Delhi Building Collapse: ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ

Delhi Building Collapse: ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ

ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਲੜਕਿਆਂ ਦੇ ਪੀਜੀ ਵਜੋਂ ਵਰਤੀ ਜਾ ਰਹੀ ਪੰਜ ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਖ਼ਤ ਰੁਖ਼ ਅਪਣਾਉਂਦਿਆਂ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਹਾਦਸੇ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ। ਮੌਕੇ ਦਾ ਦੌਰਾ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਮੁੱਖ ਮੰਤਰੀ ਨੇ ਇਮਾਰਤ ਦੇ ਮਾਲਕ ਖ਼ਿਲਾਫ਼ ਤੁਰੰਤ ਐੱਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਇਮਾਰਤ ਕਾਫੀ ਪੁਰਾਣੀ ਸੀ ਅਤੇ ਇਸ ਦੇ ਬੇਸਮੈਂਟ ਵਿੱਚ ਖੁਦਾਈ ਹੋ ਰਹੀ ਸੀ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਇੱਕ ਪਿਲਰ ਖਿਸਕਣ ਕਾਰਨ ਪੂਰੀ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ।

ਹਾਦਸੇ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਘਟਨਾ ਸਥਾਨ ਅਤੇ ਏਮਜ਼ (AIIMS) ਟਰੌਮਾ ਸੈਂਟਰ ਜਾ ਕੇ ਜ਼ਖਮੀ ਵਿਦਿਆਰਥੀਆਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਬਚਾਅ ਟੀਮਾਂ ਨੇ ਹੁਣ ਤੱਕ 11 ਜਣਿਆਂ ਨੂੰ ਸੁਰੱਖਿਅਤ ਕੱਢ ਲਿਆ ਹੈ, ਜਦਕਿ ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ ਚਾਹੇ ਉਹ ਇਮਾਰਤ ਦਾ ਮਾਲਕ ਹੋਵੇ ਜਾਂ ਕੋਈ ਅਧਿਕਾਰੀ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਤਹਿਤ ਸਖ਼ਤ ਤਹਿਤ ਕਾਰਵਾਈ ਕੀਤੀ ਜਾਵੇਗੀ।

ਦੱਖਣੀ ਦਿੱਲੀ ਵਿੱਚ ਇਮਾਰਤ ਡਿੱਗਣ ਤੋਂ ਬਾਅਦ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਬਚਾਅ ਕਾਰਜਾਂ ਵਿੱਚ ਵਟਾਇਆ ਹੱਥ

ਦੱਖਣੀ ਦਿੱਲੀ ਦੇ ਸਤਿਆ ਨਿਕੇਤਨ ਵਿੱਚ ਡਿੱਗੀ ਪੀਜੀ ਦੀ ਇਮਾਰਤ ਦੇ ਹੇਠਾਂ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਏਜੰਸੀਆਂ ਦੇ ਪਹੁੰਚਣ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਮਲਬਾ ਹਟਾਉਣ ਦਾ ਕੰਮ ਖੁਦ ਅਰੰਭਿਆ।

ਦੁਪਹਿਰ 1:30 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਨੇ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਇੱਕ ਤੰਗ ਗਲੀ ਨੂੰ ਤੇਜ਼ ਬਚਾਅ ਕਾਰਜਾਂ ਦਾ ਸਥਾਨ ਬਣਾ ਦਿੱਤਾ। ਵਿਦਿਆਰਥੀ ਉਸ ਜਗ੍ਹਾ ਵੱਲ ਭੱਜੇ ਜਿੱਥੇ ਕੁਝ ਮਿੰਟ ਪਹਿਲਾਂ ਇਮਾਰਤ ਖੜ੍ਹੀ ਸੀ, ਇਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਦੋਸਤਾਂ ਅਤੇ ਸਾਥੀਆਂ ਨੂੰ ਲੱਭ ਰਹੇ ਸਨ ਜੋ ਪੰਜ ਮੰਜ਼ਿਲਾ ਇਮਾਰਤ ਵਿੱਚ ਰਹਿੰਦੇ ਸਨ। ਉੱਥੇ ਹੀ ਸਥਾਨਕ ਲੋਕਾਂ ਨੇ ਵੀ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਹੱਥ-ਕੰਢੇ ਮਾਰਨੇ ਸ਼ੁਰੂ ਕਰ ਦਿੱਤੇ।

ਦਿੱਲੀ ਯੂਨੀਵਰਸਿਟੀ ਦੀ ਲਾਅ ਫੈਕਲਟੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਅਭਿਸ਼ੇਕ ਮਿਸ਼ਰਾ, ਜੋ ਇਮਾਰਤ ਦੇ ਨੇੜੇ ਸਨ, ਨੇ ਕਿਹਾ, “ਅਸੀਂ ਬਹੁਤ ਤੇਜ਼ ਗੂੰਜਣ ਦੀ ਆਵਾਜ਼ ਸੁਣੀ ਅਤੇ ਅਚਾਨਕ ਜਿਨ੍ਹਾਂ ਕੁਰਸੀਆਂ ‘ਤੇ ਅਸੀਂ ਬੈਠੇ ਸੀ, ਉਹ ਹਿੱਲਣ ਲੱਗੀਆਂ। ਸਾਨੂੰ ਭੁਚਾਲ ਵਰਗਾ ਮਹਿਸੂਸ ਹੋਇਆ। ਫਿਰ ਅਸੀਂ ਸੱਜੇ ਪਾਸੇ ਧੂੜ ਦਾ ਇੱਕ ਵੱਡਾ ਬੱਦਲ ਦੇਖਿਆ।”

ਉਨ੍ਹਾਂ ਕਿਹਾ, “ਹਰ ਕੋਈ ਇਮਾਰਤ ਵੱਲ ਭੱਜਣ ਲੱਗਾ। ਮੌਕੇ ‘ਤੇ ਬਹੁਤ ਸਾਰੇ ਵਿਦਿਆਰਥੀ ਅਤੇ ਸਥਾਨਕ ਲੋਕ ਸਨ। ਅਸੀਂ ਸਾਰਿਆਂ ਨੇ ਮਿਲ ਕੇ ਹੱਥ ਵਧਾਇਆ ਅਤੇ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ।”

ਵਿਦਿਆਰਥੀਆਂ ਅਤੇ ਨਿਵਾਸੀਆਂ ਨੇ ਮਲਬੇ ਦੇ ਛੋਟੇ ਟੁਕੜਿਆਂ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ, “ਅਸੀਂ ਇੱਕ ਮਨੁੱਖੀ ਲੜੀ ਬਣਾਈ ਕਿਉਂਕਿ ਇੱਥੇ ਬਹੁਤ ਜ਼ਿਆਦਾ ਮਲਬਾ ਸੀ ਅਤੇ ਇਸਨੂੰ ਜਲਦੀ ਸਾਫ਼ ਕਰਨਾ ਪੈਣਾ ਸੀ।”

ਉਨ੍ਹਾਂ ਨੇ ਪਲੇਟਾਂ, ਪਲਾਸਟਿਕ ਦੀਆਂ ਬੋਤਲਾਂ, ਟੁੱਟੀਆਂ ਪਾਈਪਾਂ, ਟਾਇਲਟ ਦੇ ਪੁਰਜ਼ੇ, ਕੰਕਰੀਟ ਦੇ ਟੁਕੜੇ ਅਤੇ ਮੁੜੇ ਹੋਏ ਲੋਹੇ ਦੇ ਸਰੀਏ ਹੱਥਾਂ ਨਾਲ ਹਟਾਏ। ਭਾਰੀ ਮਲਬੇ ਨੂੰ ਸਾਫ਼ ਕਰਨ ਲਈ ਜੇ ਸੀ ਬੀ (JCB) ਮਸ਼ੀਨਾਂ ਲਿਆਂਦੀਆਂ ਗਈਆਂ, ਪਰ ਵਿਦਿਆਰਥੀਆਂ ਨੇ ਮਲਬੇ ਦੇ ਉਨ੍ਹਾਂ ਹਿੱਸਿਆਂ ਨੂੰ ਚੁੱਕ ਕੇ ਮਦਦ ਜਾਰੀ ਰੱਖੀ ਜਿਨ੍ਹਾਂ ਨੂੰ ਮਸ਼ੀਨੀ ਤੌਰ ‘ਤੇ ਨਹੀਂ ਹਟਾਇਆ ਜਾ ਸਕਦਾ ਸੀ। ਅਭਿਸ਼ੇਕ ਨੇ ਕਿਹਾ, “ਮੈਂ ਉੱਥੇ ਰਹਿ ਰਹੇ ਕਈ ਵਿਦਿਆਰਥੀਆਂ ਨੂੰ ਜਾਣਦਾ ਸੀ। ਇਸੇ ਕਰਕੇ ਜਦੋਂ ਇਮਾਰਤ ਡਿੱਗੀ, ਤਾਂ ਆਸ-ਪਾਸ ਦੇ ਵਿਦਿਆਰਥੀ ਤੁਰੰਤ ਬਾਹਰ ਆ ਗਏ। ਕੋਈ ਵੀ ਉੱਥੇ ਇਹ ਦੱਸਣ ਲਈ ਇੰਤਜ਼ਾਰ ਨਹੀਂ ਕਰ ਰਿਹਾ ਸੀ ਕਿ ਕੀ ਕਰਨਾ ਹੈ। ਲੋਕਾਂ ਨੇ ਬੱਸ ਮਦਦ ਕਰਨੀ ਸ਼ੁਰੂ ਕਰ ਦਿੱਤੀ।”

ਕਈ ਵਿਦਿਆਰਥੀਆਂ ਨੇ ਕਿਹਾ ਕਿ ਇਸ ਹਾਦਸੇ ਨੇ ਇਲਾਕੇ ਵਿੱਚ ਪੀਜੀ ਰਿਹਾਇਸ਼ਾਂ ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਉਜਾਗਰ ਕਰ ਦਿੱਤਾ ਹੈ।

ਵਿਦਿਆਰਥੀਆਂ ਨੇ ਕਿਹਾ ਕਿ ਇਮਾਰਤ ਬਹੁਤ ਪੁਰਾਣੀ ਸੀ ਪਰ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਇਸ ਨੂੰ ਰੰਗ ਕੀਤਾ ਜਾਂਦਾ ਸੀ, ਜਿਸ ਨਾਲ ਮਾਪਿਆਂ ਅਤੇ ਹੋਰਾਂ ਨੂੰ ਇਹ ਪ੍ਰਭਾਵ ਜਾਂਦਾ ਸੀ ਕਿ ਇਹ ਮੁਕਾਬਲਤਨ ਨਵੀਂ ਅਤੇ ਚੰਗੀ ਤਰ੍ਹਾਂ ਸਾਂਭੀ ਹੋਈ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਮਾਰਤ ਦੀਆਂ ਜਾਂਚਾਂ ਸ਼ਾਇਦ ਹੀ ਕਦੇ ਕੀਤੀਆਂ ਜਾਂਦੀਆਂ ਹੋਣ।

Share: