Dabur ਦੀ 100% ਸ਼ੁੱਧਤਾ ਸਵਾਲਾਂ ’ਚ! FSSAI ਨੇ ਉਤਪਾਦਾਂ ਦੀ ਵਿਕਰੀ ’ਤੇ ਲਾਈ ਰੋਕ

Dabur ਦੀ 100% ਸ਼ੁੱਧਤਾ ਸਵਾਲਾਂ ’ਚ! FSSAI ਨੇ ਉਤਪਾਦਾਂ ਦੀ ਵਿਕਰੀ ’ਤੇ ਲਾਈ ਰੋਕ

ਨਵੀਂ ਦਿੱਲੀ : ਖੁਰਾਕੀ ਪਦਾਰਥਾਂ ਦੀ ਗੁਣਵੱਤਾ ਅਤੇ ਉਤਪਾਦਾਂ ਦੀ ਲੇਬਲਿੰਗ ’ਤੇ ਸਖ਼ਤ ਕਾਰਵਾਈ ਕਰਦਿਆਂ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਲਿਮਟਿਡ ’ਤੇ ਵੱਡਾ ਸ਼ਿਕੰਜਾ ਕੱਸਿਆ ਹੈ। ਅਥਾਰਟੀ ਨੇ ਕੰਪਨੀ ਵੱਲੋਂ ਆਪਣੇ ਉਤਪਾਦਾਂ ’ਤੇ ‘100 ਫੀਸਦੀ’ ਸ਼ੁੱਧਤਾ ਦੇ ਅਸਪਸ਼ਟ ਅਤੇ ਗੁਮਰਾਹਕੁੰਨ ਦਾਅਵੇ ਕਰਨ ਦੇ ਮਾਮਲੇ ਵਿੱਚ ਪਾਬੰਦੀ ਦੇ ਹੁਕਮ (Prohibition Order) ਜਾਰੀ ਕਰਦਿਆਂ ਅਜਿਹੇ ਖਾਧ ਪਦਾਰਥਾਂ ਦੀ ਵਿਕਰੀ ਤੁਰੰਤ ਰੋਕਣ ਦੇ ਨਿਰਦੇਸ਼ ਦਿੱਤੇ ਹਨ।

FSSAI ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਡਾਬਰ ਦੀ ਵੈੱਬਸਾਈਟ ’ਤੇ ਵੇਚੇ ਜਾ ਰਹੇ ਕਈ ਉਤਪਾਦਾਂ ’ਤੇ 100% ਨੈਚੁਰਲ, 100% ਪਿਓਰ, 100% ਪਿਓਰਟੀ ਗਾਰੰਟੀਡ, 100% ਔਰਗੈਨਿਕ ਅਤੇ 100% ਟੈਂਡਰ ਕੋਕੋਨਟ ਵਾਟਰ ਵਰਗੇ ਦਾਅਵੇ ਕੀਤੇ ਜਾ ਰਹੇ ਸਨ। ਅਥਾਰਟੀ ਮੁਤਾਬਕ ਇਹ ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਜ਼ (ਐਡਵਰਟਾਈਜ਼ਿੰਗ ਐਂਡ ਕਲੇਮਜ਼) ਰੈਗੂਲੇਸ਼ਨਜ਼, 2018 ਦੇ ਨਿਯਮਾਂ ਦੀ ਉਲੰਘਣਾ ਹਨ, ਕਿਉਂਕਿ ਇਹ ਅਸਪਸ਼ਟ, ਅਪ੍ਰਮਾਣਿਤ ਹਨ ਅਤੇ ਖਰੀਦਦਾਰਾਂ ਨੂੰ ਗੁਮਰਾਹ ਕਰ ਸਕਦੇ ਹਨ। ਰੈਗੂਲੇਟਰ ਨੇ ਇਹ ਵੀ ਕਿਹਾ ਕਿ ‘ਡਾਬਰ ਹਿਮਾਲਅਨ ਔਰਗੈਨਿਕ ਐਪਲ ਸਾਈਡਰ ਵਿਨੇਗਰ’ ਅਤੇ ‘ਡਾਬਰ ਔਰਗੈਨਿਕ ਹਨੀ’ ਉੱਤੇ ਬਿਨਾਂ ਮਾਨਤਾ ਪ੍ਰਾਪਤ FSSAI ਔਰਗੈਨਿਕ ਐਂਡੋਰਸਮੈਂਟ ਦੇ ਜੈਵਿਕ ਭਾਰਤ (Jaivik Bharat) ਦਾ ਲੋਗੋ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਡਾਬਰ ਹੋਮਮੇਡ ਕੋਕੋਨਟ ਮਿਲਕ ਨੂੰ 100% ਸ਼ੁੱਧਤਾ ਦੇ ਦਾਅਵੇ ਨਾਲ ਵੇਚਿਆ ਜਾ ਰਿਹਾ ਸੀ, ਜਦਕਿ ਮਿਸ਼ਰਤ ਖਾਧ ਪਦਾਰਥਾਂ ਲਈ ਅਜਿਹੇ ਦਾਅਵੇ ਕਰਨ ਦੀ ਕਾਨੂੰਨਨ ਮਨਾਹੀ ਹੈ। ਅਥਾਰਟੀ ਨੇ ਦੱਸਿਆ ਕਿ ਪਹਿਲਾਂ ਨੋਟਿਸ ਜਾਰੀ ਕਰਨ ਦੇ ਬਾਵਜੂਦ ਕੰਪਨੀ ਵੱਲੋਂ ਕੋਈ ਠੋਸ ਸੁਧਾਰਾਤਮਕ ਕਦਮ ਨਹੀਂ ਚੁੱਕਿਆ ਗਿਆ ਸੀ। ਦੂਜੇ ਪਾਸੇ, ਸਰਕਾਰ ਨੇ ਸੰਸਦ ਵਿੱਚ ਦੱਸਿਆ ਕਿ ਸਾਲ 2025-26 ਦੌਰਾਨ ਦੇਸ਼ ਭਰ ਵਿੱਚ ਲਏ ਗਏ ਖਾਧ ਪਦਾਰਥਾਂ, ਪੀਣ ਵਾਲੇ ਪਦਾਰਥਾਂ ਅਤੇ ਕੈਫੀਨ ਵਾਲੇ ਡਰਿੰਕਸ ਦੇ 40,000 ਤੋਂ ਵੱਧ ਸੈਂਪਲ ਮਿਆਰਾਂ ’ਤੇ ਖਰੇ ਨਹੀਂ ਉਤਰੇ। ਲੋਕ ਸਭਾ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਦੱਸਿਆ ਕਿ ਸਾਲ 2025-26 ਦੌਰਾਨ ਕੁੱਲ 2,23,808 ਖਾਧ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 40,023 ਸੈਂਪਲ ਅਸਫਲ (non-conforming) ਪਾਏ ਗਏ।

Share: