ਵਿੱਤ ਮੰਤਰੀ ਨਾਲ ਸਹਿਮਤੀ ਮਗਰੋਂ ਡਿਊਟੀ ‘ਤੇ ਪਰਤੇ ਮਗਨਰੇਗਾ ਮੁਲਾਜ਼ਮ

ਵਿੱਤ ਮੰਤਰੀ ਨਾਲ ਸਹਿਮਤੀ ਮਗਰੋਂ ਡਿਊਟੀ ‘ਤੇ ਪਰਤੇ ਮਗਨਰੇਗਾ ਮੁਲਾਜ਼ਮ

ਮੁਹਾਲੀ : ਮਗਨਰੇਗਾ ਮੁਲਾਜ਼ਮਾਂ ਵੱਲੋਂ 29 ਜੁਲਾਈ ਨੂੰ ਪੰਚਾਇਤ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫਤਰ ਵਿਕਾਸ ਭਵਨ ਦਾ ਘਿਰਾਓ ਕਰਨ ਉਪਰੰਤ ਦੇਰ ਸ਼ਾਮ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਭਵਨ ਵਿਖੇ ਮੁਲਾਜਮਾਂ ਦੀ ਯੂਨੀਅਨ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੀਤ ਬਾਲਾਜੀ ਜੋਸ਼ੀ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੀ ਮੌਜੂਦ ਸਨ। ਮੀਟਿੰਗ ਵਿੱਚ ਮੰਗਾਂ ਸਬੰਧੀ ਸਹਿਮਤੀ ਬਣਨ ਉਪਰੰਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਸੰਯੁਕਤ ਵਿਕਾਸ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੱਲੋਂ ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਲਿਖਤੀ ਪੱਤਰ ਜਾਰੀ ਕਰ ਗਿਆ ਹੈ। ਇਸ ਪੱਤਰ ਦੇ ਜਾਰੀ ਹੋਣ ਮਗਰੋਂ ਮਗਨਰੇਗਾ ਮੁਲਾਜ਼ਮ ਅੱਜ ਆਪਣੇ ਕੰਮ ਤੇ ਵਾਪਸ ਪਰਤ ਆਏ ਹਨ। ਮਗਨਰੇਗਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਝੰਡੂਕੇ ਵੱਲੋਂ ਵੀਡੀਓ ਜਾਰੀ ਕਰਦਿਆਂ ਸਾਰੇ ਕਰਮਚਾਰੀਆਂ ਨੂੰ ਅੱਜ ਆਪਣੇ ਕੰਮ ਉੱਤੇ ਪਰਤਣ ਦਾ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਰਮਚਾਰੀਆਂ ਦੀਆਂ ਜ਼ਿਆਦਾਤਰ ਮੰਗਾਂ ਪ੍ਰਵਾਨ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਪੰਚਾਇਤ ਵਿਭਾਗ ਵਿੱਚ ਮਰਜ਼ ਹੋਣ ਦੀ ਪ੍ਰਮੁੱਖ ਮੰਗ ਸਬੰਧੀ ਸਮੁੱਚਾ ਕੇਸ ਤਿਆਰ ਕਰਕੇ ਪੰਜ ਅਗਸਤ ਨੂੰ ਦੁਬਾਰਾ ਫੇਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਤੈਅ ਹੋਈ ਹੈ।

ਪੰਚਾਇਤ ਵਿਭਾਗ ਦੀ ਸੰਯੁਕਤ ਵਿਕਾਸ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਜਿਨਾਂ ਮੰਗਾਂ ਨੂੰ ਮੰਨਣ ਦਾ ਜ਼ਿਕਰ ਹੈ, ਉਨ੍ਹਾਂ ਵਿੱਚ ਵੀ ਬੀ ਜੀ ਰਾਮ ਜੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੇਸ ਸਮਰੱਥ ਅਥਾਰਟੀ ਕੋਲ ਭੇਜਿਆ ਜਾਵੇਗਾ। ਮੁਲਾਜ਼ਮਾਂ ਦੀ ਨੌਕਰੀ ਦੀ ਕੰਟਰੈਕਟ ਦੀ ਮਿਆਦ ਇੱਕ ਸਾਲ ਦੀ ਥਾਂ 10 ਸਾਲ ਜਾਂ ਜਦੋਂ ਤੱਕ ਸਕੀਮ ਚਲੇਗੀ ਉਦੋਂ ਤੱਕ ਹੋਵੇਗੀ। ਇਸੇ ਤਰ੍ਹਾਂ ਹੜਤਾਲ ਦੌਰਾਨ ਜਾਰੀ ਕੀਤੀ ਗਈ ਨੋ ਵਰਕ, ਨੋ ਪੇਅ ਦੀ ਚਿੱਠੀ ਨੂੰ ਇਸ ਸ਼ਰਤ ਉੱਤੇ ਰੱਦ ਕੀਤਾ ਜਾਵੇਗਾ ਕਿ ਮਗਨਰੇਗਾ ਕਾਮੇ ਹੜਤਾਲ ਦੌਰਾਨ ਪੈਂਡਿੰਗ ਪਿਆ ਸਾਰਾ ਕੰਮ ਪੂਰਾ ਕਰਨਗੇ।
ਇਸੇ ਤਰ੍ਹਾਂ ਆਊਟਸੋਰਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀ ਪਾਲਸੀ ਅਧੀਨ ਹੀ ਕੰਟਰੈਕਟ ਤੇ ਕਰਨ ਸਬੰਧੀ ਵਿਚਾਰਿਆ ਜਾਵੇਗਾ। ਮਗਨਰੇਗਾ ਮੁਲਾਜ਼ਮਾਂ ਵਿੱਚੋਂ 35 ਹਜ਼ਾਰ ਤੋਂ ਵੱਧ ਤਨਖਾਹਾਂ ਲੈਣ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਦਸ ਫ਼ੀਸਦੀ ਅਤੇ 35000 ਤੋਂ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ 15 ਫ਼ੀਸਦੀ ਵਾਧਾ ਕੀਤਾ ਜਾਵੇਗਾ। ਮੋਬਾਇਲ ਭੱਤਾ 250 ਰੁਪਏ ਤੋਂ ਵਧਾ ਕੇ 500 ਰੁਪਏ ਮਹੀਨਾ ਹੋਵੇਗਾ ਅਤੇ ਕੰਮ ਦੀ ਪ੍ਰਗਤੀ ਦੇ ਆਧਾਰ ਤੇ ਇਨਸੈਂਟਿਵ ਵੀ ਦਿੱਤਾ ਜਾਵੇਗਾ। ਤਨਖਾਹ ਮਿਲਣ ਲਈ ਆਉਂਦੀਆਂ ਦਿੱਕਤਾਂ ਦੂਰ ਹੋਣਗੀਆਂ ਅਤੇ ਅੱਠ ਮਹੀਨੇ ਦੀਆਂ ਬਾਕਾਇਦਾ ਤਨਖਾਹਾਂ ਜਲਦੀ ਜਾਰੀ ਹੋਣਗੀਆਂ।
ਜੇ ਡੀ ਸੀ ਵੱਲੋਂ ਪੱਤਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਲਾਭ ਉਹਨਾਂ ਮਗਨਰੇਗਾ ਮੁਲਾਜ਼ਮਾਂ ਨੂੰ ਹੀ ਦਿੱਤੇ ਜਾਣਗੇ ਜਿਹੜੇ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਵਿੱਚ 30 ਜੁਲਾਈ ਤੱਕ ਆਪਣੀ ਜੁਆਇਨਿੰਗ ਕਰ ਲੈਣਗੇ।

ਮਗਨਰੇਗਾ ਯੂਨੀਅਨ ਦੇ ਪ੍ਰਮੁੱਖ ਆਗੂਆਂ ਨੇ ਸਮਝੌਤੇ ਨਾਲ ਪ੍ਰਗਟਾਈ ਅਸਹਿਮਤੀ

ਮਗਨਰੇਗਾ ਮੁਲਾਜ਼ਮ ਯੂਨੀਅਨ ਦੇ ਸਰਪ੍ਰਸਤ ਵਰਿੰਦਰ ਸਿੰਘ ਬਠਿੰਡਾ ਅਤੇ ਹੋਰਨਾਂ ਨੇ ਇੱਕ ਵੱਖਰੀ ਵੀਡੀਓ ਕਲਿੱਪ ਪਾ ਕੇ ਯੂਨੀਅਨ ਦੇ ਆਗੂਆਂ ਅਤੇ ਵਿੱਤ ਮੰਤਰੀ ਦਰਮਿਆਨ ਹੋਏ ਸਮਝੌਤੇ ਉੱਤੇ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਾਰੇ ਮਗਨਰੇਗਾ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਆਪਣੀ ਡਿਊਟੀਆਂ ਤੇ ਜ਼ਰੂਰ ਪਰਤ ਆਉਣ ਪਰ ਆਪਣਾ ਸੰਘਰਸ਼ ਡਿਊਟੀਆਂ ਦੌਰਾਨ ਵੀ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਈ ਵੀ ਪ੍ਰਮੁੱਖ ਮੰਗ ਨਹੀਂ ਮੰਨੀ, ਇਸ ਲਈ ਸਾਡਾ ਸੰਘਰਸ਼ ਡਿਊਟੀਆਂ ਉੱਤੇ ਆਉਣ ਦੇ ਬਾਵਜੂਦ ਵੀ ਜਾਰੀ ਰਹੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਪੰਜਾਬ ਪੱਧਰ ਦੀ ਇੱਕ ਮੀਟਿੰਗ ਸੱਦ ਕੇ ਅਗਲੇ ਫੈਸਲੇ ਲਏ ਜਾਣਗੇ।

Share: