ਸ੍ਰੀ ਮੁਕਤਸਰ ਸਾਹਿਬ : ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਦੀ ਕੋਈ ਇੱਛਾ ਬਾਕੀ ਨਹੀਂ ਰਹੀ। ਕਾਂਗਰਸ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਕਿਲ੍ਹੇ ਵਰਗਾ ਘਰ ਦਿੱਤਾ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਆਂਢੀ ਹਨ। ਰਾਜਾ ਵੜਿੰਗ ਨੇ ਕਿਹਾ, ‘ਜੇ ਹਾਈ ਕਮਾਂਡ ਕਹੇਗੀ ਤਾਂ ਹੁਣ ਅਸਤੀਫਾ ਵੀ ਦੇ ਸਕਦਾ ਹਾਂ ਪਰ ਕਾਂਗਰਸ ਦਾ ਸਾਥ ਕਦੇ ਨਹੀਂ ਛੱਡ ਸਕਦਾ।’ ਇੱਥੇ ‘ਹਰ ਬੂਥ ਕਾਂਗਰਸ ਮਜ਼ਬੂਤ’ ਬੈਠਕ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਆਦਮੀ ਨਾਅਰੇ ਲਾਉਣ ਨਹੀਂ ਆਇਆ ਕਿਉਂਕਿ ਇਹ ਕਾਂਗਰਸੀਆਂ ਦਾ ਗੜ੍ਹ ਹੈ। ਇਥੇ ਕੋਈ ਗੜਬੜ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਰਸਤਾ ਦਿਖਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਸ਼ਹਿਰ ਵਿੱਚ ਉਨ੍ਹਾਂ ਖਿਲਾਫ ਪੋਸਟਰ ਲਾਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਥੇ ਤਾਂ ਲੋਕਾਂ ਨੇ ਵੜਨ ਨਹੀਂ ਦੇਣਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਂਡਿਆਂ ਤੇ ਸਿਆਹੀ ਦਾ ਕੋਈ ਡਰ ਨਹੀਂ। ਦੂਜੇ ਪਾਸੇ ਕਾਂਗਰਸ ਸੂਬਾ ਪ੍ਰਧਾਨ ਨੇ ਪਾਰਟੀ ਵਿਚਲੇ ਵਿਰੋਧੀ ਚਰਨਜੀਤ ਸਿੰਘ ਚੰਨੀ ਬਾਰੇ ਕੋਈ ਇਕ ਸ਼ਬਦ ਨਹੀਂ ਬੋਲਿਆ।
ਲੰਬੀ, ਮਲੋਟ, ਮੁਕਤਸਰ ਤੋਂ ਕਾਂਗਰਸ ਜਿੱਤੇਗੀ: ਵੜਿੰਗ
ਰਾਜਾ ਵੜਿੰਗ ਨੇ ਕਿਹਾ ਕਿ ਇਹ ਬਾਦਲਾਂ ਦਾ ਜ਼ਿਲ੍ਹਾ ਹੈ ਪਰ ਕਾਂਗਰਸੀ ਵਰਕਰਾਂ ਨੇ ਹਰ ਧੱਕਾ ਸਹਿ ਕੇ ਬਾਦਲਾਂ ਨੂੰ ਇਥੋਂ ਅਲਵਿਦਾ ਕਰ ਦਿੱਤਾ। ਲੰਬੀ, ਮਲੋਟ, ਮੁਕਤਸਰ ਤੋਂ ਕਾਂਗਰਸ ਜਿੱਤੇਗੀ।
ਉਨ੍ਹਾਂ ਕਾਂਗਰਸ ਦੀ ਮੁਕਤਸਰ ਤੋਂ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦਾ ਬਿਨਾਂ ਨਾਮ ਲਿਆ ਕਿਹਾ ਕਿ ਕੁੱਝ ਲੋਕਾਂ ਨੂੰ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਟਿਕਟ ਲਗਾਤਾਰ ਮਿਲੀ ਪਰ ਉਨ੍ਹਾਂ ਨੂੰ ਸਬਰ ਨਾ ਆਇਆ। ਕਈ ਜਣੇ ਅਜੇ ਵੀ ਸਿਰਫ ਟਿਕਟ ਖਾਤਰ ਹੀ ਕਾਂਗਰਸ ਨਾਲ ਜੁੜੇ ਹਨ।
ਇਸ ਮੌਕੇ ਨਰਿੰਦਰ ਸਿੰਘ ਕਾਉਣੀ, ਗੁਰਸੰਤ ਸਿੰਘ ਬਰਾੜ, ਹਰਚਰਨ ਸਿੰਘ ਬਰਾੜ ਸੋਥਾ, ਅੰਮ੍ਰਿਤਾ ਵੜਿੰਗ ਤੇ ਹੋਰ ਆਗੂ ਵੀ ਮੌਜੂਦ ਸਨ।

