ਪਟਿਆਲਾ : ਇਥੋਂ ਦੇ ਘੁੰਮਣ ਨਗਰ ਵਿੱਚ ਬੁੱਧਵਾਰ ਨੂੰ ਪਤੀ-ਪਤਨੀ ’ਤੇ ਪਿੱਟਬੁੱਲ ਵੱਲੋਂ ਹਮਲਾ ਕਰਨ ਸਬੰਧੀ ਪੁਲੀਸ ਵੱਲੋਂ ਪਿੱਟਬੁੱਲ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਧਰ, ਨਗਰ ਨਿਗਮ ਨੇ ਪਿੱਟਬੁੱਲ ਨੂੰ ਕਬਜ਼ੇ ਵਿੱਚ ਲੈ ਕੇ ਇਸ ਦੇ ਮਾਲਕ ਨੂੰ ਤਿੰਨ ਦਿਨਾਂ ’ਚ ਰੇਬੀਜ਼ ਅਤੇ ਵੈਕਸੀਨੇਸ਼ਨ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਆਖਿਆ ਹੈ। ਸੰਪਰਕ ਕਰਨ ’ਤੇੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੀੜਤ ਪਤੀ ਪਤਨੀ ਅੰਕਿਤ ਸੱਭਰਵਾਲ ਅਤੇ ਸ਼ਿਫਾਲੀ ਸੱਭਰਵਾਲ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਕੁੱਤੇ ਦੇ ਮਾਲਕ ਖ਼ਿਲਾਫ਼ ਥਾਣਾ ਅਨਾਜ ਮੰਡੀ ਵਿਚ ਬੀਐੱਨਐੱਸ ਦੀਆਂ ਧਾਰਾਵਾਂ 291, 125(ਏ) ਅਤੇ 125(ਬੀ) ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈੇ। ਦੂਜੇ ਪਾਸੇ, ਨਗਰ ਨਿਗਮ ਦੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਨਿਗਮ ਵੱਲੋਂ ਪਿੱਟਬੁੱਲ ਨੂੰ ਕਬਜ਼ੇ ਵਿੱਚ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰੇਬੀਜ਼ ਸਬੰਧੀ ਮੈਡੀਕਲ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ ਲੋੜੀਂਦੇ ਟੀਕੇ ਵੀ ਲੱਗੇ ਹੋਏ ਹਨ ਜਾਂ ਨਹੀਂ। ਨਿਗਮ ਨੇ ਘੁੰਮਣ ਨਗਰ ਸਥਿਤ ਸਬੰਧਤ ਮਕਾਨ ਮਾਲਕ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਅੰਕਿਤ ਅਤੇ ਸ਼ਿਫਾਲੀ ਸੱਭਰਵਾਲ ਜਦੋਂ ਪ੍ਰਾਪਰਟੀ ਡੀਲਰ ਨਾਲ ਘੁੰਮਣ ਨਗਰ ਵਿਖੇ ਮਕਾਨ ਦੇਖਣ ਗਏ ਸਨ ਤਾਂ ਮਕਾਨ ਮਾਲਕਾਂ ਦੇ ਪਿੱਟਬੁੱਲ ਨੇ ਦੋਵਾਂ ਜੀਆਂ ’ਤੇ ਹਮਲਾ ਕਰਦਿਆਂ ਉਨ੍ਹਾਂ ਨੂੰ ਕਈ ਥਾਈਂ ਨੋਚਿਆ ਸੀ ਤੇ ਜ਼ਖਮ ਕਰ ਦਿੱਤੇ ਸਨ। ਖਾਸ ਕਰਕੇ ਸ਼ਿਫਾਲੀ ਸੱਭਰਵਾਲ ਦੇ ਹੋਰ ਵੀ ਡੂੰਘੇ ਜ਼ਖਮ ਹੋਏ ਹਨ ਜਿਨ੍ਹਾਂ ਦੀ ਸਰਜਰੀ ਵੀ ਕਰਵਾਉਣੀ ਪਈ ਹੈ। ਉਨ੍ਹਾਂ ਨੂੰ ਇਲਾਕੇ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਪਿਟਬੁੱਲ ਤੋਂ ਬਚਾਇਆ ਸੀ। ਇਸੇ ਦੌਰਾਨ ਸਾਬਕਾ ਮੇਅਰ ਸੰਜੀਵ ਕੁਮਾਰ ਬਿੱਟੂ ਨੇ ਨਗਰ ਨਿਗਮ ਤੋਂ ਸ਼ਹਿਰ ਵਿੱਚ ਪਾਲਤੂ ਕੁੱਤਿਆਂ ਦਾ ਮੁੜ ਸਰਵੇ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਗਮ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਅਸਫਲ ਰਿਹਾ ਹੈ।
Posted inPatiala
ਹਮਲੇ ਸਬੰਧੀ ਪਿੱਟਬੁੱਲ ਦੇ ਮਾਲਕ ਖ਼ਿਲਾਫ਼ ਕੇਸ ਦਰਜ

