Modi Naxal Controversy: ‘ਦਿਮਾਗੀ ਨਕਸਲ’ ਟਿੱਪਣੀ ’ਤੇ ਹਾਕਮ ਤੇ ਵਿਰੋਧੀ ਧਿਰ ਆਹਮੋ-ਸਾਹਮਣੇ

Modi Naxal Controversy: ‘ਦਿਮਾਗੀ ਨਕਸਲ’ ਟਿੱਪਣੀ ’ਤੇ ਹਾਕਮ ਤੇ ਵਿਰੋਧੀ ਧਿਰ ਆਹਮੋ-ਸਾਹਮਣੇ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੀ ਆਪਣੀ ਤਕਰੀਰ ਵਿੱਚ ‘ਦਿਮਾਗੀ ਨਕਸਲ’ ਟਿੱਪਣੀ ਨਾਲ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਮੈਨੂੰ ਦਿਮਾਗੀ ਨਕਸਲ ਹੋਣ ਉੱਤੇ ਮਾਣ’ ਹੈ, ਉਥੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਨੂੰ ਵਿਰੋਧੀਆਂ ਅਤੇ ਸਰਕਾਰ ’ਤੇ ਸਵਾਲ ਉਠਾਉਣ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉੱਧਰ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਪਰੋਕਤ ਟਿੱਪਣੀ ਵਿਰੋਧੀ ਧਿਰਾਂ ਵੱਲ ਨਹੀਂ ਬਲਕਿ ਉਨ੍ਹਾਂ ਲੋਕਾਂ ਵੱਲ ਸੇਧਤ ਸੀ ਜੋ ਮਾਓਵਾਦੀਆਂ ਤੇ ਵੱਖਵਾਦੀਆਂ ਦੇ ਹਮਾਇਤੀ ਹਨ ਅਤੇ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ।

ਰਿਜਿਜੂ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਦਿਮਾਗੀ ਨਕਸਲੀ ਨਹੀਂ ਕਿਹਾ। ਦਿਮਾਗੀ ਨਕਸਲੀ ਸਿਰਫ ਉਹ ਲੋਕ ਹਨ: 1. ਜੋ ਮਾਓਵਾਦੀਆਂ ਦੀ ਹਮਾਇਤ ਕਰਦੇ ਹਨ ਤੇ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ, 2. ਜੋ ਵੱਖਵਾਦੀਆਂ ਨਾਲ ਖੜ੍ਹਦੇ ਹਨ ਤੇ ਧਾਰਾ 370 ਦੇ ਹਮਾਇਤੀ ਹਨ, 4. ਜੋ ਚਿਕਨ ਨੈੱਕ ਨੂੰ ਭਾਰਤ ਦੇ ਉੱਤਰ ਪੂਰਬ ਤੋਂ ਵੱਖ ਕਰਨਾ ਚਾਹੁੰਦੇ ਹਨ।’’ ਕਾਂਗਰਸ ਦੇ ਰਾਜ ਸਭਾ ਮੈਂਬਰ ਪਵਨ ਖੇੜਾ ਨੇ ਰਿਜਿਜੂ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਭਰਾ ਕਿਰਨ ਰਿਜਿਜੂ ਪਹਿਲਾਂ ਆਪਣੀ ਗਿਣਤੀ ਸਹੀ ਕਰੋ। 1 ਤੇ 2 ਤੋਂ ਬਾਅਦ 3 ਆਉਂਦਾ ਹੈ 4 ਨਹੀਂ।’’

Share: