ਫਰਨੇਸ ਐਸੋਸੀਏਸ਼ਨ ਦਾ ਪ੍ਰਧਾਨ ਕੇ ਕੇ ਗਰਗ ਤੇ ਪੁੱਤਰ ਗ੍ਰਿਫ਼ਤਾਰ

ਫਰਨੇਸ ਐਸੋਸੀਏਸ਼ਨ ਦਾ ਪ੍ਰਧਾਨ ਕੇ ਕੇ ਗਰਗ ਤੇ ਪੁੱਤਰ ਗ੍ਰਿਫ਼ਤਾਰ

ਲੁਧਿਆਣਾ : ਡਾਇਰੈਕਟੋਰੇਟ ਜਨਰਲ ਆਫ ਜੀ ਐੱਸ ਟੀ ਇੰਟੈਲੀਜੈਂਸ ਵੱਲੋਂ ਲੁਧਿਆਣਾ ਵਿੱਚ ਆਲ ਇੰਡੀਆ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਕੇ ਕੇ ਗਰਗ ਅਤੇ ਉਨ੍ਹਾਂ ਦੇ ਪੁੱਤਰ ਨੂੰ ਕਥਿਤ ਫ਼ਰਜ਼ੀ ਬਿਲਿੰਗ ਘੁਟਾਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਨਾਲ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਦੇ ਸਨਅਤਕਾਰਾਂ ’ਚ ਸਹਿਮ ਪੈਦਾ ਹੋ ਗਿਆ ਹੈ। ਸੂਤਰਾਂ ਮੁਤਾਬਕ ਕੇ ਕੇ ਗਰਗ ਨੂੰ ਮੰਗਲਵਾਰ ਨੂੰ ਪੁੱਛ-ਗਿੱਛ ਲਈ ਹਿਰਾਸਤ ’ਚ ਲਿਆ ਗਿਆ ਸੀ ਅਤੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ; ਹਾਲਾਂਕਿ ਵਿਭਾਗ ਵੱਲੋਂ ਇਸ ਮਾਮਲੇ ਬਾਰੇ ਹਾਲੇ ਤੱਕ ਅਧਿਕਾਰਤ ਤੌਰ ’ਤੇ ਕੁਝ ਨਹੀਂ ਆਖਿਆ ਗਿਆ। ਵਰਲਡ ਐੱਮ ਐੱਸ ਐੱਮ ਈ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕੇਂਦਰੀ ਜੀ ਐੱਸ ਟੀ ਅਧਿਕਾਰੀਆਂ ਦੀ ਇਸ ਕਾਰਵਾਈ ਨੂੰ ਤਾਨਾਸ਼ਾਹੀ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੀ ਐੱਸ ਟੀ ਐਕਟ 2017 ਦੀ ਧਾਰਾ 16(2) ਅਤੇ ਧਾਰਾ 158 ਵਿਚਕਾਰ ਟਕਰਾਅ ਅਤੇ ਉਦਯੋਗ ਉੱਤੇ ਇਸ ਦੇ ਮਾੜੇ ਪ੍ਰਭਾਵ ਬਾਰੇ ਕੇਂਦਰੀ ਵਿੱਤ ਮੰਤਰੀ, ਵਿੱਤ ਮੰਤਰਾਲੇ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਕੋਈ ਅਸਲ ਖ਼ਰੀਦਦਾਰ ਸਾਰੇ ਨਿਯਮਾਂ ਤਹਿਤ ਬਿੱਲਾਂ ਦੀ ਅਦਾਇਗੀ ਕਰਦਾ ਹੈ ਤਾਂ ਉਸ ਨੂੰ ਕਿਵੇਂ ਪਤਾ ਹੋ ਸਕਦਾ ਹੈ ਕਿ ਪਿੱਛੋਂ ਸਪਲਾਇਰ ਨੇ ਟੈਕਸ ਚੋਰੀ ਕੀਤੀ ਹੈ ਜਾਂ ਨਹੀਂ? ਅਜਿਹੇ ਮਾਮਲਿਆਂ ਵਿੱਚ ਅਸਲ ਕਾਰੋਬਾਰੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਮੰਡੀ ਗੋਬਿੰਦਗੜ੍ਹ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਵਿਭਾਗ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇ ਕੋਈ ਸ਼ਖ਼ਸ ਪਾਰਦਰਸ਼ੀ ਤਰੀਕੇ ਨਾਲ ਕਾਰੋਬਾਰ ਕਰ ਰਿਹਾ ਹੈ ਤਾਂ ਪਿਛਲੇ ਡਿਫਾਲਟਰਾਂ ਦੀ ਗ਼ਲਤੀ ਲਈ ਉਸ ਨੂੰ ਸਜ਼ਾ ਕਿਉਂ ਦਿੱਤੀ ਜਾਵੇ। ਕਾਰੋਬਾਰੀਆਂ ਨੇ ਜੀ ਐੱਸ ਟੀ ਕਾਨੂੰਨ ਦੀਆਂ ਕੁਝ ਧਾਰਾਵਾਂ ਨੂੰ ਸਨਅਤ ਵਿਰੋਧੀ ਦੱਸਦਿਆਂ ਸਰਕਾਰ ਤੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ।

Share: