Floating Island: ਕੈਨੇਡਾ ਦੀ ਝੀਲ ’ਚ ਤੈਰਦਾ ਟਾਪੂ 30 ਕਿਲੋਮੀਟਰ ਦੂਰ ਪੁੱਜਾ

Floating Island: ਕੈਨੇਡਾ ਦੀ ਝੀਲ ’ਚ ਤੈਰਦਾ ਟਾਪੂ 30 ਕਿਲੋਮੀਟਰ ਦੂਰ ਪੁੱਜਾ

ਵਿਨੀਪੈੱਗ : ਉੱਤਰੀ ਬ੍ਰਿਟਿਸ਼ ਕੋਲੰਬੀਆ ਦੀ ਵਿਲਿਸਟਨ ਝੀਲ ਵਿੱਚ ਅਜਿਹਾ ਟਾਪੂ ਤੈਰ ਰਿਹਾ ਹੈ, ਜਿਸ ਨੇ ਲੋਕਾਂ ਦੀ ਹੈਰਾਨੀ ਦੇ ਨਾਲ-ਨਾਲ ਬੀ ਸੀ ਹਾਈਡਰੋ ਦੀ ਚਿੰਤਾ ਵੀ ਵਧਾ ਦਿੱਤੀ ਹੈ। ਪਾਣੀ ਦੇ ਵਿਚਕਾਰ ਅਚਾਨਕ ਉੱਭਰਿਆ ‘ਟਾਪੂ’ ਹੁਣ ਖ਼ੁਦ ਪਾਣੀ ਨਾਲ ਹੀ ਆਪਣੀ ਥਾਂ ਬਦਲ ਰਿਹਾ ਹੈ। ਦਰੱਖਤਾਂ, ਝਾੜੀਆਂ ਅਤੇ ਬਨਸਪਤੀ ਨਾਲ ਢਕਿਆ ਇਹ ਵਿਸ਼ਾਲ ਤੈਰਦਾ ਢਾਂਚਾ ਸਿਰਫ਼ ਦੋ ਹਫ਼ਤਿਆਂ ਵਿੱਚ ਕਰੀਬ 30 ਕਿਲੋਮੀਟਰ ਦੂਰ ਵਹਿ ਗਿਆ ਹੈ।ਪਹਿਲੀ ਨਜ਼ਰ ਵਿੱਚ ਇਹ ਕਿਸੇ ਅਸਲੀ ਟਾਪੂ ਵਰਗਾ ਦਿਖਾਈ ਦਿੰਦਾ ਹੈ ਪਰ ਇਸ ਦੇ ਹੇਠਾਂ ਕੋਈ ਠੋਸ ਜ਼ਮੀਨ ਨਹੀਂ। ਅਧਿਕਾਰੀਆਂ ਮੁਤਾਬਕ ਇਹ ਲੱਕੜਾਂ, ਮਿੱਟੀ, ਜੜ੍ਹਾਂ, ਸੜ ਰਹੇ ਜੈਵਿਕ ਮਲਬੇ ਅਤੇ ਬਨਸਪਤੀ ਦਾ ਵੱਡਾ, ਪਰ ਅਸਥਿਰ ਤੈਰਦਾ ਢੇਰ ਹੈ। 21 ਜੁਲਾਈ ਨੂੰ ਯੂਰੋਪੀਅਨ ਸਪੇਸ ਏਜੰਸੀ ਦੇ ਸੈਂਟੀਨੇਲ-2 ਸੈਟੇਲਾਈਟ ਨੇ ਇਸ ਨੂੰ ਪਹਿਲੀ ਵਾਰ ਪਾਣੀ ਵਿੱਚ ਹਰੇ ਧੱਬੇ ਵਾਂਗ ਦਰਜ ਕੀਤਾ ਸੀ। ਉਸ ਵੇਲੇ ਇਹ ਡਬਲਿਊ ਏ ਸੀ ਬੈਨੇਟ ਡੈਮ ਤੋਂ ਤਕਰੀਬਨ 100 ਕਿਲੋਮੀਟਰ ਪੱਛਮ ਵੱਲ ਸੀ। ਬਾਅਦ ਵਿੱਚ ਇਹ ਨਜ਼ਰੋਂ ਓਹਲੇ ਹੋ ਗਿਆ। 31 ਅਗਸਤ ਨੂੰ ਇਹ ਓਸਪਿਕਾ ਦਰਿਆ ਨੇੜੇ ਮੁੜ ਦਿਖਾਈ ਦਿੱਤਾ। ਇਸ ਦੀਆਂ ਤਸਵੀਰਾਂ ਅਤੇ ਵੀਡੀਓ ਮੈਕੈਂਜ਼ੀ ਖੇਤਰ ਦੇ ਵਸਨੀਕ ਅਤੇ ਕਿਸ਼ਤੀ ਚਾਲਕ ਰੌਕੀ ਐਵਰੀ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਵੀਡੀਓ ਵਿੱਚ ਕਿਸ਼ਤੀ ਦੀਆਂ ਲਹਿਰਾਂ ਨਾਲ ਇਹ ‘ਟਾਪੂ’ ਪਾਣੀ ਉੱਤੇ ਉੱਪਰ-ਹੇਠਾਂ ਹੁੰਦਾ ਦਿਖਾਈ ਦਿੰਦਾ ਹੈ। ਬੀਸੀ ਹਾਈਡਰੋ ਦੇ ਬੌਬ ਗੇਮਰ ਮੁਤਾਬਕ ਸੰਭਾਵਨਾ ਹੈ ਕਿ ਇਹ ਸਮੱਗਰੀ ਕਈ ਸਾਲਾਂ ਤੋਂ ਕਿਸੇ ਸੁਰੱਖਿਅਤ ਖਾੜੀ ਵਿੱਚ ਕੰਢੇ ਨਾਲ ਇਕੱਠੀ ਹੋ ਰਹੀ ਸੀ। ਇਸ ਸਾਲ ਵਿਲਿਸਟਨ ਜਲ ਭੰਡਾਰ ਵਿੱਚ ਪਾਣੀ 14 ਸਾਲਾਂ ਵਿੱਚ ਪਹਿਲੀ ਵਾਰ ਪੂਰੀ ਸਮਰੱਥਾ ਤੱਕ ਪਹੁੰਚਿਆ। ਵਧੇ ਪਾਣੀ ਨੇ ਸ਼ਾਇਦ ਇਸ ਭਾਰੀ ਢੇਰ ਨੂੰ ਕੰਢੇ ਤੋਂ ਤੋੜ ਕੇ ਪਾਣੀ ਵਿੱਚ ਛੱਡ ਦਿੱਤਾ। ਤਕਰੀਬਨ 140 ਮੀਟਰ ਲੰਮੇ ਅਤੇ 70 ਮੀਟਰ ਚੌੜੇ ਇਸ ਤੈਰਦੇ ਢਾਂਚੇ ਬਾਰੇ ਹੁਣ ਸੁਰੱਖਿਆ ਚਿੰਤਾ ਵਧ ਗਈ ਹੈ। ਬੀ ਸੀ ਹਾਈਡਰੋ ਅਨੁਸਾਰ ਤੇਜ਼ ਹਵਾ, ਵੱਡੀਆਂ ਲਹਿਰਾਂ ਜਾਂ ਕਿਸੇ ਕਿਸ਼ਤੀ ਦੀ ਟੱਕਰ ਇਸ ਨੂੰ ਟੁਕੜਿਆਂ ਵਿੱਚ ਵੰਡ ਸਕਦੀ ਹੈ। ਇਸ ਲਈ ਉਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜੀਬ ਤੈਰਦੇ ਟਾਪੂ ਨੂੰ ਦੂਰੋਂ ਦੇਖਣ ਪਰ ਕਿਸ਼ਤੀ ਲੈ ਕੇ ਇਸ ਦੇ ਨੇੜੇ ਜਾਣ ਜਾਂ ਇਸ ਉੱਤੇ ਚੜ੍ਹ ਕੇ ਇਸ ਦਾ ਭੇਤ ਜਾਣਨ ਦੀ ਕੋਸ਼ਿਸ਼ ਨਾ ਕਰਨ।

Share: