ਪਹਿਲੀ ਨੂੰ ਚਾਲੀ ਲੱਖ ਹੋਰ ਫੋਨਾਂ ਵਿੱਚ ਹੋਵੇਗੀ ਟੂੰ-ਟੂੰ: CM Mann

ਪਹਿਲੀ ਨੂੰ ਚਾਲੀ ਲੱਖ ਹੋਰ ਫੋਨਾਂ ਵਿੱਚ ਹੋਵੇਗੀ ਟੂੰ-ਟੂੰ: CM Mann

ਰੂਪਨਗਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਇੱਥੇ ਸਰਕਾਰੀ ਕਾਲਜ ਵਿਖੇ ਬੁੱਧਵਾਰ ਸ਼ਾਮ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਨਾਤਨ ਸੇਵਾ ਸਮਿਤੀ ਵੱਲੋਂ ਕਰਵਾਏ ਧਾਰਮਿਕ ਸਮਾਗਮ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 25 ਲੱਖ ਮਾਵਾਂ-ਭੈਣਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੈਸੇ ਪਾਏ ਜਾ ਚੁੱਕੇ ਹਨ ਅਤੇ ਪਹਿਲੀ ਅਗਸਤ ਨੂੰ ਹੋਰ 40 ਲੱਖ ਬੀਬੀਆਂ ਦੇ ਫੋਨਾਂ ਵਿੱਚ ਟੂੰ ਟੂੰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਜੋ ਬੀਜੋਗੇ ਉਹ ਉੱਗ ਜਾਵੇਗਾ ਪਰ ਨਫਰਤ ਦਾ ਬੀਜ ਇੱਥੇ ਕਦੇ ਨਹੀਂ ਉੱਗ ਸਕਦਾ। ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਧਾਰਮਿਕ ਪ੍ਰੋਗਰਾਮ ਰਲ ਮਿਲ ਕੇ ਕਰਵਾਉਂਦੇ ਹਨ।

ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਦਰਬਾਰ ਸਾਹਿਬ, ਰਾਮ ਤੀਰਥ ਮੰਦਿਰ ਤੇ ਹੋਰ ਧਾਰਮਿਕ ਅਸਥਾਨਾਂ ਦੇ ਮੁਫਤ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਪਹਿਲੀ ਅਗਸਤ ਤੋਂ ਖਾਟੂ ਸ਼ਾਮ, ਬਾਲਾਸਰ, ਰਿਸ਼ੀਕੇਸ਼ ਤੇ ਹਰਿਦੁਆਰ ਲਈ ਨਵੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ। ਸਮਾਗਮ ਦੀ ਸ਼ੁਰੂਆਤ ਗਾਇਕਾ ਅਸ਼ਮਿਤਾ ਨੇ ਕੀਤੀ ਅਤੇ ਮੁੱਖ ਮੰਤਰੀ ਦੇ ਭਾਸ਼ਣ ਤੋਂ ਬਾਅਦ ਹੰਸ ਰਾਜ ਰਘੂਵੰਸ਼ੀ ਨੇ ਆਪਣੇ ਪ੍ਰਸਿੱਧ ਭਜਨਾਂ ਰਾਹੀਂ ਲੰਮਾ ਸਮਾਂ ਲੋਕਾਂ ਨੂੰ ਮੰਤਰ ਮੁਗਧ ਕਰੀ ਰੱਖਿਆ। ਸਮਾਗਮ ਦੌਰਾਨ ਵੱਖ ਵੱਖ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ, ਉਨ੍ਹਾਂ ਦੀ ਪਤਨੀ ਨਿਸ਼ਾ ਚੱਢਾ, ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਸਤਿੰਦਰ ਕੌਰ, ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਪਤਵੰਤੇ ਆਪੋ ਆਪਣੇ ਪਿੰਡਾਂ ਤੋਂ ਵੱਡੀ ਗਿਣਤੀ ਸ਼ਰਧਾਲੂ ਲੈ ਕੇ ਪੁੱਜੇ ਹੋਏ ਸਨ।

Share: