ਪੁਲੀਸ ਅਧਿਕਾਰੀ ਅਤੇ ਕਿਡਜ਼ਪਲੇ ਫਾਊਂਡੇਸ਼ਨ ਦੇ ਸੰਸਥਾਪਕ ਕਲਵਿੰਦਰ ਸਿੰਘ (ਕਲ) ਦੋਸਾਂਝ ’ਤੇ ਕਥਿਤ ਤੌਰ ’ਤੇ ਮਲਟੀਮਿਲੀਅਨ ਡਾਲਰ ਦੇ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ ਲਾਏ ਜਾਣ ਤੋਂ ਬਾਅਦ ਵੈਨਕੂਵਰ ਪੁਲੀਸ ਡਿਪਾਰਟਮੈਂਟ (ਵੀ.ਪੀ.ਡੀ.) ਵੱਲੋਂ ਆਪਣੇ ਹੀ ਇੱਕ ਅਧਿਕਾਰੀ ਦੀ ਜਾਂਚ ਕਰਨ ’ਤੇ ਸਵਾਲ ਉੱਠ ਰਹੇ ਹਨ। ਫੋਰਸ ਦੇ 26 ਸਾਲਾਂ ਦੇ ਮੈਂਬਰ ਦੋਸਾਂਝ ਨੂੰ ਪੁਲੀਸ ਵੱਲੋਂ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੱਲੀ ਗੁਪਤ ਜਾਂਚ ਤੋਂ ਬਾਅਦ 3 ਸਤੰਬਰ ਨੂੰ ਸਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਦਾ ਕਹਿਣਾ ਹੈ ਕਿ 2017 ਅਤੇ 2025 ਦੇ ਵਿਚਕਾਰ 19 ਨਿਵੇਸ਼ਕਾਂ ਨੇ 3 ਮਿਲੀਅਨ ਡਾਲਰ ਤੋਂ ਵੱਧ ਦੇ ਨੁਕਸਾਨ ਦੀ ਰਿਪੋਰਟ ਕੀਤੀ ਹੈ। ਚੀਫ਼ ਸਟੀਵ ਰਾਏ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਫੋਰਸ ਦੇ 26 ਸਾਲਾਂ ਦੇ ਮੈਂਬਰ ਅਤੇ ਕਿਡਜ਼ਪਲੇ ਫਾਊਂਡੇਸ਼ਨ ਦੇ ਸੰਸਥਾਪਕ ਕਲਵਿੰਦਰ (ਕਲ) ਡੋਸਾਂਝ ਨੂੰ ਧੋਖਾਧੜੀ, ਚੋਰੀ ਅਤੇ ਭਰੋਸੇ ਦੀ ਉਲੰਘਣਾ ਸਮੇਤ ਨੌਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਸਾਂਝ, ਜੋ ਹਾਲ ਹੀ ਵਿੱਚ ਮੋਟਰਸਾਈਕਲ ਟਰੈਫਿਕ ਅਧਿਕਾਰੀ ਸਨ, ਨੂੰ ਤਨਖਾਹ ਸਮੇਤ ਮੁਅੱਤਲ ਕਰ ਦਿੱਤਾ ਗਿਆ ਸੀ। ਕਲ ਦੋਸਾਂਝ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
ਉਹ ਹਿਰਾਸਤ ਵਿੱਚ ਨਹੀਂ ਹੈ ਪਰ ਸਖ਼ਤ ਜ਼ਮਾਨਤ ਦੀਆਂ ਸ਼ਰਤਾਂ ਤਹਿਤ ਹੈ, ਜਿਸ ਵਿੱਚ ਇੱਕ ਜ਼ਮਾਨਤ ਸੁਪਰਵਾਈਜ਼ਰ ਨੂੰ ਰਿਪੋਰਟ ਕਰਨਾ, ਆਪਣਾ ਪਾਸਪੋਰਟ ਸੌਂਪਣਾ, ਅਤੇ ਕਥਿਤ ਪੀੜਤਾਂ ਨਾਲ ਸੰਪਰਕ ਤੋਂ ਬਚਣਾ ਸ਼ਾਮਲ ਹੈ।
ਇਸ ਦੌਰਾਨ ਦੋਸਾਂਝ ਦੇ ਵਕੀਲ ਜੋਵੇਨ ਨਰਵਾਲ, ਕੇ.ਸੀ. ਨੇ ਵੀ.ਪੀ.ਡੀ. ’ਤੇ ਆਪਣੇ ਹੀ ਮੈਂਬਰਾਂ ਵਿੱਚੋਂ ਇੱਕ ਦੀ ਜਾਂਚ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ, ਜਿਸ ਨਾਲ ਸੁਤੰਤਰਤਾ ਅਤੇ ਨਿਰਪੱਖਤਾ ਬਾਰੇ ਚਿੰਤਾਵਾਂ ਪੈਦਾ ਹੁੰਦੀਆਂ ਹਨ।
ਨਰਵਾਲ ਨੇ ਕਿਹਾ, “ਇਹ ਜਾਂਚ ਦੀ ਸੁਤੰਤਰਤਾ, ਨਿਰਪੱਖਤਾ ਅਤੇ ਉਨ੍ਹਾਂ ਸੁਰੱਖਿਆ ਉਪਾਵਾਂ ਬਾਰੇ ਜਾਇਜ਼ ਚਿੰਤਾਵਾਂ ਪੈਦਾ ਕਰਦਾ ਹੈ ਜੋ ਉਦੋਂ ਵਰਤੇ ਜਾਂਦੇ ਹਨ ਜਦੋਂ ਕੋਈ ਪੁਲੀਸ ਵਿਭਾਗ ਆਪਣੇ ਹੀ ਕਿਸੇ ਮੈਂਬਰ ਦੀ ਜਾਂਚ ਕਰਦਾ ਹੈ।”
ਦੋਸਾਂਝ ਨੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਅਦਾਲਤ ਵਿੱਚ ਆਪਣਾ ਪੂਰਾ ਬਚਾਅ ਕਰਨਗੇ। ਇੱਕ ਬਿਆਨ ਵਿੱਚ ਉਸ ਨੇ ਇਸ ਸਥਿਤੀ ਨੂੰ ਆਪਣੇ ਪਰਿਵਾਰ ਲਈ “ਇੱਕ ਮੁਸ਼ਕਲ ਸਮਾਂ” ਦੱਸਿਆ ਅਤੇ ਭਾਈਚਾਰੇ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਉਸ ਨੇ ਜਨਤਾ ਨੂੰ ਬੇਗੁਨਾਹੀ ਦੀ ਧਾਰਨਾ ਦਾ ਸਤਿਕਾਰ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਆਪਣਾ ਰਾਹ ਅਖ਼ਤਿਆਰ ਕਰਨ ਦੇਣ ਦੀ ਅਪੀਲ ਕੀਤੀ।
ਇਹ ਮਾਮਲਾ ਸਰੀ ਦੀ ਮਿਉਂਸਪਲ ਰਾਜਨੀਤੀ ਵਿੱਚ ਵੀ ਆ ਗਿਆ ਹੈ। ਦੋਸਾਂਝ ਦੀ ਪਤਨੀ ਸੈਂਡੀ, ਜਿਨ੍ਹਾਂ ਨੇ ਸਰੀ ਕੌਂਸਲ ਦੀਆਂ ਚੋਣਾਂ ਤੋਂ ਪਿੱਛੇ ਹਟ ਗਏ ਹਨ, ਨੇ ਆਪਣੇ ਪਤੀ ਦਾ ਬਚਾਅ ਕੀਤਾ, ਇਹ ਜ਼ੋਰ ਦੇ ਕੇ ਕਿ ਉਸ ਨੇ ਕੋਈ ਅਪਰਾਧ ਨਹੀਂ ਕੀਤਾ ਅਤੇ ਸੁਝਾਅ ਦਿੱਤਾ ਕਿ ਦੋਸ਼ ਉਨ੍ਹਾਂ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਹੀ ਸਾਹਮਣੇ ਆਏ ਹਨ।
ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ ਅਤੇ ਨੋਟ ਕੀਤਾ ਹੈ ਕਿ ਦੋਸਾਂਝ ਦੇ ਸਹਿ- ਦੋਸ਼ੀ, ਸਰਬਜੀਤ ਸਿੰਘ ਗਿੱਲ, ਨੂੰ ਧੋਖਾਧੜੀ ਅਤੇ ਚੋਰੀ ਦੇ ਛੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਥਿਤ ਅਪਰਾਧ ਦਸੰਬਰ 2017 ਅਤੇ ਜੁਲਾਈ 2025 ਦੇ ਵਿਚਕਾਰ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਹਿੱਸਿਆਂ ਵਿੱਚ ਹੋਏ ਸਨ।
ਦੋਸਾਂਝ, 50, ਨੇ ਪਹਿਲਾਂ ਵੀ.ਪੀ.ਡੀ. ਦੀ ਵਿੱਤੀ ਅਪਰਾਧ ਯੂਨਿਟ ਵਿੱਚ ਇੱਕ ਸੀਨੀਅਰ ਜਾਸੂਸ ਵਜੋਂ ਸੇਵਾ ਨਿਭਾਈ ਸੀ ਅਤੇ ਖੇਡਾਂ ਅਤੇ ਸਲਾਹਕਾਰ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਗੈਂਗਾਂ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ 2015 ਵਿੱਚ ਕਿਡਜ਼ਪਲੇ ਦੀ ਸਥਾਪਨਾ ਕੀਤੀ ਸੀ।

