ਸਿਫ਼ਰ ਕਾਲ: ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਛਾਇਆ

ਸਿਫ਼ਰ ਕਾਲ: ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਛਾਇਆ

ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਅੱਜ ਬੰਦੀ ਸਿੰਘਾਂ ਦੀ ਰਿਹਾਈ ‍ਅਤੇ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਨਾਲ ਜੁੜੇ ਮੁੱਦੇ ਛਾਏ ਰਹੇ। ਅੱਜ ਸਿਫ਼ਰ ਕਾਲ ਦੌਰਾਨ ਬਹੁਤੇ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਵੱਖ ਵੱਖ ਘਪਲਿਆਂ ਦੀ ਪੜਤਾਲ ਦੀ ਮੰਗ ਕੀਤੀ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਸਦਨ ’ਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਦਿਆਂ ਸਰਕਾਰਾਂ ਦੇ ਦੋਹਰੇ ਮਾਪਦੰਡਾਂ ’ਤੇ ਉਂਗਲ ਉਠਾਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬੰਦੀ ਸਿੰਘਾਂ ਨੂੰ ਪੈਰੋਲ ਤੱਕ ਨਹੀਂ ਮਿਲਦੀ, ਦੂਸਰੇ ਬੰਨੇ ਡੇਰਾ ਸਿਰਸਾ ਦੇ ਮੁਖੀ ਨੂੰ ਵਾਰ ਵਾਰ ਪੈਰੋਲ ਮਿਲ ਰਹੀ ਹੈ।

ਮਨਪ੍ਰੀਤ ਸਿੰਘ ਇਆਲ਼ੀ ਨੇ ਉਚੇਚੇ ਤੌਰ ’ਤੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਆਦਿ ਦੇ ਹਵਾਲੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੈਰੋਲ ਦਿੱਤੇ ਜਾਣ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਸ਼ਿਫ਼ਟ ਨਹੀਂ ਕੀਤਾ ਜਾ ਰਿਹਾ ਹੈ ਅਤੇ ਸੰਸਦ ਦੇ ਮੌਨਸੂਨ ਇਜਲਾਸ ’ਚ ਹਿੱਸਾ ਲੈਣ ਦੀ ਇਜਾਜ਼ਤ ਵੀ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਦਿੱਤੀ ਜਾ ਰਹੀ ਹੈ। ਇਸ ਬਾਬਤ ਹਾਈ ਕੋਰਟ ’ਚ ਦਾਇਰ ਕੀਤੀ ਪਟੀਸ਼ਨ ’ਤੇ ਪੰਜਾਬ ਸਰਕਾਰ ਲੰਮੀਆਂ ਤਰੀਕਾਂ ਲੈ ਰਹੀ ਹੈ। ਇਆਲ਼ੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਸੰਸਦੀ ਕੋਟੇ ਦੇ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਹਨ।

ਸਦਨ ’ਚ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦੇ ਅਧਿਕਾਰ ਇੱਕ ਨਿੱਜੀ ਚੈਨਲ ਨੂੰ ਦਿੱਤੇ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਾਲ 2023 ਤੋਂ ਇਸ ਚੈੱਨਲ ਵੱਲ ਛੇ ਕਰੋੜ ਦਾ ਬਕਾਇਆ ਖੜ੍ਹਾ ਹੈ। ਗਿਆਸਪੁਰਾ ਨੇ ਲੇਖਾਕਾਰ ਸਤਿੰਦਰ ਕੋਹਲੀ ਤੋਂ 7.50 ਕਰੋੜ ਦੀ ਵਸੂਲੀ ਨਾ ਕੀਤੇ ਜਾਣ ਦੀ ਗੱਲ ਵੀ ਰੱਖੀ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗੁਰੂ ਰਵਿਦਾਸ ਦੀ ਜੈਅੰਤੀ ਦੇ ਮੱਦੇਨਜ਼ਰ ਹੁਸ਼ਿਆਰਪੁਰ ਸ਼ਹਿਰ ਦਾ ਨਾਮ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਕੀਤੇ ਜਾਣ ਦੀ ਮੰਗ ਸਦਨ ’ਚ ਰੱਖੀ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਟਿਊਬਵੈੱਲ ਕੁਨੈਕਸ਼ਨਾਂ ਦੀ ਵੰਡ ਦਾ ਜ਼ਿਕਰ ਕਰਦਿਆਂ ਮੋਟਰ ਕੁਨੈਕਸ਼ਨ ਨੂੰ ਅੱਧੀ ਅੱਧੀ ਹਾਰਸ ਪਾਵਰ ’ਚ ਵੰਡ ਕੇ ਇੱਕ ਨਵਾਂ ਕੁਨੈਕਸ਼ਨ ਜਾਰੀ ਕਰਨ ਦੀ ਸਲਾਹ ਦਿੱਤੀ।

ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਮਾਰਤਾਂ ਦੀ ਸਮੱਗਰੀ ਦੇ ਸਰਕਾਰੀ ਭਾਅ ਘੱਟ ਹੋਣ ਕਰਕੇ ਪਿੰਡਾਂ ’ਚ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਮਾਰਕੀਟ ਭਾਅ ਉੱਚੇ ਹਨ ਜਦੋਂ ਕਿ ਸਰਕਾਰੀ ਭਾਅ ਘੱਟ ਤੈਅ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਭਾਅ ਰਿਵਾਈਜ਼ ਕੀਤੇ ਜਾਣ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਸ਼ਹਿਰ ਦੇ ਅਸਾਵੇਂ ਵਿਕਾਸ ਦੀ ਗੱਲ ਰੱਖੀ ਜਦੋਂ ਕਿ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਨਵੇਂ ਬਣਾਏ 26 ਖੇਡ ਮੈਦਾਨਾਂ ਦੀ ਜਾਂਚ ਮੰਗੀ। ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਜੇ ਸੀ ਟੀ ਮਿੱਲ ਦੇ ਮੁਲਾਜ਼ਮਾਂ ਦੇ ਬਕਾਏ ਦੀ ਮੁਕੰਮਲ ਅਦਾਇਗੀ ਦੀ ਗੱਲ ਕੀਤੀ ਜਦੋਂ ਕਿ ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਸ਼ਹੀਦ ਭਗਤ ਸਿੰਘ ਨਗਰ ’ਚ ਬਣਨ ਵਾਲੇ ਮੈਡੀਕਲ ਕਾਲਜ ਦਾ ਕੰਮ ਹਾਲੇ ਤੱਕ ਸ਼ੁਰੂ ਨਾ ਹੋਣ ਦਾ ਮੁੱਦਾ ਚੁੱਕਿਆ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਫ਼ਰ ਕਾਲ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮੁੱਦਾ ਚੁੱਕਿਆ ਜਿਨ੍ਹਾਂ ਦੇ ਡੀ ਏ ਦੇ ਬਕਾਏ 15 ਦਿਨਾਂ ’ਚ ਦੇਣ ਲਈ ਹਾਈ ਕੋਰਟ ਦਾ ਫ਼ੈਸਲਾ ਆਇਆ ਹੈ। ਬਾਜਵਾ ਨੇ ਕਿਹਾ ਕਿ ਹਾਈ ਕੋਰਟ ਨੇ 7.50 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਚਾਰ ਸਾਲ ਦਾ ਡੀ ਏ ਜੋ ਕਰੀਬ 14 ਹਜ਼ਾਰ ਕਰੋੜ ਬਣਦਾ ਹੈ, 6 ਫ਼ੀਸਦੀ ਵਿਆਜ ਦਰ ਨਾਲ 15 ਦਿਨਾਂ ਦੇ ਅੰਦਰ ਦੇਣ ਲਈ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਪਸ਼ਟ ਕਰੇ ਕਿ ਅਦਾਲਤੀ ਹੁਕਮਾਂ ਦੀ ਪਾਲਣਾ ਕਰੇਗੀ ਜਾਂ ਸੁਪਰੀਮ ਕੋਰਟ ਦਾ ਰੁਖ਼ ਕਰੇਗੀ।

ਬਾਬਾ ਫ਼ਰੀਦ ’ਵਰਸਿਟੀ ਦੇ ਘਪਲਿਆਂ ਦੀ ਜਾਂਚ ਹੋਵੇ: ਪਰਗਟ ਸਿੰਘ

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਫਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰੀਖਿਆ ਦੇ ਪੇਪਰ ਲੀਕ ਦੇ ਹਵਾਲੇ ਨਾਲ ਫ਼ਰੀਦਕੋਟ ਦੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ’ਚ ਹੋਏ ਘਪਲਿਆਂ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਜਾਂਚ ਕੀਤੀ ਜਾਵੇ ਤਾਂ ਸੌ ਤੋਂ ਵੱਧ ਘਪਲੇ ਸਾਹਮਣੇ ਆਉਣਗੇ। ਉਨ੍ਹਾਂ ਇਸ ਮੌਕੇ ਬਰਨਾਲਾ ਤੇ ਖੰਨਾ ’ਚ ਹੋਏ ਪੁਲੀਸ ਲਾਠੀਚਾਰਜਾਂ ਖ਼ਿਲਾਫ਼ ਵੀ ਨਿੰਦਾ ਪ੍ਰਸਤਾਵ ਲਿਆਉਣ ਦਾ ਮਸ਼ਵਰਾ ਦਿੱਤਾ। ਵਿਧਾਇਕ ਨੇ ਕੌਮੀ ਸਿੱਖਿਆ ਨੀਤੀ ਖ਼ਿਲਾਫ਼ ਸਾਂਝੀ ਲੜਾਈ ਵਿੱਢਣ ’ਤੇ ਵੀ ਜ਼ੋਰ ਦਿੱਤਾ।

ਰਾਣਾ ਗੁਰਜੀਤ ਨੇ ਸੱਤਾ ਧਿਰ ਘੇਰੀ

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਾਦੀਆਂ, ਚਮਕੌਰ ਸਾਹਿਬ ਤੇ ਕਪੂਰਥਲਾ ਦੀ ਕੌਂਸਲ/ਨਿਗਮ ਦੀ ਪ੍ਰਧਾਨਗੀ ਚੋਣ ’ਚ ਸਰਕਾਰੀ ਜ਼ਿਆਦਤੀ ਦੇ ਮੁੱਦੇ ’ਤੇ ਸੱਤਾਧਾਰੀ ਧਿਰ ਦੀ ਘੇਰਾਬੰਦੀ ਕੀਤੀ। ਰਾਣਾ ਗੁਰਜੀਤ ਨੇ ਸੂਬਾ ਸਰਕਾਰ ਦੀ ਧੱਕੇਸ਼ਾਹੀ ਨੂੰ ਜਮਹੂਰੀਅਤ ਦਾ ਘਾਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ਿਆਦਤੀ ਕਰਕੇ ਹੀ ਹਾਈ ਕੋਰਟ ਨੇ ਕਪੂਰਥਲਾ ਦੀ ਚੋਣ ’ਤੇ ਸਟੇਅ ਲਾ ਦਿੱਤੀ। ਉਸ ਮਗਰੋਂ ਇੱਕ ਕਾਰੋਬਾਰੀ ਕੌਂਸਲਰ ਨੂੰ ਧਮਕਾਇਆ ਗਿਆ ਤੇ ਉਸ ਦੀ ਦੁਕਾਨ ਤੱਕ ਸੀਲ ਕਰ ਦਿੱਤੀ ਜੋ ਹਾਈ ਕੋਰਟ ਦੇ ਦਾਖਲ ਮਗਰੋਂ ਖੁੱਲ੍ਹੀ। ਉਨ੍ਹਾਂ ਵਿਸਥਾਰ ਦਿੱਤਾ ਕਿ ਕਿਵੇਂ ਕਪੂਰਥਲਾ ਨਿਗਮ ਦੀ ਚੋਣ ’ਚ ਧਾਂਦਲੀ ਕੀਤੀ ਗਈ।

ਪੰਜਾਬ ਵਿਧਾਨ ਸਭਾ: ਕੁਝ ਝਲਕੀਆਂ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਈ-20 ਤੇਲ ’ਤੇ ਬਹਿਸ ਮੌਕੇ ਤਨਜ ਕੀਤਾ ਕਿ ‘ਇੱਕ ਈ-ਟਵੰਟੀ ਹੈ, ਦੂਜਾ ਟੀ-ਟਵੰਟੀ’ ਹੈ। ਹੁਣ ਈ-20 ਸਮੁੱਚੇ ਦੇਸ਼ ਦਾ ਮੁੱਦਾ ਹੈ।

ਮੁੱਖ ਮੰਤਰੀ ਮਾਨ ਨੇ ਐਪਸਟੀਨ ਫਾਈਲਾਂ ਦਾ ਬਿਨਾਂ ਜ਼ਿਕਰ ਕੀਤਿਆਂ ਕਿਹਾ ਕਿ ‘ਪਤਾ ਨੀ ਟਰੰਪ ਕੋਲ ਕਿਹੜੀ ਸੀ ਡੀ ਪਈ ਹੈ ਜੋ ਖ਼ੁਦ ਜਾਂ ਅਡਾਨੀ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨੂੰ ਵਾਰ ਵਾਰ ਝੁਕਣਾ ਪੈ ਰਿਹਾ ਹੈ।’

ਮੁੱਖ ਮੰਤਰੀ ਨੇ ਈਥਾਨੌਲ ਵਾਲੇ ਤੇਲ ਨਾਲ ਵਾਹਨਾਂ ਦੇ ਇੰਜਣ ਜਾਮ ਹੋਣ ਲਈ ਦੇਸੀ ਮਿਸਾਲ ਦਿੱਤੀ ਕਿ ਜਿਵੇਂ ਪਿੰਡਾਂ ’ਚ ਪੁਰਾਣੇ ਸਮਿਆਂ ’ਚ ਕੋਈ ਖੁੰਧਕ ਕੱਢਣ ਲਈ ਟਰੈਕਟਰ ਦੀ ਤੇਲ ਦੀ ਟੈਂਕੀ ’ਚ ਖੰਡ ਪਾ ਜਾਂਦਾ ਸੀ।

ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸਿਫ਼ਰ ਕਾਲ ਦੌਰਾਨ ਚਿਤਾਵਨੀ ਦਿੱਤੀ ਕਿ ਜੇ ਗੁਰਦਾਸਪੁਰ ਸ਼ਹਿਰ ’ਚ ਕੂੜਾ ਸਾਈਟ ਨਾ ਦਿੱਤੀ ਗਈ ਤਾਂ ਉਹ ਕੂੜੇ ਦੇ ਢੇਰ ਡੀ ਸੀ ਦੀ ਕੋਠੀ ਅੱਗੇ ਲਾਉਣਗੇ। ਉਸ ਤੋਂ ਅੱਗੇ ਕਿੱਥੇ ਕੂੜੇ ਦੇ ਢੇਰ ਲਾਵਾਂਗੇ, ਇਹ ਮੌਕੇ ’ਤੇ ਦੱਸਾਂਗੇ।

ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਜੋ ਹੁਣ ਜ਼ਮਾਨਤ ’ਤੇ ਬਾਹਰ ਆਏ ਹਨ, ਨੇ ਟਾਂਗਰੀ ਦੀ ਸਫ਼ਾਈ ਅਤੇ ਬੰਨ੍ਹਾਂ ਲਈ ਆਏ 16 ਕਰੋੜ ਦੀ ਰਾਸ਼ੀ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਪਹਿਲਾਂ ਵੀ ਪਾਣੀ ਦਾ ਮੁੱਦਾ ਚੁੱਕਣ ਕਰਕੇ ਉਨ੍ਹਾਂ ਨੂੰ ਜੇਲ੍ਹ ਵੇਖਣੀ ਪਈ।

ਸਦਨ ’ਚ ਅੱਜ ਕਦੇ ਛੋਟੇ ਰਾਣਾ ਤੇ ਕਦੇ ਵੱਡੇ ਰਾਣਾ ਜੀ ਦੀ ਗੱਲ ਚੱਲਦੀ ਰਹੀ। ਬਹਿਸ ’ਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬੋਲਣ ਲਈ ਸਮਾਂ ਮੰਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ‘ਬੋਲ ਲੈਣ ਦਿਓ ਛੋਟੇ ਰਾਣਾ ਜੀ ਨੂੰ।’ ਅੱਗਿਓਂ ਸਪੀਕਰ ਸੰਧਵਾਂ ਨੇ ਕਿਹਾ ਕਿ ‘ਵੱਡੇ ਰਾਣਾ ਜੀ ਪਹਿਲਾਂ ਬੋਲ ਗਏ।’

ਅੱਜ ਜਦੋਂ ਈਥਾਨੌਲ ਆਲੇ ਤੇਲ ’ਤੇ ਬਹਿਸ ਦੀ ਸ਼ੁਰੂਆਤ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤੀ ਤਾਂ ਉਸ ਵਕਤ ਹਾਕਮ ਧਿਰ ਦੇ 48 ਵਿਧਾਇਕ ਗੈਰ ਹਾਜ਼ਰ ਸਨ ਜਦੋਂ ਕਿ ਭਾਜਪਾ ਦੇ ਦੋਵੇਂ ਵਿਧਾਇਕ ਅਤੇ ਅਕਾਲੀ ਦਲ ਦਾ ਕੋਈ ਵਿਧਾਇਕ ਹਾਜ਼ਰ ਨਹੀਂ ਸੀ।

ਈਥਾਨੌਲ ’ਤੇ ਬਹਿਸ ਮੌਕੇ ਰਾਣਾ ਗੁਰਜੀਤ ਵੱਲ ਵਿੱਤ ਮੰਤਰੀ ਚੀਮਾ ਨੇ ਇਸ਼ਾਰਾ ਕੀਤਾ ਕਿਉਂਕਿ ਰਾਣਾ ਗੁਰਜੀਤ ਈਥੋਨੌਲ ਨਿਰਮਾਤਾ ਹਨ। ਜੁਆਬ ’ਚ ਰਾਣਾ ਗੁਰਜੀਤ ਨੇ ਕਿਹਾ, ‘ਮੈਂ ਕਰਮਯੋਗੀ ਹਾਂ, ਲੁਟੇਰੇ ਨਹੀਂ, ਪਹਿਲਾਂ ਧਾਗੇ ਦਾ ਕੰਮ ਕੀਤਾ, ਫਿਰ ਚੀਨੀ ਦਾ ਕੀਤਾ ਤੇ ਹੁਣ ਈਥੋਨੌਲ ਦਾ, ਅੱਗੇ ਕੋਈ ਹੋਰ ਕੰਮ ਕਰ ਲਵਾਂਗੇ।’

Share: