ਮੁਹਾਲੀ : ਮਗਨਰੇਗਾ ਮੁਲਾਜ਼ਮਾਂ ਵੱਲੋਂ 29 ਜੁਲਾਈ ਨੂੰ ਪੰਚਾਇਤ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫਤਰ ਵਿਕਾਸ ਭਵਨ ਦਾ ਘਿਰਾਓ ਕਰਨ ਉਪਰੰਤ ਦੇਰ ਸ਼ਾਮ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਭਵਨ ਵਿਖੇ ਮੁਲਾਜਮਾਂ ਦੀ ਯੂਨੀਅਨ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੀਤ ਬਾਲਾਜੀ ਜੋਸ਼ੀ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੀ ਮੌਜੂਦ ਸਨ। ਮੀਟਿੰਗ ਵਿੱਚ ਮੰਗਾਂ ਸਬੰਧੀ ਸਹਿਮਤੀ ਬਣਨ ਉਪਰੰਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਸੰਯੁਕਤ ਵਿਕਾਸ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੱਲੋਂ ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਲਿਖਤੀ ਪੱਤਰ ਜਾਰੀ ਕਰ ਗਿਆ ਹੈ। ਇਸ ਪੱਤਰ ਦੇ ਜਾਰੀ ਹੋਣ ਮਗਰੋਂ ਮਗਨਰੇਗਾ ਮੁਲਾਜ਼ਮ ਅੱਜ ਆਪਣੇ ਕੰਮ ਤੇ ਵਾਪਸ ਪਰਤ ਆਏ ਹਨ। ਮਗਨਰੇਗਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਝੰਡੂਕੇ ਵੱਲੋਂ ਵੀਡੀਓ ਜਾਰੀ ਕਰਦਿਆਂ ਸਾਰੇ ਕਰਮਚਾਰੀਆਂ ਨੂੰ ਅੱਜ ਆਪਣੇ ਕੰਮ ਉੱਤੇ ਪਰਤਣ ਦਾ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਰਮਚਾਰੀਆਂ ਦੀਆਂ ਜ਼ਿਆਦਾਤਰ ਮੰਗਾਂ ਪ੍ਰਵਾਨ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਪੰਚਾਇਤ ਵਿਭਾਗ ਵਿੱਚ ਮਰਜ਼ ਹੋਣ ਦੀ ਪ੍ਰਮੁੱਖ ਮੰਗ ਸਬੰਧੀ ਸਮੁੱਚਾ ਕੇਸ ਤਿਆਰ ਕਰਕੇ ਪੰਜ ਅਗਸਤ ਨੂੰ ਦੁਬਾਰਾ ਫੇਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਤੈਅ ਹੋਈ ਹੈ।
ਮਗਨਰੇਗਾ ਯੂਨੀਅਨ ਦੇ ਪ੍ਰਮੁੱਖ ਆਗੂਆਂ ਨੇ ਸਮਝੌਤੇ ਨਾਲ ਪ੍ਰਗਟਾਈ ਅਸਹਿਮਤੀ
ਮਗਨਰੇਗਾ ਮੁਲਾਜ਼ਮ ਯੂਨੀਅਨ ਦੇ ਸਰਪ੍ਰਸਤ ਵਰਿੰਦਰ ਸਿੰਘ ਬਠਿੰਡਾ ਅਤੇ ਹੋਰਨਾਂ ਨੇ ਇੱਕ ਵੱਖਰੀ ਵੀਡੀਓ ਕਲਿੱਪ ਪਾ ਕੇ ਯੂਨੀਅਨ ਦੇ ਆਗੂਆਂ ਅਤੇ ਵਿੱਤ ਮੰਤਰੀ ਦਰਮਿਆਨ ਹੋਏ ਸਮਝੌਤੇ ਉੱਤੇ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਾਰੇ ਮਗਨਰੇਗਾ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਆਪਣੀ ਡਿਊਟੀਆਂ ਤੇ ਜ਼ਰੂਰ ਪਰਤ ਆਉਣ ਪਰ ਆਪਣਾ ਸੰਘਰਸ਼ ਡਿਊਟੀਆਂ ਦੌਰਾਨ ਵੀ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਈ ਵੀ ਪ੍ਰਮੁੱਖ ਮੰਗ ਨਹੀਂ ਮੰਨੀ, ਇਸ ਲਈ ਸਾਡਾ ਸੰਘਰਸ਼ ਡਿਊਟੀਆਂ ਉੱਤੇ ਆਉਣ ਦੇ ਬਾਵਜੂਦ ਵੀ ਜਾਰੀ ਰਹੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਪੰਜਾਬ ਪੱਧਰ ਦੀ ਇੱਕ ਮੀਟਿੰਗ ਸੱਦ ਕੇ ਅਗਲੇ ਫੈਸਲੇ ਲਏ ਜਾਣਗੇ।

