ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਜਾਤੀ ਮਰਦਮਸ਼ੁਮਾਰੀ (Caste Census) ਵਿੱਚੋਂ ਪੱਛੜੀਆਂ ਸ਼੍ਰੇਣੀਆਂ (OBC) ਨੂੰ ਲਾਂਭੇ ਕਰਨ ਦਾ ਗੰਭੀਰ ਦੋਸ਼ ਲਾਉਂਦਿਆਂ ਇਸ ਨੂੰ ਇੱਕ ‘ਡੂੰਘੀ ਸਾਜ਼ਿਸ਼’ ਕਰਾਰ ਦਿੱਤਾ ਹੈ। ਕਾਂਗਰਸ ਦੇ ਓਬੀਸੀ ਵਿਭਾਗ ਦੇ ਮੁਖੀ ਅਨਿਲ ਜੈਹਿੰਦ ਨੇ ਦੋਸ਼ ਲਾਇਆ ਕਿ ਮਰਦਮਸ਼ੁਮਾਰੀ ਫਾਰਮ ਵਿੱਚ ਓਬੀਸੀ ਭਾਈਚਾਰੇ ਲਈ ਵੱਖਰਾ ਕਾਲਮ ਨਾ ਰੱਖਣਾ ਸਮਾਜਿਕ ਨਿਆਂ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ ਅਤੇ ਇਸ ਨਾਲ ਪੱਛੜੀਆਂ ਸ਼੍ਰੇਣੀਆਂ ਦੀ ਸਹੀ ਆਬਾਦੀ ਦਾ ਆਂਕੜਾ ਸਾਹਮਣੇ ਨਹੀਂ ਆ ਸਕੇਗਾ। ਅਨਿਲ ਜੈਹਿੰਦ ਨੇ ਕਿਹਾ ਕਿ ਸਰਕਾਰ ਜਾਤੀ ਮਰਦਮਸ਼ੁਮਾਰੀ ਨੂੰ ਵੈਗਿਆਨਿਕ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀ ਬਜਾਏ ਅਜਿਹੀ ਪ੍ਰਕਿਰਿਆ ਅਪਣਾ ਰਹੀ ਹੈ, ਜਿਸ ਨਾਲ ਓਬੀਸੀ ਭਾਈਚਾਰੇ ਨੂੰ ਸਰਕਾਰੀ ਅੰਕੜਿਆਂ ਤੋਂ ਬਾਹਰ ਰੱਖਣ ਦਾ ਰਾਹ ਪੱਧਰਾ ਹੁੰਦਾ ਹੈ। ਉਨ੍ਹਾਂ 14 ਅਗਸਤ ਨੂੰ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਸ਼ਨ ਪੱਤਰ ਦੇ 10ਵੇਂ ਸਵਾਲ ਵਿੱਚ ਓਬੀਸੀ ਸ਼੍ਰੇਣੀ ਦਰਜ ਕਰਨ ਲਈ ਕੋਈ ਖਾਨਾ (ਕਾਲਮ) ਹੀ ਨਹੀਂ ਰੱਖਿਆ ਗਿਆ, ਜੋ ਦੇਸ਼ ‘ਚ ਚੱਲ ਰਹੀ ‘ਮਨੂਵਾਦੀ’ ਸੋਚ ਦਾ ਪ੍ਰਗਟਾਵਾ ਹੈ।
ਇਸ ਦੌਰਾਨ ਕਾਂਗਰਸੀ ਆਗੂ ਸੁਭਾਸ਼ਿਨੀ ਸ਼ਰਦ ਯਾਦਵ ਨੇ ਵੀ ਮੁੱਦਾ ਚੁੱਕਦਿਆਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਤਾਂ ਦੀ ਸਥਿਤੀ ਅਤੇ ਬਣਤਰ ਵੱਖ-ਵੱਖ ਹੈ, ਇਸ ਲਈ ਮਰਦਮਸ਼ੁਮਾਰੀ ਦੌਰਾਨ ਜਾਤਾਂ ਦੀ ਸਹੀ ਪਛਾਣ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਉਸ ਦਾ ਹੱਕ ਮਿਲ ਸਕੇ।

