ਖੰਨਾ : ਇੱਥੇ ਭਾਦਲਾ ਰੋਡ ’ਤੇ ਲੋਹੇ ਦੀ ਫੈਕਟਰੀ ਦੀ ਭੱਠੀ ’ਚ ਅਚਾਨਕ ਉਬਾਲ ਆਉਣ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦੋਂ ਕਿ ਪੰਜ ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਭੱਠੀ ਵਿੱਚ ਲੋਹਾ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ। ਧਮਾਕੇ ਕਾਰਨ ਉਬਲਦਾ ਲੋਹਾ ਮਜ਼ਦੂਰਾਂ ’ਤੇ ਡਿੱਗ ਪਿਆ। ਜ਼ਖ਼ਮੀਆਂ ਨੂੰ ਖੰਨਾ ਨਰਸਿੰਗ ਹੋਮ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਤਿੰਨ ਮਜ਼ਦੂਰਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਡੀ ਐੱਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਥਾਣਾ ਸਦਰ ਖੰਨਾ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਦੋਂ ਫੈਕਟਰੀ ’ਚ ਲੋਹਾ ਪਿਘਲਾਇਆ ਜਾ ਰਿਹਾ ਸੀ ਤਾਂ ਅਚਾਨਕ ਭੱਠੀ ਉਬਲਣ ਲੱਗੀ ਤੇ ਧਮਾਕਾ ਹੋਣ ਕਾਰਨ ਉਬਲਦਾ ਲੋਹਾ ਛੇ ਮਜ਼ਦੂਰਾਂ ’ਤੇ ਡਿੱਗ ਗਿਆ। ਫੈਕਟਰੀ ਮਾਲਕ ਨੇ ਦੱਸਿਆ ਕਿ ਭੱਠੀ ’ਚ ਪਿਘਲੇ ਹੋਏ ਮੈਟੀਰੀਅਲ ’ਚ ਪਾਈਪ ਜਾਂ ਸ਼ੌਕਰ ਵਰਗਾ ਛੋਟਾ ਟੁੱਕੜਾ ਰਹਿ ਗਿਆ। ਨਤੀਜੇ ਵਜੋਂ ਧਮਾਕੇ ਕਾਰਨ ਗਰਮ ਪਦਾਰਥ ਉੱਥੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਡਿੱਗ ਗਿਆ। ਫੈਕਟਰੀ ਪ੍ਰਬੰਧਕ ਦਾ ਕਹਿਣਾ ਹੈ ਕਿ ਸਾਰੇ ਜ਼ਖਮੀਆਂ ਨੂੰ ਵਧੀਆ ਅਤੇ ਸੰਭਵ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਐੱਸ ਐੱਚ ਓ ਪਵਿੱਤਰ ਸਿੰਘ ਨੇ ਕਿਹਾ ਕਿ ਪੁਲੀਸ ਅਨੁਸਾਰ ਹਾਦਸੇ ’ਚ ਕੁੱਲ ਛੇ ਮਜ਼ਦੂਰ ਜ਼ਖਮੀ ਹੋਏ ਹਨ ਜਿਨ੍ਹਾਂ ’ਚੋਂ ਇੱਕ ਰਾਕੇਸ਼ ਕੁਮਾਰ ਦੀ ਮੌਤ ਹੋ ਗਈ ਹੈ ਅਤੇ ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਅਨੁਸਾਰ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
Posted inLudhiana
ਭੱਠੀ ’ਚ ਧਮਾਕਾ; ਮਜ਼ਦੂਰ ਹਲਾਕ

