ਮਾਲਵੇ ਵਿੱਚ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ

ਮਾਲਵੇ ਵਿੱਚ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ

ਮਾਨਸਾ : ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਏ ਮੀਂਹਾਂ ਅਤੇ ਝੋਨੇ ਦੀ ਲੁਵਾਈ ਵਿੱਚ ਤੇਜ਼ੀ ਆਉਣ ਕਾਰਨ ਹੁਣ ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਸਬਜ਼ੀਆਂ ਹੇਠਲਾ ਰਕਬਾ ਪਛੇਤੇ ਝੋਨੇ ਹੇਠ ਜਾਣ ਕਾਰਨ ਕਿਸਾਨਾਂ ਵੱਲੋਂ ਸਬਜ਼ੀਆਂ ਪੁੱਟ ਦਿੱਤੀਆਂ ਗਈਆਂ ਹਨ, ਜਦਕਿ ਚੌੜੇ ਪੱਤੇ ਵਾਲੀਆਂ ਸਬਜ਼ੀਆਂ ਨੂੰ ਮੀਂਹਾਂ ਦੀ ਭਾਰੀ ਮਾਰ ਪਈ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮਾਝੇ ਅਤੇ ਦੋਆਬੇ ’ਚੋਂ ਆਉਂਦੀਆਂ ਸਬਜ਼ੀਆਂ ਮੀਂਹਾਂ ਦੀ ਭੇਟ ਚੜ੍ਹ ਗਈਆਂ ਹਨ। ਬਾਜ਼ਾਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਤੋਰੀ 80 ਰੁਪਏ, ਗੁਆਰੇ ਅਤੇ ਚੌਲਿਆਂ ਦੀਆਂ ਫਲੀਆਂ 100 ਰੁਪਏ, ਭਿੰਡੀ 100 ਰੁਪਏ, ਬੈਂਗਣ 60 ਰੁਪਏ ਅਤੇ ਆਲੂ 25 ਰੁਪਏ ਕਿਲੋ ਵਿਕ ਰਹੇ ਹਨ। ਇਸੇ ਤਰ੍ਹਾਂ ਕੱਦੂ, ਪੇਠਾ, ਅੱਲਾ, ਹਰੀਆਂ ਮਿਰਚਾਂ, ਬੰਦ ਗੋਭੀ, ਫੁੱਲ ਗੋਭੀ ਅਤੇ ਨਿੰਬੂ ਵੀ ਮਹਿੰਗੇ ਹੋ ਗਏ ਹਨ। ਮੀਂਹਾਂ ਤੋਂ ਬਾਅਦ ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਸਬਜ਼ੀਆਂ ਗਲ ਗਈਆਂ ਹਨ ਅਤੇ ਬਚੀਆਂ ਹੋਈਆਂ ਫ਼ਸਲਾਂ ਦੀ ਪੈਦਾਵਾਰ ਵੀ ਰੁਕ ਗਈ ਹੈ। ਨਮੀ ਜ਼ਿਆਦਾ ਹੋਣ ਕਾਰਨ ਪੌਦਿਆਂ ਨੂੰ ਨਵਾਂ ਫੁੱਲ-ਫਲ ਘੱਟ ਲੱਗ ਰਿਹਾ ਹੈ। ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ ਦੇ ਆਗੂ ਲੱਕੀ ਮਿੱਤਲ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਪੈਦਾਵਾਰ ਘਟਣ ਕਾਰਨ ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਉੱਤੇ ਨਿਰਭਰਤਾ ਵਧ ਗਈ ਹੈ, ਜਿਸ ਨਾਲ ਢੋਆ-ਢੁਆਈ ਦਾ ਭਾੜਾ ਵੀ ਮਹਿੰਗਾ ਪੈ ਰਿਹਾ ਹੈ। ਸਬਜ਼ੀਆਂ ਦੀ ਭਾਰੀ ਥੁੜ ਕਾਰਨ ਆਮ ਲੋਕਾਂ ਦੀਆਂ ਰਸੋਈਆਂ ਦਾ ਬਜਟ ਪੂਰੀ ਤਰ੍ਹਾਂ ਹਿਲ ਗਿਆ ਹੈ।

Share: