Abohar ਦੇ ਸਕੂਲਾਂ ਨੂੰ Bomb Threat, ਈ-ਮੇਲ ਮਿਲਣ ਤੋਂ ਬਾਅਦ Schools ਖਾਲੀ ਕਰਵਾਏ

Abohar ਦੇ ਸਕੂਲਾਂ ਨੂੰ Bomb Threat, ਈ-ਮੇਲ ਮਿਲਣ ਤੋਂ ਬਾਅਦ Schools ਖਾਲੀ ਕਰਵਾਏ

ਅਬੋਹਰ : ਅਬੋਹਰ ਦੇ ਕਈ ਪ੍ਰਮੁੱਖ ਨਿੱਜੀ ਸਕੂਲਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਅਫਰਾ-ਤਫਰੀ ਮਚ ਗਈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਡੀ ਏ ਵੀ ਪਬਲਿਕ ਸਕੂਲ ਅਤੇ ਅਸੰਪਸ਼ਨ ਕਾਨਵੈਂਟ ਸਕੂਲ ਸਮੇਤ ਪ੍ਰਭਾਵਿਤ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ।

ਜਾਣਕਾਰੀ ਅਨੁਸਾਰ ਧਮਕੀ ਭਰੀ ਈ-ਮੇਲ ਸਵੇਰੇ ਕਰੀਬ ਅੱਠ ਵਜੇ ਪ੍ਰਾਪਤ ਹੋਈ, ਜਿਸ ਵਿੱਚ ਦੁਪਹਿਰ ਨੂੰ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ। ਸਕੂਲ ਪ੍ਰਬੰਧਕਾਂ ਨੇ ਤੁਰੰਤ ਪੁਲੀਸ ਨਾਲ ਸੰਪਰਕ ਕੀਤਾ ਅਤੇ ਬੱਚਿਆਂ ਨੂੰ ਸ਼ਾਂਤਮਈ ਢੰਗ ਨਾਲ ਬਾਹਰ ਕੱਢ ਕੇ ਮਾਪਿਆਂ ਨੂੰ ਸੂਚਿਤ ਕੀਤਾ। ਇਸ ਮਗਰੋਂ ਮਾਪਿਆਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਅਤੇ ਆਪਣੇ ਬੱਚਿਆਂ ਨੂੰ ਲੈਣ ਸਕੂਲਾਂ ਵਿੱਚ ਪਹੁੰਚੇ, ਜਿਸ ਕਾਰਨ ਸਕੂਲਾਂ ਦੇ ਬਾਹਰ ਮਾਪਿਆਂ ਦੀ ਭੀੜ ਵੀ ਦੇਖਣ ਨੂੰ ਮਿਲੀ। ਡੀ ਏ ਵੀ ਸਕੂਲ ਦੀ ਪ੍ਰਿੰਸੀਪਲ ਸਮਿਤਾ ਸ਼ਰਮਾ ਨੇ ਦੱਸਿਆ ਕਿ ਈ-ਮੇਲ ਮਿਲਦਿਆਂ ਹੀ ਡੀ ਐਸ ਪੀ ਹਰੀਸ਼ ਕੁਮਾਰ ਅਤੇ ਐੱਸ ਡੀ ਐੈੱਮ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੇ ਨਿਰਦੇਸ਼ਾਂ ਉੱਤੇ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ। ਪੁਲੀਸ ਵੱਲੋਂ ਇਸ ਈ-ਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।

Share: