ਚੰਡੀਗੜ੍ਹ : ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਤਿੰਨ ਸਾਲ ਬੀਤਣ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ। ਇਸ ਆਡੀਓ ਕਲਿੱਪ ਵਿੱਚ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਸ ਅਤੇ ਉਸ ਦੇ ਸਾਥੀਆਂ ਨੇ ਹੀ ਹਰਦੀਪ ਸਿੰਘ ਨਿੱਝਰ ਦਾ ਕਤਲ ਕੀਤਾ ਸੀ। ਗੋਲਡੀ ਬਰਾੜ (ਜਿਸ ਦਾ ਅਸਲੀ ਨਾਮ ਸਤਿੰਦਰਜੀਤ ਸਿੰਘ ਹੈ ਅਤੇ ਜੋ ਪੰਜਾਬ ਦੇ ਫ਼ਰੀਦਕੋਟ ਦਾ ਰਹਿਣ ਵਾਲਾ ਹੈ) ਇਸ ਆਡੀਓ ਵਿੱਚ ਖਾਲਿਸਤਾਨ ਪੱਖੀ ਪਰਮਜੀਤ ਸਿੰਘ ਪੰਮਾ ਨਾਲ ਗੱਲ ਕਰਦਾ ਸੁਣਾਈ ਦੇ ਰਿਹਾ ਹੈ, ਹਾਲਾਂਕਿ ਇਸ ਆਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਬਰਾੜ ਨੇ ਦਾਅਵਾ ਕੀਤਾ ਕਿ ਨਿੱਝਰ ਨੂੰ ਉਸ ਦੇ ਸਾਥੀਆਂ ਨੇ ਇਸ ਲਈ ਮਾਰਿਆ ਗਿਆ ਕਿਉਂਕਿ ਉਹ ਨੌਜਵਾਨਾਂ ਨੂੰ ਨਸ਼ੇ ਵੇਚਣ ਲਈ ਵਰਤਦਾ ਸੀ। ਉਸ ਨੇ ਦੋਸ਼ ਲਾਇਆ ਕਿ ਨਿੱਝਰ 16-17 ਸਾਲ ਦੇ ਬੱਚਿਆਂ ਨੂੰ ਨਸ਼ਾ ਵੇਚਣ ਲਈ ਉਕਸਾਉਂਦਾ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਹੋਣ ਕਾਰਨ ਅਮਰੀਕੀ ਜਾਂਚ ਏਜੰਸੀ ਐੱਫ ਬੀ ਆਈ ਨੇ ਵੀ ਪਿਛਲੇ ਮਹੀਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ 50,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ।
ਨਿੱਝਰ ਦਾ ਕਤਲ, ਕੈਨੇਡਾ-ਭਾਰਤ ਸਬੰਧ ਅਤੇ ਕਾਨੂੰਨੀ ਕਾਰਵਾਈ
ਕੈਨੇਡਾ ਦੇ ਸਿਟੀਜ਼ਨ ਹਰਦੀਪ ਸਿੰਘ ਨਿੱਝਰ ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ’ਤੇ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਸਰਕਾਰੀ ਅਧਿਕਾਰੀਆਂ ਉੱਤੇ ਹੱਥ ਹੋਣ ਦੇ ਦੋਸ਼ ਲਾਏ ਸਨ, ਜਿਸ ਨੂੰ ਭਾਰਤ ਸਰਕਾਰ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਹਾਲ ਹੀ ਵਿੱਚ ਕੈਨੇਡੀਅਨ ਪੁਲੀਸ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਭਾਰਤੀ ਅਧਿਕਾਰੀਆਂ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ। ਅਮਰੀਕੀ ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਮੁਤਾਬਕ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦਾ ਹੁਕਮ ਦਿੱਤਾ ਸੀ ਅਤੇ ਅਮਰੀਕਾ ਨੇ ਇਸ ਸਬੰਧ ਵਿੱਚ ਬਿਸ਼ਨੋਈ ਅਤੇ ਬਰਾੜ ਵਿਰੁੱਧ ਦੋਸ਼ ਵੀ ਤੈਅ ਕੀਤੇ ਹਨ। ਗੋਲਡੀ ਬਰਾੜ ਖ਼ਿਲਾਫ਼ ਭਾਰਤ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ। ਭਾਰਤੀ ਏਜੰਸੀਆਂ ਅਨੁਸਾਰ ਉਹ ਪਾਬੰਦੀਸ਼ੁਦਾ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਇੰਟਰਪੋਲ ਵੱਲੋਂ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਭਾਰਤ ਸਰਕਾਰ ਉਸ ਨੂੰ ਦਹਿਸ਼ਤਗਰਦ ਐਲਾਨ ਚੁੱਕੀ ਹੈ।

