ਦੁਬਈ/ਵਾਸ਼ਿੰਗਟਨ : ਇਰਾਨ ਨੇ ਕਿਹਾ ਕਿ ਉਹ ਹਰਮੁਜ਼ ਜਲ ਮਾਰਗ ਰਾਹੀਂ ਜਹਾਜ਼ਾਂ ਦੀ ਆਵਾਜਾਈ ਦੇ ਪ੍ਰਬੰਧਨ ਦੀ ਯੋਜਨਾ ਨੂੰ ਲੈ ਕੇ ਓਮਾਨ ਨਾਲ ਸਾਂਝੇ ਬਿਆਨ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਹਰਮੁਜ਼ ਜਲ ਮਾਰਗ ਦੇ ਕੰਟਰੋਲ ਨੂੰ ਲੈ ਕੇ ਇਰਾਨ ਨਾਲ ਕਿਸੇ ਸਮਝੌਤੇ ’ਚ ਸ਼ਾਮਲ ਹੋਇਆ ਤਾਂ ਅਮਰੀਕਾ ਉਸ ’ਤੇ ਭਾਰੀ ਬੰਬਾਰੀ ਕਰੇਗਾ। ਇਰਾਨ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਅਮਰੀਕਾ ਅਤੇ ਇਰਾਨ ਦਰਮਿਆਨ ਸ਼ਾਂਤੀ ਸਮਝੌਤੇ ਲਈ 60 ਦਿਨਾਂ ਦੀ ਗੱਲਬਾਤ ਦੀ ਮਿਆਦ ਖ਼ਤਮ ਹੋ ਰਹੀ ਹੈ। ਇਰਾਨ ਅਤੇ ਓਮਾਨ ਦਰਮਿਆਨ ਹਰਮੁਜ਼ ਜਲ ਮਾਰਗ ਵਿੱਚੋਂ ਜਹਾਜ਼ਾਂ ਦੀ ਆਵਾਜਾਈ ਦੀ ਯੋਜਨਾ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ ਅਤੇ ਦੋਵੇਂ ਧਿਰਾਂ ਹੁਣ ਸਾਂਝੇ ਬਿਆਨ ਲਈ ਵੇਰਵਿਆਂ ਨੂੰ ਅੰਤਿਮ ਰੂਪ ਦੇਣ ’ਤੇ ਕੰਮ ਕਰ ਰਹੀਆਂ ਹਨ। ਇਰਾਨ ਦੇ ਵਿਦੇਸ਼ ਮਾਮਲਿਆਂ ਦੇ ਬੁਲਾਰੇ ਇਸਮਾਈਲ ਬਗ਼ਾਈ ਨੇ ਤਹਿਰਾਨ ਵਿੱਚ ਪੱਤਰਕਾਰਾਂ ਨੂੰ ਦੱਸਿਆ, ‘‘ਆਵਾਜਾਈ ਰੂਟ ਦੇ ਨਕਸ਼ੇ ਬਾਰੇ ਸਮਝੌਤਾ ਹੋ ਗਿਆ ਹੈ।’’
ਉਨ੍ਹਾਂ ਹੋਰ ਵੇਰਵੇ ਨਹੀਂ ਦਿੱਤੇ ਪਰ ਜੋ ਵੇਰਵੇ ਪਹਿਲਾਂ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਇਸ ਸਮਝੌਤੇ ਤਹਿਤ ਜਲ ਮਾਰਗ ਮੁੜ ਖੋਲ੍ਹਿਆ ਜਾਵੇਗਾ, ਜਿਸ ਵਿੱਚ ਜਹਾਜ਼ ਇਰਾਨ ਨੇੜਲੇ ਰੂਟ ਰਾਹੀਂ ਦਾਖ਼ਲ ਹੋਣਗੇ ਅਤੇ ਓਮਾਨ ਨੇੜਲੇ ਰੂਟ ਰਾਹੀਂ ਬਾਹਰ ਨਿਕਲਣਗੇ। ਉੱਧਰ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਓਮਾਨ ਨੂੰ ਇਰਾਨ ਨਾਲ ਹਰਮੁਜ਼ ਜਲ ਮਾਰਗ ਸਬੰਧੀ ਸਮਝੌਤੇ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮਸਕਟ ਇਸ ਰਣਨੀਤਕ ਜਲ ਮਾਰਗ ਨੂੰ ਲੈ ਕੇ ਅਮਰੀਕੀ ਰੁਖ਼ ’ਚ ਦਖ਼ਲ ਦਿੰਦਾ ਹੈ ਤਾਂ ਉਸ ’ਤੇ ਭਾਰੀ ਬੰਬਾਰੀ ਕੀਤੀ ਜਾਵੇਗੀ।

