ਕਾਠਮੰਡੂ : ਨੇਪਾਲ ’ਚ ਹੜ੍ਹਾਂ ਮਗਰੋਂ ਜਾਰੀ ਬਚਾਅ ਤੇ ਰਾਹਤ ਕਾਰਜਾਂ ਦੌਰਾਨ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 1,204 ਹੋ ਗਈ ਹੈ। ਇਸੇ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਪਏ ਮੀਂਹ ਤੋਂ ਬਾਅਦ ਤਿੰਨ ਵੱਡੀਆਂ ਨਦੀਆਂ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲੇ ਜਾਣ ਕਾਰਨ ਅੱਜ ਅਧਿਕਾਰੀਆਂ ਨੇ ਦੇਸ਼ ਦੇ ਮੱਧ, ਪੱਛਮੀ ਅਤੇ ਪੂਰਬੀ ਹਿੱਸਿਆਂ ’ਚ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇਪਾਲ ’ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 1,204 ਹੋ ਗਈ ਹੈ। ਬਚਾਅ ਕਰਮੀ ਹਜ਼ਾਰਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਪੁਲੀਸ ਅਨੁਸਾਰ ਚਿਤਵਨ ਤੋਂ 348, ਨਵਲਪਰਾਸੀ ਪੂਰਬੀ ਤੋਂ 217, ਨਵਲਪਰਾਸੀ ਪੱਛਮੀ ਤੋਂ 190 ਅਤੇ ਨੁਵਾਕੋਟ ਤੋਂ 155 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਗੋਰਖਾ ਤੋਂ 66, ਧਾਦਿੰਗ ਤੋਂ 59, ਰਸੁਵਾ ਤੋਂ 45 ਅਤੇ ਤਨੂ ਤੋਂ 38 ਲਾਸ਼ਾ ਮਿਲੀਆਂ ਹਨ। ਉੱਧਰ ਨੇਪਾਲ ਦੇ ਪਾਣੀ ਅਤੇ ਮੌਸਮ ਵਿਗਿਆਨ ਵਿਭਾਗ ਅਨੁਸਾਰ ਦੋ ਸਤੰਬਰ ਨੂੰ ਸਵੇਰੇ ਛੇ ਵਜੇ ਤੱਕ ਸਿੰਧੂਲੀ ਜ਼ਿਲ੍ਹੇ ’ਚ ਸੁਨ ਕੋਸ਼ੀ ਨਦੀ, ਗੋਰਖਾ ’ਚ ਬੂੜੀ ਗੰਡਕੀ ਨਦੀ ਅਤੇ ਡਡੇਲਧੁਰਾ ’ਚ ਮਹਾਕਾਲੀ ਨਦੀ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਸੀ। ਵਿਭਾਗ ਅਨੁਸਾਰ ਬੀਤੇ ਦਿਨ ਲਾਮਜੁੰਗ ਜ਼ਿਲ੍ਹੇ ’ਚ ਮਾਰਸਿਆਂਗਦੀ ਨਦੀ ’ਚ ਪਾਣੀ ਦਾ ਪੱਧਰ ਰਾਤ 11.55 ਵਜੇ ਭੁਕੁੰਡੇਬੇਸੀ ਜਲ ਪੱਧਰ ਨਿਗਰਾਨੀ ਕੇਂਦਰ ’ਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਦਰਜ ਕੀਤਾ ਗਿਆ ਸੀ। ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਮਾਰਸਿਆਂਗਦੀ ਨਦੀ ’ਚ ਪਾਣੀ ਦਾ ਪੱਧਰ ਹਾਲੇ ਵੀ ਵਧ ਰਿਹਾ ਹੈ। ਐੱਨ ਡੀ ਆਰ ਆਰ ਐੱਮ ਏ ਨੇ ਹੇਠਲੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
Posted inNepal
Nepal Floods ਕਾਰਨ ਹੁਣ ਤੱਕ 1200 ਤੋਂ ਵੱਧ ਮੌਤਾਂ

