ਜਲੰਧਰ (ਮਨੀਸ਼ ਰਿਹਾਨ )ਜਲੰਧਰ ਵਿੱਚ ਐਕਸਾਈਜ਼ ਵਿਭਾਗ ਦੀ ਟੀਮ ਨੇ ਪੁਲਿਸ ਦੇ ਸਹਿਯੋਗ ਨਾਲ ਨਾਜਾਇਜ਼ ਸ਼ਰਾਬ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਐਕਸਾਈਜ਼ ਟੀਮ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਨਾਨਕਪੁਰਾ ਈਸਟ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਹੈ। ਸੂਚਨਾ ਦੇ ਆਧਾਰ ’ਤੇ ਟੀਮ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਇੱਕ ਬ੍ਰੀਜ਼ਾ ਕਾਰ ਦੀ ਡਿੱਗੀ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 25 ਪੇਟੀਆਂ ਅਤੇ ਕਾਰ ਦੀ ਪਿਛਲੀ ਸੀਟ ਤੋਂ ਹੋਰ 15 ਪੇਟੀਆਂ ਬਰਾਮਦ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਇੱਕ ਬੋਲੇਨੋ ਕਾਰ ਵਿੱਚੋਂ ਵੀ 18 ਪੇਟੀਆਂ ਸ਼ਰਾਬ ਬਰਾਮਦ ਹੋਈਆਂ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀਆਂ ਇਹ ਪੇਟੀਆਂ ਅੱਗੇ ਵੇਚਣ ਲਈ ਰੱਖੀਆਂ ਗਈਆਂ ਸਨ। ਕਾਰਵਾਈ ਦੌਰਾਨ ਕਥਿਤ ਤਸਕਰ ਮੌਕੇ ਤੋਂ ਫਰਾਰ ਹੋ ਗਏ।
ਮੁਲਜ਼ਮਾਂ ਦੀ ਪਛਾਣ ਵਰੁਣ ਕਪੂਰ ਵਾਸੀ ਲਕਸ਼ਮੀਪੁਰਾ, ਨਿਤਿਨ ਨਾਗਪਾਲ ਵਾਸੀ ਕੋਟ ਕਿਸ਼ਨ ਚੰਦ ਅਤੇ ਰਾਜੀਵ ਜੀ.ਬੀ. ਵਾਸੀ ਕੋਟ ਕਿਸ਼ਨ ਚੰਦ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਟੀਮ ਵੱਲੋਂ ਕੁੱਲ ਕਰੀਬ 84 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
