ਵਿਧਾਨ ਸਭਾ ’ਚ ਗ਼ੈਰ-ਪੰਜਾਬੀਆਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਭਖਿਆ

ਵਿਧਾਨ ਸਭਾ ’ਚ ਗ਼ੈਰ-ਪੰਜਾਬੀਆਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਭਖਿਆ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਸਿਫ਼ਰ ਕਾਲ ’ਚ ਗੈਰ ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੇ ਜਾਣ ਦੀ ਗੂੰਜ ਪਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਹਤ ਵਿਭਾਗ ’ਚ ਭਰਤੀ ਕੀਤੇ ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ 13 ਹੈਲਥ ਵਰਕਰਾਂ ’ਚੋਂ ਦਸ ਉਮੀਦਵਾਰ ਹਰਿਆਣਾ ਦੇ ਹਨ। ਉਨ੍ਹਾਂ ਕਿਹਾ ਕਿ ਇਹ ਉਮੀਦਵਾਰ ਇਕੱਲੇ ਗੁਆਂਢੀ ਸੂਬੇ ’ਚੋਂ ਭਰਤੀ ਹੀ ਨਹੀਂ ਕੀਤੇ ਬਲਕਿ ਉਨ੍ਹਾਂ ਉਮੀਦਵਾਰਾਂ ਨੂੰ ਹਰਿਆਣਾ ਦੀ ਸਰਹੱਦ ਨੇੜਲੇ ਪੰਜਾਬ ਦੇ ਖੇਤਰ ’ਚ ਸਟੇਸ਼ਨ ਵੀ ਅਲਾਟ ਕੀਤੇ ਗਏ। ਬਾਜਵਾ ਨੇ ਸਦਨ ’ਚ ਖ਼ਦਸ਼ਾ ਜਤਾਇਆ ਕਿ ਆਮ ਆਦਮੀ ਪਾਰਟੀ ਦੇ ਆਈ ਟੀ ਸੈੱਲ ਦੇ ਵਾਲੰਟੀਅਰਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਜੋ ਹਰਿਆਣਾ ਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਵਰਕੌਮ ’ਚ 14 ਨੌਕਰੀਆਂ ਇਕੱਲੇ ਗੰਗਾਨਗਰ ਜ਼ਿਲ੍ਹੇ ਦੇ ਉਮੀਦਵਾਰਾਂ ਨੂੰ ਮਿਲੀਆਂ ਹਨ। ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਮੋੜਵੇਂ ਜੁਆਬ ’ਚ ਸਪਸ਼ਟ ਕੀਤਾ ਕਿ ਸਿਹਤ ਮਹਿਕਮੇ ਵੱਲੋਂ 237 ਹੈਲਥ ਵਰਕਰ ਭਰਤੀ ਕੀਤੇ ਗਏ ਸਨ ਜਿਨ੍ਹਾਂ ’ਚੋਂ 13 ਹਰਿਆਣਾ ਦੇ ਹਨ। ਉਨ੍ਹਾਂ ਕਿਹਾ ਕਿ ਗ਼ਲਤ ਤੱਥਾਂ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ।

ਸਦਨ ’ਚ ਅੱਜ ਬਹਿਸ ਮੌਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਬਾਹਰਲੇ ਸੂਬਿਆਂ ’ਚੋਂ ਪੰਜਾਬ ’ਚ ਸਰਕਾਰੀ ਭਰਤੀ ਨਾਲ ਪੰਜਾਬ ਦੇ ਨੌਜਵਾਨਾਂ ਦੇ ਹੱਕ ਨੂੰ ਢਾਹ ਲੱਗਦੀ ਹੈ ਜਿਸ ਕਰਕੇ ਇਹ ਰੁਝਾਨ ਰੋਕਿਆ ਜਾਵੇ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸੇਮ ਵਾਲੇ ਇਲਾਕਿਆਂ ’ਚ ਸਪੈਸ਼ਲ ਨਹਿਰੀ ਮੋਘਿਆਂ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਜਦੋਂ ਕਿ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਦੀ ਗੋਲਡਨ ਸ਼ੂਗਰ ਮਿੱਲ ਦੀ 18.93 ਕਰੋੜ ਦੀ ਬਕਾਇਆ ਸਬਸਿਡੀ ਰਿਲੀਜ਼ ਕੀਤੇ ਜਾਣ ਦੀ ਗੱਲ ਰੱਖੀ। ਕਾਂਗਰਸੀ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਫਿਲੌਰ ਦੇ ਬੱਸ ਅੱਡੇ ਨੂੰ ਕੌਮੀ ਸੜਕ ਮਾਰਗ ਨਾਲ ਜੋੜੇ ਜਾਣ ਦੀ ਦਲੀਲ ਦਿੱਤੀ ਜਦੋਂ ਕਿ ‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਕੂਲੀ ਬੱਸਾਂ, ਟਰੱਕਾਂ, ਟੈਕਸੀਆਂ ਅਤੇ ਕੈਂਟਰਾਂ ਲਈ ਟਰਾਂਸਪੋਰਟ ਨੀਤੀ ਬਣਾਏ ਜਾਣ ਦੀ ਮੰਗ ਕੀਤੀ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਮਧੂ ਮੱਖੀ ਪਾਲਕਾਂ ਦਾ ਪੱਖ ਰੱਖਦਿਆਂ ਕਿਹਾ ਕਿ ਸ਼ਹਿਦ ਪ੍ਰੋਸੈਸਿੰਗ ਯੂਨਿਟ ਲਾਉਣ ਲਈ ਸੀ ਐੱਲ ਯੂ ਦੀ ਸ਼ਰਤ ਹਟਾਈ ਜਾਵੇ। ਕਾਂਗਰਸੀ ਵਿਧਾਇਕ ਨਰੇਸ਼ ਪੁਰੀ ਨੇ ਕਿਹਾ ਕਿ ਧਾਰ ਕਲਾਂ ਬਲਾਕ ’ਚ ਪਿਛਲੇ ਸੱਤ ਦਿਨਾਂ ਤੋਂ ਨਾ ਬਿਜਲੀ ਸਪਲਾਈ ਹੈ ਤੇ ਨਾ ਹੀ ਪਾਣੀ ਦੀ ਸਪਲਾਈ, ਜਦੋਂ ਕਿ ਨਰੇਸ਼ ਕਟਾਰੀਆ ਨੇ ਇੰਦਰਾ ਗਾਂਧੀ ਨਹਿਰ ਦੇ ਇੱਕ ਪੁਲ ਦੇ ਰੁੜ੍ਹ ਜਾਣ ਕਰਕੇ ਡੇਢ ਦਰਜਨ ਪਿੰਡਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਾਇਆ। ਪ੍ਰਿੰਸੀਪਲ ਬੁੱਧ ਰਾਮ ਨੇ ਪੱਲੇਦਾਰਾਂ ਨੂੰ ਠੇਕੇਦਾਰੀ ਪ੍ਰਣਾਲੀ ਤੋਂ ਬਾਹਰ ਕੱਢੇ ਜਾਣ ਦੀ ਮੰਗ ਕੀਤੀ। ਇਸੇ ਤਰ੍ਹਾਂ ਮਨਜੀਤ ਸਿੰਘ ਬਿਲਾਸਪੁਰ ਨੇ ਨਵੀਂ ਬਣਾਈ ਐਪ ਕਾਰਨ ਵਿਦੇਸ਼ਾਂ ’ਚ ਬੈਠੇ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਨੂੰ ਸਦਨ ’ਚ ਰੱਖਿਆ।

ਗਨੀਵ ਕੌਰ ਮਜੀਠੀਆ ਨੂੰ ਬੋਲਣ ਦਾ ਸਮਾਂ ਨਹੀਂ ਮਿਲਿਆ

ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਅੱਜ ਸਦਨ ’ਚ ਬੋਲਣ ਲਈ ਸਮਾਂ ਮੰਗਦੀ ਰਹੀ ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ। ਪੰਜਾਬ ਵਿਧਾਨ ਸਭਾ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਵਾਰ-ਵਾਰ ਮੰਗ ਦੇ ਬਾਵਜੂਦ ਉਨ੍ਹਾਂ ਨੂੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਨੇ ਵਿਧਾਨ ਸਭਾ ਵਿੱਚ ਅਕਾਲ ਤਖ਼ਤ ਵੱਲੋਂ ਬੇਅਦਬੀ ਕਾਨੂੰਨ ਵਿੱਚ ਸੋਧਾਂ ਬਾਰੇ ਸਵਾਲ ਪੁੱਛਣੇ ਸਨ। ਇਸੇ ਕਰ ਕੇ ਵਿਧਾਨ ਸਭਾ ਵਿੱਚ ਉਸ ਨੂੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਉਸ ਨੇ ਕਿਹਾ ਕਿ ਉਸ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਹਨਨ ਦਾ ਨੋਟਿਸ ਦਿੱਤਾ ਗਿਆ ਸੀ, ਉਸ ਬਾਰੇ ਵੀ ਸਰਕਾਰ ਨੇ ਚੁੱਪ ਧਾਰ ਲਈ ਹੈ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਅਸਲ ਮੁੱਦਿਆਂ ’ਤੇ ਗੱਲਬਾਤ ਕਰਨ ਤੋਂ ਭੱਜ ਰਹੀ ਹੈ। ਇਸੇ ਕਰ ਕੇ ਵਿਧਾਨ ਸਭਾ ਵਿੱਚ ਵੀ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਆਖਰੀ ਦਿਨ ਇਕੱਠੇ 9 ਬਿੱਲ ਲਿਆ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕੀਤਾ ਗਿਆ ਤਾਂ ਜੋ ਬਿੱਲਾਂ ’ਤੇ ਕੋਈ ਚਰਚਾ ਕੀਤੇ ਬਿਨਾਂ ਹੀ ਪਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਵੇਖ ਰਹੇ ਹਨ, ਜੋ ਕਿ ਸਮਾਂ ਆਉਣ ’ਤੇ ‘ਆਪ’ ਨੂੰ ਜਵਾਬ ਦੇਣਗੇ।

Share: