ਚੰਨੀ, ਰੰਧਾਵਾ ਅਤੇ ਵੜਿੰਗ ਵਿਚਕਾਰ ਗੁਪਤ ਮੀਟਿੰਗ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ

ਚੰਨੀ, ਰੰਧਾਵਾ ਅਤੇ ਵੜਿੰਗ ਵਿਚਕਾਰ ਗੁਪਤ ਮੀਟਿੰਗ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ

ਚੰਡੀਗੜ੍ਹ : ਮੰਗਲਵਾਰ ਰਾਤ ਨੂੰ ਦਿੱਲੀ ਵਿਖੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਹੋਈ ਇੱਕ ਗੁਪਤ ਮੀਟਿੰਗ ਨੂੰ ਲੈ ਕੇ ਕਾਂਗਰਸੀ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਗਰਮ ਹੈ। ਕਥਿਤ ਤੌਰ ’ਤੇ ਰੰਧਾਵਾ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਹੋਈ ਇਸ ਮੀਟਿੰਗ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਮੀਡੀਆ ਏਜੰਸੀ ਦੇ ਮਾਲਕ ਵੱਲੋਂ ਕਰਵਾਈ ਗਈ ਸੀ, ਜੋ ਪਾਰਟੀ ਆਗੂਆਂ ਨਾਲ ਕੰਮ ਕਰਦਾ ਰਿਹਾ ਹੈ। ਭਾਵੇਂ ਆਗੂ ਮੀਟਿੰਗ ਬਾਰੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ, ਪਰ ਪਾਰਟੀ ਸੂਤਰਾਂ ਨੇ ਦੱਸਿਆ ਕਿ ਤਿੰਨਾਂ ਨੇਤਾਵਾਂ ਵਿਚਕਾਰ ਚਰਚਾ ਵੜਿੰਗ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਹਿਣ ਦੀ ਤਰਜ਼ ‘ਤੇ ਹੋਈ। ਚੰਨੀ ਅਤੇ ਰੰਧਾਵਾ ਨੇ ਕਥਿਤ ਤੌਰ ‘ਤੇ ਵੜਿੰਗ ਨਾਲ ਬਹਿਸ ਕੀਤੀ ਕਿ ਉਨ੍ਹਾਂ ਦਾ ਪ੍ਰਸਿੱਧੀ ਗ੍ਰਾਫ ਹੇਠਾਂ ਆ ਗਿਆ ਹੈ ਅਤੇ ਉਨ੍ਹਾਂ ਲਈ ਅਤੇ ਪਾਰਟੀ ਲਈ ਇਹ ਚੰਗਾ ਹੋਵੇਗਾ ਕਿ ਉਹ ਅਹੁਦਾ ਛੱਡ ਦੇਣ। ਪਾਰਟੀ ਲੀਡਰਸ਼ਿਪ ਵੱਲੋਂ ਨੇਤਾਵਾਂ ਵਿਚਕਾਰ ਠਰ੍ਹੰਮਾ ਲਿਆਉਣ (ਮਤਭੇਦ ਦੂਰ ਕਰਨ) ਦੀ ਕੋਸ਼ਿਸ਼ ਤੋਂ ਇਲਾਵਾ ਮੀਟਿੰਗ ਵਿੱਚ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਸੂਤਰਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਦਿੱਲੀ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਸੰਗਠਨ ਕੇਸੀ ਵੇਣੂਗੋਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ, ਵੜਿੰਗ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਸ਼ਰਤ ਨਾਲ ਕਿ ਉਹ ਚੋਣ ਪ੍ਰਚਾਰ ਨਹੀਂ ਕਰਨਗੇ। ਇਹ ਵੀ ਖ਼ਬਰ ਹੈ ਕਿ ਜੇ ਵੜਿੰਗ ਨੂੰ ਨਾ ਹਟਾਇਆ ਗਿਆ ਤਾਂ ਚੰਨੀ ਨੇ ਵੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਅਜਿਹੀਆਂ ਹੋਰ ਪਰਦੇ ਦੇ ਪਿੱਛੇ ਦੀਆਂ ਗੱਲਬਾਤਾਂ ਹੋ ਸਕਦੀਆਂ ਹਨ ਕਿਉਂਕਿ ਅਸੰਤੁਸ਼ਟ ਨੇਤਾ ਦਿੱਲੀ ਵਿੱਚ ਮੌਜੂਦ ਹਨ।

Share: