Trump Modi Russia: ‘ਟਰੰਪ ਅਤੇ ਮੋਦੀ ਦੇ ਸੁਖਾਵੇਂ ਸਬੰਧਾਂ ਕਾਰਨ ਮਸਲਾ ਹੱਲ ਹੋ ਜਾਵੇਗਾ’

Trump Modi Russia: ‘ਟਰੰਪ ਅਤੇ ਮੋਦੀ ਦੇ ਸੁਖਾਵੇਂ ਸਬੰਧਾਂ ਕਾਰਨ ਮਸਲਾ ਹੱਲ ਹੋ ਜਾਵੇਗਾ’

ਵਾਸ਼ਿੰਗਟਨ : ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਉੱਤੇ ਸੰਭਾਵੀ ਅਮਰੀਕੀ ਟੈਕਸਾਂ ਦੀ ਧਮਕੀ ਤੋਂ ਪੈਦਾ ਹੋਏ ਵਿਵਾਦ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਸ ਵਿੱਚ ਹੱਲ ਕਰ ਲੈਣਗੇ। ਇਹ ਖੁਲਾਸਾ ਵ੍ਹਾਈਟ ਹਾਊਸ ਦੇ ਇੱਕ ਸੀਨੀਅਰ ਸਲਾਹਕਾਰ ਨੇ ਕਰਦਿਆਂ ਕਿਹਾ ਕਿ ਇਹ ਸਮੱਸਿਆ ਜਲਦੀ ਹੱਲ ਕਰ ਲਈ ਜਾਵੇਗੀ। ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਾਵਰੋ ਵੱਲੋਂ ਇਹ ਟਿੱਪਣੀਆਂ ਉਸ ਸਮੇਂ ਕੀਤੀਆਂ ਜਦੋਂ ਕੁਝ ਦਿਨ ਪਹਿਲਾਂ ਹੀ ਅਮਰੀਕੀ ਸੈਨੇਟ ਨੇ ਇੱਕ ਬਿੱਲ ਪਾਸ ਕੀਤਾ ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਰੂਸੀ ਤੇਲ ਦੇ ਸਿਖਰਲੇ ਪੰਜ ਖਰੀਦਦਾਰਾਂ ਉੱਤੇ 100 ਫ਼ੀਸਦੀ ਟੈਕਸ (ਟੈਰਿਫ) ਲਗਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਅਜਿਹੇ ਵਪਾਰ ਨਾਲ ਸਿੱਧੇ ਤੌਰ ਉੱਤੇ ਯੂਕਰੇਨ ਨੂੰ ਵਿੱਤੀ ਸਹਾਇਤਾ ਮਿਲੇਗੀ। ਨਾਵਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਰੂਸ ਨਾਲ ਤੇਲ ਦਾ ਵਪਾਰ ਨਹੀਂ ਕਰਦਾ ਸੀ ਜੋ ਬਾਅਦ ਵਿੱਚ ਇਸ ਵਪਾਰ ਵਿੱਚ ਸ਼ਾਮਲ ਹੋ ਗਿਆ ਸੀ। ਨਾਵਰੋ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕਰਨ ਤੋਂ ਪਹਿਲਾਂ ਭਾਰਤ ਦਾ ਰੂਸ ਨਾਲ ਕੋਈ ਤੇਲ ਵਪਾਰ ਨਹੀਂ ਸੀ ਪਰ ਬਾਅਦ ਵਿੱਚ ਇਹ ਵਪਾਰ ਬਹੁਤ ਵਧ ਗਿਆ।

ਅਮਰੀਕੀ ਅਧਿਕਾਰੀ ਨੂੰ ਅਮਰੀਕਾ ਤੇ ਭਾਰਤ ਦੇ ਸਬੰਧਾਂ ਉੱਤੇ ਭਰੋਸਾ

ਅਮਰੀਕੀ ਅਧਿਕਾਰੀ ਨਾਵਰੋ ਨੇ ਹਾਲ ਹੀ ਵਿੱਚ ‘ਦਿ ਫਾਈਨੈਸ਼ੀਅਲ ਟਾਈਮਜ਼’ ਵਿੱਚ ਲਿਖੇ ਆਪਣੇ ਲੇਖ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸ਼ਾਇਦ ਇਸ ਵਿੱਚ ਉਨ੍ਹਾਂ ਦਾ ਵੀ ਕੁਝ ਹੱਥ ਰਿਹਾ ਹੋਵੇ। ਉਨ੍ਹਾਂ ਕਿਹਾ, ‘ਅਮਰੀਕੀ ਰਾਸ਼ਟਰਪਤੀ ਅਤੇ ਤੁਹਾਡੇ ਪ੍ਰਧਾਨ ਮੰਤਰੀ ਦੇ ਕੰਮਕਾਜੀ ਸਬੰਧ ਬਹੁਤ ਵਧੀਆ ਹਨ, ਉਹ ਇਸ ਮੁੱਦੇ ਨੂੰ ਆਪਸ ਵਿੱਚ ਖੁਦ ਹੱਲ ਕਰ ਲੈਣਗੇ ਅਤੇ ਇਸ ਵਿੱਚ ਮੇਰਾ ਦਖਲ ਦੇਣ ਦਾ ਕੋਈ ਕੰਮ ਨਹੀਂ ਹੈ।’

Share: