ਭਾਰੀ ਮੀਂਹ ਕਾਰਨ ਮਾਨਸਾ, ਮੋਗਾ ਅਤੇ ਮੁਕਤਸਰ ਸਮੇਤ ਕਈ ਸ਼ਹਿਰ ਜਲ-ਥਲ

ਭਾਰੀ ਮੀਂਹ ਕਾਰਨ ਮਾਨਸਾ, ਮੋਗਾ ਅਤੇ ਮੁਕਤਸਰ ਸਮੇਤ ਕਈ ਸ਼ਹਿਰ ਜਲ-ਥਲ

ਮਾਨਸਾ : ਇੱਥੇ ਬੀਤੀ ਦੇਰ ਰਾਤ ਤੋਂ ਪੈਣ ਲੱਗੇ ਭਾਰੀ ਮੀਂਹ ਨੇ ਸ਼ਹਿਰ ਜਲ-ਥਲ ਕਰ ਦਿੱਤਾ। ਅੱਧੀ ਰਾਤ ਤੋਂ ਰੁਕ-ਰੁਕ ਕੇ ਪਏ ਮੀਂਹ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਸ਼ਹਿਰ ਵਿੱਚ ਪਾਣੀ ਭਰਨ ਕਾਰਨ ਬੱਚੇ ਸਕੂਲ ਨਹੀਂ ਜਾ ਸਕੇ ਅਤੇ ਬਹੁਤੇ ਸਰਕਾਰੀ ਮੁਲਾਜ਼ਮ ਵੀ ਘਰਾਂ ਵਿੱਚ ਫਸ ਕੇ ਰਹਿ ਗਏ। ਮੁੱਖ ਬਜ਼ਾਰਾਂ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਦੁਕਾਨਾਂ ਵੀ ਦੇਰੀ ਨਾਲ ਖੁੱਲ੍ਹੀਆਂ। ਮੀਂਹ ਨਾਲ ਮਾਨਸਾ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗਲੀਆਂ ਭਰਨ ਮਗਰੋਂ ਕਈ ਮੁਹੱਲਿਆਂ ਵਿੱਚ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖ਼ਲ ਹੋ ਗਿਆ। ਲੋਕ ਬਾਲਟੀਆਂ ਨਾਲ ਘਰਾਂ ਵਿੱਚੋਂ ਪਾਣੀ ਕੱਢਣ ਦਾ ਬੰਦੋਬਸਤ ਕਰਦੇ ਹੋਏ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਸ਼ਹਿਰ ਵਾਸੀਆਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੌਰਾਨ ਹਰ ਵਾਰ ਸ਼ਹਿਰ ਦਾ ਬੁਰਾ ਹਾਲ ਹੁੰਦਾ ਹੈ, ਪਰ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਨੂੰ ਮਾਨਸੂਨ ਦੌਰਾਨ ਨਿਕਾਸੀ ਦੇ ਪ੍ਰਬੰਧ ਕਰਨ ਦੇ ਦਿੱਤੇ ਆਦੇਸ਼ਾਂ ਦੀ ਅੱਜ ਦੇ ਮੀਂਹ ਨੇ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਪਾਣੀ ਖੜ੍ਹਨ ਕਾਰਨ ਦੋ-ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਅਤੇ ਬਜ਼ਾਰਾਂ ਵਿੱਚੋਂ ਲੰਘਣਾ ਔਖਾ ਹੋ ਗਿਆ।

ਨਗਰ ਕੌਂਸਲ ਅਤੇ ਸੀਵਰੇਜ ਬੋਰਡ ਨੇ ਕੁਝ ਦਿਨ ਪਹਿਲਾਂ ਹੀ ਪਾਣੀ ਦੀ ਨਿਕਾਸੀ ਦੇ ਬੰਦੋਬਸਤ ਮੁਕੰਮਲ ਹੋਣ ਦਾ ਦਾਅਵਾ ਕੀਤਾ ਸੀ। ਇਸ ਦੇ ਬਾਵਜੂਦ ਸੀਵਰੇਜ ਰਾਹੀਂ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਨਾ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਸ਼ਹਿਰ ਵਾਸੀਆਂ ਦੀ ਪ੍ਰੇਸ਼ਾਨੀ ਦੇ ਬਾਵਜੂਦ ਦੇਰ ਸ਼ਾਮ ਤੱਕ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਕਿਤੇ ਵੀ ਨਜ਼ਰ ਨਹੀਂ ਆਏ।

ਤਪਾ ਮੰਡੀ : ਸਥਾਨਕ ਇਲਾਕੇ ਵਿੱਚ ਬੀਤੇ ਦਿਨ ਮੌਸਮ ਨੇ ਕਰਵਟ ਲਈ। ਸਵੇਰੇ ਤਪਸ਼, ਗਰਮ ਹਵਾਵਾਂ ਅਤੇ ਹੁੰਮਸ ਭਰੇ ਮਾਹੌਲ ਕਾਰਨ ਲੋਕ ਗਰਮੀ ਨਾਲ ਬੇਹਾਲ ਰਹੇ। ਦੁਪਹਿਰ ਤੱਕ ਗਰਮੀ ਦਾ ਕਹਿਰ ਜਾਰੀ ਰਿਹਾ, ਪਰ ਸ਼ਾਮ ਨੂੰ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਕਈ ਥਾਵਾਂ ਉੱਤੇ ਝੜੀ ਲੱਗ ਗਈ। ਤੇਜ਼ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਪਰ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ। ਸੜਕਾਂ ਉੱਤੇ ਪਾਣੀ ਖੜ੍ਹਨ ਕਾਰਨ ਦੁਕਾਨਦਾਰਾਂ, ਰਾਹਗੀਰਾਂ ਅਤੇ ਦੋ-ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਿਕਾਸੀ ਹੌਲੀ ਹੋਣ ਕਾਰਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜ੍ਹੇ ਹੋਏ। ਅਨਾਜ ਮੰਡੀ ਵਿਚਕਾਰ ਬਣੀ ਉੱਚੀ ਸੜਕ ਕਾਰਨ ਮੰਡੀ ਨੇ ਛੱਪੜ ਦਾ ਰੂਪ ਧਾਰ ਲਿਆ, ਜਿਸ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਹੋਈ। ਦੂਜੇ ਪਾਸੇ ਮੀਂਹ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਚਿਹਰਿਆਂ ਉੱਤੇ ਖੁਸ਼ੀ ਦੇਖਣ ਨੂੰ ਮਿਲੀ। ਕਿਸਾਨਾਂ ਨੇ ਇਸ ਮੀਂਹ ਨੂੰ ਫ਼ਸਲਾਂ ਲਈ ਲਾਹੇਵੰਦ ਦੱਸਿਆ।

Share: