Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਵੈਨਕੂਵਰ : ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ ਪੁਲੀਸ ਦੇ ਅਧਿਕਾਰੀ ਕਲਵਿੰਦਰ ਸਿੰਘ ਉਰਫ ਕੈਲ ਦੋਸਾਂਝ (50) ਦੀ ਪਤਨੀ ਸੈਂਡੀ ਦੋਸਾਂਝ ਸਿਟੀ ਆਫ ਸਰੀ ਦੀਆਂ ਚੋਣਾਂ ਚੋਂ ਲਾਂਭੇ ਹੋ ਗਈ ਹੈ।  ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਉਸ ਨੇ ਕੌਂਸਲ ਕੰਜਰਵੇਟਿਵ ਪਾਰਟੀ ਦੀ ਉਮੀਦਵਾਰ ਵਜੋਂ ਆਪਣੀ ਚੋਣ ਮੁਹਿੰਮ ਵਿੱਢੀ ਹੋਈ ਸੀ। ਪਰ ਸੈਂਡੀ ਦੀ ਪਾਰਟੀ ਨੇ ਉਸ ਦੀ ਉਮੀਦਵਾਰੀ ਰੱਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਕਲਵਿੰਦਰ ਦੀ ਪਤਨੀ ਦਾ ਕਹਿਣਾ ਹੈ ਕਿ ਉਸਦਾ ਪਤੀ ਬਿਲਕੁਲ ਨਿਰਦੋਸ਼ ਹੈ ਤੇ ਅਦਾਲਤ ਚੋਂ ਬਾਇਜ਼ਤ ਬਰੀ ਹੋਏਗਾ।

ਸੈਂਡੀ ਦੋਸਾਂਝ ਨੇ ਵੈਨਕੂਵਰ ਪੁਲੀਸ ਤੇ ਦੋਸ਼ ਲਾਏ ਕਿ ਕੱਲ੍ਹ ਉਹ ਬਿਨਾਂ ਕਿਸੇ ਸੂਚਨਾ ਜਬਰੀ ਘਰ ਵਿੱਚ ਦਾਖਲ ਹੋਏ ਅਤੇ ਸਾਰੇ ਘਰ ਦੀ ਤਲਾਸ਼ੀ ਕਰਕੇ , ਉਨ੍ਹਾਂ ਦਾ ਮਰਜ਼ੀ ਤੋਂ ਬਗੈਰ ਕਈ ਦਸਤਾਵੇਜ ਆਪਣੇ ਨਾਲ ਲੈ ਗਏ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਵੈਨਕੂਵਰ ਪੁਲੀਸ ਵੱਲੋਂ ਇੱਕ ਸਾਥੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਕਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਨੂੰ ਵੈਨਕੂਵਰ ਪੁਲੀਸ ਬੋਰਡ ਨੇ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ। ਵੈਨਕੂਵਰ ਪੁਲੀਸ ਦੇ ਮੁਖੀ ਸਤਵਿੰਦਰ ਸਿੰਘ ਰਾਏ ਉਰਫ ਸਟੀਵ ਰਾਏ ਨੇ ਪੱਤਰਕਾਰ ਸੰਮੇਲਨ ’ਚ ਦੱਸਿਆ ਕਿ ਢਾਈ ਸਾਲ ਚੱਲੀ ਜਾਂਚ ਦੌਰਾਨ ਵੱਡੀ ਗਿਣਤੀ ਲੋਕ ਕੈਲ ਵਲੋਂ ਉਨ੍ਹਾਂ ਦੀਆਂ ਰਕਮਾਂ ਦੱਬਣ ਦੀਆਂ ਸ਼ਿਕਾਇਤਾਂ ਲੈਕੇ ਆਏ, ਪਰ ਬਹੁਤੇ ਆਪਣੀਆਂ ਰਕਮਾਂ ਦੇ ਸਰੋਤਾਂ ਦਾ ਸਬੂਤ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਮਿਲੇ ਸਬੂਤਾਂ ਅਨੁਸਾਰ 19 ਲੋਕਾਂ ਦੇ 30 ਲੱਖ ਡਾਲਰ ਦੇ ਘਪਲੇ ਦੇ ਸਬੂਤ ਮਿਲੇ, ਜਿਸ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਕੈਲ ਵਿਰੁੱਧ 9 ਅਤੇ ਸਾਥੀ ਵਿਰੁੱਧ 8 ਧਾਰਾਵਾਂ ਜੋੜੀਆਂ ਗਈਆਂ।

Share: