ਰੂਪਨਗਰ : ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਸਰਸਾ ਨਦੀ ਰਾਹੀਂ ਹੋ ਕੇ ਸਤਲੁਜ ਦਰਿਆ ਵਿੱਚ ਆ ਰਹੇ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ਦੇ ਕੂੜੇ-ਕਰਕਟ ਅਤੇ ਹੋਰ ਪਦਾਰਥਾਂ ਦਾ ਨੋਟਿਸ ਲੈਂਦਿਆਂ ਅੱਜ ਥਾਣਾ ਸਿਟੀ ਰੂਪਨਗਰ ਵਿੱਚ ਕੇਸ ਦਰਜ ਕਰਵਾਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਜਦੋਂ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਆਪਣੇ ਸਾਥੀ ਕੌਂਸਲਰ ਗੁਰਵਿੰੰਦਰ ਸਿੰਘ ਜੱਗੀ ਤੇ ਹੋਰਾਂ ਨਾਲ ਸਤਲੁਜ ਦਰਿਆ ਨੇੜੇ ਸੈਰ ਕਰਨ ਗਏ ਤਾਂ ਉਨ੍ਹਾਂ ਦਰਿਆ ’ਚ ਭਾਰੀ ਮਾਤਰਾ ਵਿੱਚ ਆਇਆ ਕੂੜਾ ਦੇਖਣ ਤੋਂ ਬਾਅਦ ਵਿਧਾਇਕ ਦਿਨੇਸ਼ ਚੱਢਾ ਨੂੰ ਮੌਕੇ ’ਤੇ ਸੱਦਿਆ ਅਤੇ ਸਤਲੁਜ ਦਰਿਆ ਦੇ ਪਾਣੀ ਨੂੰ ਪਲੀਤ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਕੀਤੀ। ਵਿਧਾਇਕ ਦਿਨੇਸ਼ ਚੱਢਾ ਨੇ ਥਾਣਾ ਸਿਟੀ ਰੂਪਨਗਰ ਦੇ ਐੱਸ ਐੱਚ ਓ ਪਵਨ ਕੁਮਾਰ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਨੂੰ ਮੌਕੇ ’ਤੇ ਸੱਦ ਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਕੀਤੀ, ਜਿਸ ਉਪਰੰਤ ਥਾਣਾ ਸਿਟੀ ਰੂਪਨਗਰ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਵਿਧਾਇਕ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜਿਓਂ ਚੱਲ ਕੇ ਪੰਜਾਬ ਦੇ ਪਿੰਡ ਅਵਾਨਕੋਟ ਨੇੜੇ ਸਤਲੁਜ ਦਰਿਆ ਵਿੱਚ ਸਮਾਉਣ ਵਾਲੀ ਸਰਸਾ ਨਦੀ ’ਚ ਹਿਮਾਚਲ ਪ੍ਰਦੇਸ਼ ਦੀਆਂ ਫੈਕਟਰੀਆਂ ਵਾਲੇ ਅਤੇ ਠੇਕੇਦਾਰਾਂ ਸਣੇ ਬਹੁਤ ਸਾਰੇ ਲੋਕ ਫੈਕਟਰੀਆਂ ਦੀ ਰਹਿੰਦ-ਖੂੰਹਦ ਨਦੀ ਵਿੱਚ ਸੁੱਟ ਦਿੰੰਦੇ ਹਨ, ਜੋ ਸਰਸਾ ਰਾਹੀਂ ਸਤਲੁਜ ਦਰਿਆ ’ਚ ਪੈਂਦੀ ਹੈ। ਉਨ੍ਹਾਂ ਕੂੜੇ ਤੋਂ ਇਲਾਵਾ ਪਾਣੀ ਵਿੱਚ ਫੈਕਟਰੀਆਂ ਦੇ ਜ਼ਹਿਰੀਲੇ ਕੈਮੀਕਲ ਵੀ ਮਿਲੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਵਿੱਚੋਂ ਨਿਕਲੀ ਸਰਹਿੰਦ ਨਹਿਰ ਦੇ ਪਾਣੀ ਨੂੰ ਲੋਕ ਘਰਾਂ ਵਿੱਚ ਪੀਣ ਲਈ ਵੀ ਵਰਤਦੇ ਹਨ, ਜਿਸ ਕਰ ਕੇ ਪ੍ਰਦੂਸ਼ਿਤ ਪਾਣੀ ਲੋਕਾਂ ਦੀ ਸਿਹਤ ਲਈ ਕਾਫ਼ੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦਾ ਹੈ ਅਤੇ ਉਹ ਕਿਸੇ ਵੀ ਸੂਰਤ ਵਿੱੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦੇਣਗੇ। ਥਾਣਾ ਸਿਟੀ ਰੂਪਨਗਰ ਦੇ ਐੱਸ ਐੱਚ ਓ ਪਵਨ ਕੁਮਾਰ ਨੇ ਦੱਸਿਆ ਕਿ ਥਾਣਾ ਸਿਟੀ ਰੂਪਨਗਰ ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Posted inRupnagar
ਸਤਲੁਜ ਦਰਿਆ ’ਚ ਪੈਂਦੇ ਹਿਮਾਚਲੀ ਫੈਕਟਰੀਆਂ ਦੇ ਕੂੜੇ ਦਾ ਨੋਟਿਸ

