ਵਾਸ਼ਿੰਗਟਨ : ਅਮਰੀਕਾ ਦੇ ਅਰੀਜ਼ੋਨਾ (ਟਕਸਨ) ਵਿੱਚ ਆਪਣੀ ਅਮਰੀਕੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਭਾਰਤ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾਂ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯੂਨੀਵਰਸਿਟੀ ਆਫ਼ ਅਰੀਜ਼ੋਨਾ ਵਿੱਚ ਬਿਜ਼ਨਸ ਐਨਾਲਿਟਿਕਸ ਦੇ ਵਿਦਿਆਰਥੀ ਰਹੇ ਵਰੁਣ ’ਤੇ ਦੋਸ਼ ਹੈ ਕਿ ਉਸ ਨੇ 6 ਅਗਸਤ ਨੂੰ ਆਪਣੀ 19 ਸਾਲਾਂ ਪ੍ਰੇਮਿਕਾ ਜੁਲਿਸਾ ਰੂਬੀ ਸਾਲਾਜ਼ਾਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਉਹ ਭਾਰਤ ਜਾਣ ਲਈ ਜਰਮਨੀ ਦੀ ਫਲਾਈਟ ’ਚ ਸਵਾਰ ਹੋ ਗਿਆ ਸੀ, ਪਰ ਜਰਮਨੀ ਪਹੁੰਚਦੇ ਹੀ ਪੁਲੀਸ ਨੇ ਉਸ ਨੂੰ ਦਬੋਚ ਲਿਆ। ਟਕਸਨ ਪੁਲੀਸ ਵਿਭਾਗ (TPD) ਅਨੁਸਾਰ, ਕਤਲ ਕਰਨ ਤੋਂ ਬਾਅਦ ਵਰੁਣ ਨੇ ਜੁਲਿਸਾ ਦਾ ਮੋਬਾਈਲ ਫ਼ੋਨ ਅਤੇ ਕ੍ਰੈਡਿਟ ਕਾਰਡ ਚੋਰੀ ਕਰ ਲਏ। ਵਾਰਦਾਤ ਨੂੰ ਛੁਪਾਉਣ ਲਈ ਉਹ ਖ਼ੁਦ ਜੁਲਿਸਾ ਬਣ ਕੇ ਉਸ ਦੀ ਮਾਂ ਨੂੰ ਮੈਸੇਜ ਭੇਜਦਾ ਰਿਹਾ। ਹਾਲਾਂਕਿ, ਮੈਸੇਜਾਂ ਦੀ ਭਾਸ਼ਾ ’ਤੇ ਸ਼ੱਕ ਹੋਣ ’ਤੇ ਪਰਿਵਾਰ ਨੇ ਪੁਲੀਸ ਨੂੰ ਜਾਂਚ ਲਈ ਭੇਜਿਆ। ਜਦੋਂ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਅਪਾਰਟਮੈਂਟ ਪਹੁੰਚੀ ਤਾਂ ਜੁਲਿਸਾ ਦੀ ਲਾਸ਼ ਧੌਣ ਤੱਕ ਕੰਬਲ ਨਾਲ ਢੱਕੀ ਹੋਈ ਸੀ ਅਤੇ ਉਸ ਦੀ ਧੌਣ ’ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਮਾਮਲੇ ਦਾ ਪਤਾ ਲੱਗਦਿਆਂ ਹੀ ਟਕਸਨ ਪੁਲੀਸ ਨੇ ਅਦਾਲਤ ਤੋਂ ਉਸ ਦੇ ਖ਼ਿਲਾਫ਼ ਫ਼ਰਸਟ ਡਿਗਰੀ ਮਰਡਰ ਅਤੇ ਅਗਵਾ ਦਾ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਇਸ ਤੋਂ ਬਾਅਦ ਟਕਸਨ ਪੁਲੀਸ, ਐੱਫ.ਬੀ.ਆਈ. (FBI) ਅਤੇ ਬਰਲਿਨ ਸਥਿਤ ਲੀਗਲ ਅਟੈਚੀ ਦਫ਼ਤਰ ਨੇ ਆਪਸੀ ਤਾਲਮੇਲ ਨਾਲ ਕਾਰਵਾਈ ਕਰਦਿਆਂ ਵਰੁਣ ਨੂੰ ਜਰਮਨੀ ਦੇ ਹਵਾਈ ਅੱਡੇ ’ਤੇ ਹੀ ਹਿਰਾਸਤ ’ਚ ਲੈ ਲਿਆ, ਜਿਸ ਨਾਲ ਉਸ ਦਾ ਅੱਗੇ ਭਾਰਤ ਜਾਣ ਦਾ ਪਲਾਨ ਅਸਫ਼ਲ ਹੋ ਗਿਆ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੁਲਿਸਾ ਵਰੁਣ ਦੇ ਹਿੰਸਕ ਵਿਵਹਾਰ ਤੋਂ ਤੰਗ ਆ ਕੇ ਉਸ ਨਾਲੋਂ ਰਿਸ਼ਤਾ ਤੋੜਨਾ ਚਾਹੁੰਦੀ ਸੀ। ਵਰੁਣ ਦਾ ਪਹਿਲਾਂ ਵੀ ਕੁੱਟਮਾਰ ਦਾ ਰਿਕਾਰਡ ਰਿਹਾ ਹੈ ਅਤੇ ਉਸ ਨੂੰ ਯੂਨੀਵਰਸਿਟੀ ਤੋਂ ਵੀ ਕੱਢ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਹੋਰ ਔਰਤ ਨੇ ਵੀ ਉਸ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਸਨ। ਇਸ ਵੇਲੇ ਵਰੁਣ ਜਰਮਨੀ ਦੀ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਅਮਰੀਕਾ (ਅਰੀਜ਼ੋਨਾ) ਡਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ।

