ਚੰਡੀਗੜ੍ਹ : ਭਾਰਤ ਨੇ ਕਾਮਨਵੈਲਥ ਗੇਮਜ਼ ਵਿੱਚ ਸਿਰਫ਼ 15 ਮਿੰਟਾਂ ਦੇ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲਡ ਮੈਡਲ ਆਪਣੇ ਨਾਂ ਕਰ ਲਏ ਹਨ। ਸ਼ੁੱਕਰਵਾਰ ਰਾਤ 8:56 ਵਜੇ ਜੂਡੋ ਖਿਡਾਰੀ ਅਸਮਿਤਾ ਡੇ ਨੇ ਮਹਿਲਾਵਾਂ ਦੀ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਦੀ ਖਿਡਾਰਨ ਹੇਡੀ ਕਵਾਚ ਨੂੰ 2-1 ਨਾਲ ਹਰਾ ਕੇ ਦੇਸ਼ ਲਈ ਪਹਿਲਾ ਗੋਲਡ ਜਿੱਤਿਆ। ਇਸ ਤੋਂ ਤੁਰੰਤ ਬਾਅਦ ਰਾਤ 9:11 ਵਜੇ ਹਰਸ਼ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਆਸਟ੍ਰੇਲੀਆ ਦੇ ਜੇ ਕਾਟਜ਼ ਨੂੰ 10-0 ਦੇ ਵੱਡੇ ਫ਼ਰਕ ਨਾਲ ਹਰਾ ਕੇ ਭਾਰਤ ਦੀ ਝੋਲੀ ਵਿੱਚ ਦੂਜਾ ਗੋਲਡ ਮੈਡਲ ਪਾਇਆ। ਗਲਾਸਗੋ ਵਿੱਚ ਚੱਲ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਦੀ ਯਾਮਿਨੀ ਮੌਰਿਆ ਨੂੰ ਮਹਿਲਾਵਾਂ ਦੇ 57 ਕਿਲੋਗ੍ਰਾਮ ਜੂਡੋ ਮੁਕਾਬਲੇ ਦੇ ਫਾਈਨਲ ਵਿੱਚ ਇੰਗਲੈਂਡ ਦੀ ਤਜਰਬੇਕਾਰ ਖਿਡਾਰਨ ਅਸੇਲਿਆ ਟੋਪਰਾਕ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਸ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਇਸ ਹਾਰ ਨਾਲ ਜੂਡੋ ਵਿੱਚ ਭਾਰਤ ਦਾ ਤੀਜਾ ਗੋਲਡ ਮੈਡਲ ਜਿੱਤਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ। 28 ਸਾਲਾ ਭਾਰਤੀ ਖਿਡਾਰਨ ਨੇ ਬਰਮਿੰਘਮ ਖੇਡਾਂ ਦੀ ਸਿਲਵਰ ਤਮਗਾ ਜੇਤੂ ਵਿਰੁੱਧ ਬਹਾਦਰੀ ਅਤੇ ਅਨੁਸ਼ਾਸਨ ਦਾ ਮੁਜ਼ਾਹਰਾ ਕੀਤਾ ਅਤੇ ਨਿਰਧਾਰਤ ਚਾਰ ਮਿੰਟਾਂ ਦੇ ਸਮੇਂ ਤੱਕ ਆਪਣੇ ਵਿਰੋਧੀ ਨੂੰ ਪੂਰੀ ਟੱਕਰ ਦਿੱਤੀ। ਦੋਵਾਂ ਖਿਡਾਰਨਾਂ ਵਿਚਕਾਰ ਮੁਕਾਬਲਾ ਇੰਨਾ ਸਖ਼ਤ ਸੀ ਕਿ ਨਿਰਧਾਰਤ ਸਮੇਂ ਵਿੱਚ ਕੋਈ ਵੀ ਖਿਡਾਰਨ ਅੰਕ ਹਾਸਲ ਨਹੀਂ ਕਰ ਸਕੀ, ਜਿਸ ਕਾਰਨ ਮੈਚ ‘ਗੋਲਡਨ ਸਕੋਰ’ ਵਿੱਚ ਪਹੁੰਚ ਗਿਆ। ਮੱਧ ਪ੍ਰਦੇਸ਼ ਦੇ ਸਾਗਰ ਨਾਲ ਸਬੰਧਤ ਯਾਮਿਨੀ ਨੇ ਅਜ਼ਰਬਾਈਜਾਨ ਵਿੱਚ ਜੰਮੀ ਇੰਗਲੈਂਡ ਦੀ ਖਿਡਾਰਨ ਦੇ ਦਬਾਅ ਦਾ ਲੰਮਾ ਸਮਾਂ ਡਟ ਕੇ ਸਾਹਮਣਾ ਕੀਤਾ। ਹਾਲਾਂਕਿ, ਗੋਲਡਨ ਸਕੋਰ ਦੇ ਤਕਰੀਬਨ ਤਿੰਨ ਮਿੰਟ ਬਾਅਦ ਅਤੇ ਕੁਲ ਮਿਲਾ ਕੇ ਸੱਤ ਮਿੰਟ ਦੇ ਨੇੜੇ ਪਹੁੰਚ ਕੇ ਯਾਮਿਨੀ ਨੂੰ ਆਪਣੀ ਤੀਜੀ ਪੈਨਲਟੀ ਮਿਲ ਗਈ, ਜਿਸ ਕਾਰਨ ਅੰਤਰਰਾਸ਼ਟਰੀ ਜੂਡੋ ਫੈਡਰੇਸ਼ਨ (IJF) ਦੇ ਨਿਯਮਾਂ ਤਹਿਤ ਉਸ ਨੂੰ ਅਯੋਗ (Hansoku-make) ਕਰਾਰ ਦਿੱਤਾ ਗਿਆ ਅਤੇ ਜਿੱਤ ਇੰਗਲੈਂਡ ਦੀ ਖਿਡਾਰਨ ਦੀ ਝੋਲੀ ਪੈ ਗਈ।
ਇਨ੍ਹਾਂ ਦੋ ਗੋਲਡ ਮੈਡਲਾਂ ਦੀ ਬਦੌਲਤ ਭਾਰਤ ਹੁਣ ਮੈਡਲ ਸੂਚੀ ਵਿੱਚ 9ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਕੋਲ ਹੁਣ ਕੁੱਲ 20 ਮੈਡਲ ਹੋ ਗਏ ਹਨ, ਜਿਨ੍ਹਾਂ ਵਿੱਚ 5 ਗੋਲਡ, 11 ਸਿਲਵਰ ਅਤੇ 4 ਕਾਂਸੀ ਦੇ ਮੈਡਲ ਸ਼ਾਮਲ ਹਨ। ਖਿਡਾਰੀਆਂ ਦੀ ਇਸ ਬੇਮਿਸਾਲ ਕਾਰਗੁਜ਼ਾਰੀ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਖੇਡ ਪ੍ਰੇਮੀ ਇਨ੍ਹਾਂ ਜਿੱਤਾਂ ਦਾ ਜਸ਼ਨ ਮਾਣ ਰਹੇ ਹਨ।
ਹਰਸ਼ ਦਾ ਸ਼ਾਨਦਾਰ ਪ੍ਰਦਰਸ਼ਨ
ਇਸ ਮੈਚ ਵਿਚ ਹਰਸ਼ ਨੇ ਵੀ ਬੇਹੱਦ ਅਨੁਸ਼ਾਸਿਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਲਈ ਜੂਡੋ ਦਾ ਦੂਜਾ ਸੋਨ ਤਮਗਾ ਜਿੱਤਿਆ। ਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਕਾਟਜ਼ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਸ਼ੁਰੂਆਤੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਪਰ ਹਰਸ਼ ਨੇ ਸ਼ਾਨਦਾਰ ਬਚਾਅ ਕਰਦਿਆਂ ਆਸਟ੍ਰੇਲਿਆਈ ਖਿਡਾਰੀ ਨੂੰ ਸਕੋਰ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਮੁਕਾਬਲੇ ਦੇ 3:19 ਮਿੰਟ ’ਤੇ ਹਰਸ਼ ਨੇ ਮੋੜਵਾਂ ਹਮਲਾ ਕਰਦਿਆਂ ਸ਼ਾਨਦਾਰ ਥਰੋਅ ਸੁੱਟਿਆ ਅਤੇ ਕਾਟਜ਼ ਨੂੰ ਪਿੰਨ ਕਰਕੇ Waza-Ari ਅੰਕ ਹਾਸਲ ਕੀਤਾ ਜਿਸ ਜ਼ਰੀਏ ਜਿੱਤ ਹਾਸਲ ਹੋਈ।
ਭਾਰਤ ਦੀ ਮੈਡਲ ਸੂਚੀ ਅਤੇ ਗਲਾਸਗੋ ਖੇਡਾਂ ਵਿੱਚ ਸੋਨ ਤਮਗਿਆਂ ਦੀ ਸੂਚੀ
ਹਰਸ਼ ਦੀ ਇਸ ਸ਼ਾਨਦਾਰ ਜਿੱਤ ਨਾਲ ਭਾਰਤ ਨੂੰ ਕਾਮਨਵੈਲਥ ਗੇਮਜ਼ 2026 ਵਿੱਚ ਪੰਜਵਾਂ ਗੋਲਡ ਮੈਡਲ ਮਿਲ ਗਿਆ ਹੈ। ਹੁਣ ਗਲਾਸਗੋ ਵਿੱਚ ਭਾਰਤ ਦੇ ਕੁੱਲ 20 ਮੈਡਲ ਹੋ ਗਏ ਹਨ, ਜਿਨ੍ਹਾਂ ਵਿੱਚ ਪੰਜ ਗੋਲਡ, 11 ਸਿਲਵਰ ਅਤੇ 4 ਬ੍ਰਾਂਜ ਮੈਡਲ ਸ਼ਾਮਲ ਹਨ।

