ਢਾਕਾ : ਚੁਣੌਤੀਆਂ ਨੂੰ ਲੋਕਤੰਤਰ ਦਾ ਲਾਜ਼ਮੀ ਹਿੱਸਾ ਕਰਾਰ ਦਿੰਦਿਆਂ ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਮਤਭੇਦ ਸਿਰਫ਼ ਗੱਲਬਾਤ ਰਾਹੀਂ ਹੀ ਸੁਲਝਾਏ ਜਾ ਸਕਦੇ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦਾ ਭਾਰਤ ਦੌਰਾ ‘ਬਹੁਤ ਜਲਦੀ ਹੋਣਾ ਚਾਹੀਦਾ ਹੈ।’ ਉਨ੍ਹਾਂ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਢਾਕਾ ਦੀ ਮੰਗ ਨੂੰ ਲੈ ਕੇ ਦੁਵੱਲੇ ਸਬੰਧਾਂ ’ਚ ਆਏ ਤਣਾਅ ਦਰਮਿਆਨ 12-13 ਸਤੰਬਰ ਨੂੰ ਹੋਣ ਵਾਲੇ ਬਰਿਕਸ ਸੰਮੇਲਨ ਲਈ ਰਹਿਮਾਨ ਦੇ ਭਾਰਤ ਦੌਰੇ ਉੱਤੇ ਬੇਯਕੀਨੀ ਬਣੀ ਹੋਈ ਹੈ। ਯੂ ਐੱਨ ਬੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਢਾਕਾ ਵਿੱਚ ਆਇਰਲੈਂਡ ਦੇ ਕੌਂਸਲਰ ਮਸੂਦ ਜਮੀਲ ਖਾਨ ਅਤੇ ਉਨ੍ਹਾਂ ਦੀ ਪਤਨੀ ਕੇਟ ਜਾਰੋ ਖਾਨ ਵੱਲੋਂ ਦਿੱਤੇ ਗਏ ਸੁਆਗਤੀ ਭੋਜ ਦੌਰਾਨ ਤ੍ਰਿਵੇਦੀ ਨੇ ਕਿਹਾ ਕਿ ਬੰਗਲਾਦੇਸ਼ ਅਤੇ ਭਾਰਤ ਦੋ ਪ੍ਰਭੂਸੱਤਾ ਸੰਪੰਨ ਦੇਸ਼ ਹਨ ਜੋ ਨਾ ਸਿਰਫ਼ ਸਰਹੱਦ ਸਾਂਝੀ ਕਰਦੇ ਹਨ ਸਗੋਂ ‘ਸੁਪਨਾ ਵੀ ਸਾਂਝਾ ਕਰਦੇ ਹਨ।’ ਤ੍ਰਿਵੇਦੀ ਨੇ ਗੱਲਬਾਤ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ, ‘‘ਸਾਡੇ ਸਾਹਮਣੇ ਚੁਣੌਤੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਤੇ ਜੇ ਤੁਹਾਡੇ ਕੋਲ ਚੁਣੌਤੀਆਂ ਨਹੀਂ ਹਨ ਤਾਂ ਉਹ ਲੋਕਤੰਤਰ ਨਹੀਂ ਹੈ।… ਮਸਲੇ ਸਿਰਫ਼ ਮਿਲ ਕੇ ਹੀ ਸੁਲਝਾਏ ਜਾ ਸਕਦੇ ਹਨ ਤੇ ਮੈਨੂੰ ਬਹੁਤ ਉਮੀਦ ਹੈ।’’ ਹਾਈ ਕਮਿਸ਼ਨਰ ਨੇ ਆਸ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਰਹਿਮਾਨ ਦਾ ਭਾਰਤ ਦੌਰਾ ‘ਬਹੁਤ ਜਲਦੀ’ ਹੋਵੇਗਾ।
Posted inBangladesh
Prime Minister Tarique Rahman ਦਾ ਭਾਰਤ ਦੌਰਾ ਜਲਦੀ: Dinesh Trivedi

