਪਏ ਤਾਂ ਕਈ ਵਾਰ ਘਰ ਦੇ ਵੱਡੇ ਪਹਿਲਾਂ ਹੀ ਡਾਇਲਾਗ ਬੋਲਣ ਲੱਗ ਪੈਂਦੇ ਹਨ, ਫਿਰ ਵੀ ਹਾਸਾ ਘੱਟ ਨਹੀਂ ਹੁੰਦਾ।
ਹਾਸਾ ਦੁੱਖਾਂ ਨੂੰ ਮਿਟਾ ਨਹੀਂ ਸਕਦਾ, ਪਰ ਉਨ੍ਹਾਂ ਦੇ ਵਿਚਕਾਰ ਰੌਸ਼ਨੀ ਜ਼ਰੂਰ ਪੈਦਾ ਕਰਦਾ ਹੈ। ਇਸੇ ਕਰਕੇ ਹਾਸਿਆਂ ਨਾਲ ਜੁੜੀਆਂ ਪਿਆਰ ਭਰੀਆਂ ਯਾਦਾਂ ਸਾਡੇ ਦਿਲ ਵਿੱਚ ਲੰਮਾ ਸਮਾਂ ਵੱਸੀਆਂ ਰਹਿੰਦੀਆਂ ਹਨ। ਕਦੇ ਕਦੇ ਪੁਰਾਣੀ ਰੀਲ ਹੀ ਨਵੀਂ ਹਾਸੀ ਦਾ ਸਭ ਤੋਂ ਵਧੀਆ ਕਾਰਨ ਬਣ ਜਾਂਦੀ ਹੈ।
