ਰਾਂਚੀ : ਝਾਰਖੰਡ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਨੂੰ ਲੈ ਕੇ ਵਿਦਿਆਰਥੀਆਂ ਦਾ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਰਾਂਚੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਦਰਸ਼ਨਕਾਰੀ ਵਿਦਿਆਰਥੀ ਆਗੂ ਨੇ ਸੂਬਾ ਸਰਕਾਰ ’ਤੇ ਝੂਠਾ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਇਹ ਗਲਤ ਦਾਅਵਾ ਕਰ ਰਹੀ ਹੈ ਕਿ ਉਸ ਨੇ ਵਿਦਿਆਰਥੀਆਂ ਦੀਆਂ 98 ਫੀਸਦੀ ਮੰਗਾਂ ਪੂਰੀਆਂ ਕਰ ਦਿੱਤੀਆਂ ਹਨ, ਜਦਕਿ ਅਸਲੀਅਤ ਇਹ ਹੈ ਕਿ ਵਿਦਿਆਰਥੀਆਂ ਵੱਲੋਂ ਮੰਗੀਆਂ ਗਈਆਂ 13 ਪ੍ਰੀਖਿਆਵਾਂ ਵਿੱਚੋਂ ਸਰਕਾਰ ਨੇ ਸਿਰਫ਼ 3 ਹੀ ਰੱਦ ਕੀਤੀਆਂ ਹਨ। ਵਿਦਿਆਰਥੀ ਆਗੂ ਨੇ ਸਪੱਸ਼ਟ ਕੀਤਾ ਕਿ ਭਰਤੀ ਪ੍ਰੀਖਿਆਵਾਂ ਵਿੱਚ ਹੋਈਆਂ ਗੜਬੜੀਆਂ ਅਤੇ ਬੇਨਿਯਮੀਆਂ ਦਾ ਪਰਦਾਫਾਸ਼ ਕਰਨ ਲਈ ਸੀ ਬੀ ਆਈ (CBI) ਜਾਂਚ ਹੋਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸੀ ਆਈ ਡੀ (CID) ਤੋਂ ਜਾਂਚ ਕਰਵਾਉਣ ਲਈ ਅੜੀ ਹੋਈ ਹੈ ਜਦਕਿ ਸੀ ਆਈ ਡੀ ਨੂੰ ਮਾਮਲਿਆਂ ਨੂੰ ਦਬਾਉਣ ਲਈ ਜਾਣਿਆ ਜਾਂਦਾ ਹੈ। ਵਿਦਿਆਰਥੀਆਂ ਦਾ ਸਾਫ਼ ਕਹਿਣਾ ਹੈ ਕਿ ਉਹ ਝਾਰਖੰਡ ਵਿੱਚੋਂ ਨੌਕਰੀਆਂ ਵੇਚਣ ਵਾਲੇ ਸਿਸਟਮ ਨੂੰ ਜੜ੍ਹੋਂ ਖ਼ਤਮ ਕਰਨਾ ਚਾਹੁੰਦੇ ਹਨ।
ਵਿਦਿਆਰਥੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਪੂਰੀ ਤਰ੍ਹਾਂ ਨਾਲ ਅਹਿੰਸਕ ਅਤੇ ਸ਼ਾਂਤਮਈ ਹੈ ਅਤੇ ਉਹ ਕਿਸੇ ਵੀ ਸਮਾਜ-ਵਿਰੋਧੀ ਤੱਤ ਨੂੰ ਉਨ੍ਹਾਂ ਦੇ ਲੋਕਤੰਤਰੀ ਅੰਦੋਲਨ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਦਿਆਂ ਵਿਦਿਆਰਥੀ ਆਗੂ ਨੇ ਝਾਰਖੰਡ ਭਰ ਦੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ‘ਵਿਧਾਨ ਸਭਾ ਮਾਰਚ’ ਵਿੱਚ ਸ਼ਾਮਲ ਹੋਣ।
ਝਾਰਖੰਡ ਲੋਕ ਸੇਵਾ ਕਮਿਸ਼ਨ ਦੇ ਤਿੰਨ ਮੈਂਬਰਾਂ ਦਾ ਅਸਤੀਫ਼ਾ
ਏਜੰਸੀ ਵੱਲੋਂ ਕਰਵਾਈਆਂ ਗਈਆਂ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਧਾਂਦਲੀਆਂ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਝਾਰਖੰਡ ਲੋਕ ਸੇਵਾ ਕਮਿਸ਼ਨ (ਜੇ ਪੀ ਐੱਸ ਸੀ) ਦੇ ਤਿੰਨੋਂ ਮੈਂਬਰਾਂ ਨੇ ਅੱਜ ਅਸਤੀਫ਼ਾ ਦੇ ਦਿੱਤਾ। ਲੋਕ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ, ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਅਜੀਤਾ ਭੱਟਾਚਾਰੀਆ, ਅਨੀਮਾ ਹਾਂਸਦਾ ਅਤੇ ਜਮਾਲ ਅਹਿਮਦ ਦੇ ਅਸਤੀਫ਼ਾ ਪ੍ਰਵਾਨ ਕਰ ਲਏ ਹਨ। ਇਹ ਅਸਤੀਫ਼ੇ ਸੀ ਆਈ ਡੀ ਵੱਲੋਂ ਪੇਪਰ ਲੀਕ ਸਣੇ ਧਾਂਦਲੀਆਂ ਦੇ ਦੋਸ਼ਾਂ ਦੇ ਸਬੰਧ ਵਿੱਚ ਤਿੰਨਾਂ ਮੈਂਬਰਾਂ ਨੂੰ ਪੁੱਛ-ਪੜਤਾਲ ਲਈ ਤਲਬ ਕੀਤੇ ਜਾਣ ਤੋਂ ਬਾਅਦ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੇ ਐੱਮ ਐੱਮ ਨੇਤਾ ਸੁਪ੍ਰਿਯੋ ਭੱਟਾਚਾਰੀਆ ਦੀ ਪਤਨੀ, ਅਜੀਤਾ ਭੱਟਾਚਾਰੀਆ ਤੋਂ 10 ਅਗਸਤ, ਅਹਿਮਦ ਤੋਂ 12 ਅਗਸਤ ਅਤੇ ਹਾਂਸਦਾ ਤੋਂ 14 ਅਗਸਤ ਨੂੰ ਪੁੱਛ-ਪੜਤਾਲ ਕੀਤੀ ਜਾਣੀ ਤੈਅ ਹੈ।
