ਮਜੀਠਾ : ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਮਜੀਠਾ ਹਲਕੇ ਦੇ ਕਸਬਾ ਚਵਿੰਡਾ ਦੇਵੀ ਵਿੱਚ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਤਿੱਖਾ ਸਿਆਸੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਹਲਕੇ ’ਚੋਂ ਮਜੀਠੀਆ ਦਾ ‘ਗੁੰਡਾ ਰਾਜ’ ਹੁਣ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਪਰਿਵਾਰ ਦੇਸ਼ ਦਾ ਗ਼ੱਦਾਰ ਹੈ, ਜਿਸ ਨੇ ਜੱਲ੍ਹਿਆਂਵਾਲਾ ਬਾਗ ਦੇ ਗੋਲੀਕਾਂਡ ਵਾਲੀ ਰਾਤ ਜਨਰਲ ਡਾਇਰ ਨੂੰ ਆਪਣੇ ਘਰ ਖਾਣਾ ਖਵਾਇਆ ਸੀ। ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਆਪਣੀ ਹੋਂਦ ਬਚਾਉਣ ਲਈ ਭਾਜਪਾ ਨਾਲ ਗੱਠਜੋੜ ਕਰਨ ਦੀਆਂ ਮਿੰਨਤਾਂ ਕਰ ਰਹੀ ਹੈ। ਅਕਾਲੀ ਸਰਕਾਰ ਵੇਲੇ ਸ਼ਰ੍ਹੇਆਮ ਨਸ਼ਾ ਵਿਕਦਾ ਸੀ ਅਤੇ ਇਹ ਲੋਕ ਪੰਜਾਬ ਦੀ ਜਵਾਨੀ ਦੇ ਕਾਤਲ ਹਨ। ਅਕਾਲੀ ਦਲ ਦਾ ਸਿਆਸੀ ਬੇੜਾ ਡੁੱਬ ਚੁੱਕਾ ਹੈ ਅਤੇ ਉਹ ਹੁਣ ਭਾਜਪਾ ਦੀ ਬੇੜੀ ਵਿੱਚ ਸਵਾਰ ਹੋਣ ਲਈ ਤਰਲੋਮੱਛੀ ਹੋ ਰਹੇ ਹਨ। ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਹਸਪਤਾਲ ਵਿੱਚ ਦਾਖ਼ਲ ਉਸ 90 ਸਾਲਾ ਬਜ਼ੁਰਗ ਵਰਗੀ ਹੈ, ਜਿਸ ਬਾਰੇ ਡਾਕਟਰ ਘਰ ਲਿਜਾ ਕੇ ਸੇਵਾ ਕਰਨ ਲਈ ਕਹਿ ਦਿੰਦੇ ਹਨ। ਕਾਂਗਰਸ ਹੁਣ ਆਖ਼ਰੀ ਸਾਹਾਂ ’ਤੇ ਹੈ। ਕੁਰਸੀ ਦੀ ਲੜਾਈ ਹੀ ਕਾਂਗਰਸ ਦੇ ਪਤਨ ਦਾ ਕਾਰਨ ਬਣੀ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਨਿਜਾਤ ਮਿਲ ਚੁੱਕੀ ਹੈ ਅਤੇ ਲੋਕ 2027 ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਉਨ੍ਹਾਂ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਕਾਰਜਾਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਗਰਾਂਟਾਂ ਦੀ ਕੋਈ ਕਮੀ ਨਹੀਂ ਰਹੇਗੀ।
Posted inAmritsar
ਭਾਜਪਾ ਦੀਆਂ ਮਿੰਨਤਾਂ ’ਤੇ ਉਤਰਿਆ ਅਕਾਲੀ ਦਲ: CM Mann

