Canadian MLA AI ਦੇ ਨਿਰਦੇਸ਼ਾਂ ਨੂੰ ਹੀ ਵਿਧਾਨ ਸਭਾ ’ਚ ਪੜ੍ਹ ਬੈਠਾ, ਵੀਡੀਓ ਵਾਇਰਲ

Canadian MLA AI ਦੇ ਨਿਰਦੇਸ਼ਾਂ ਨੂੰ ਹੀ ਵਿਧਾਨ ਸਭਾ ’ਚ ਪੜ੍ਹ ਬੈਠਾ, ਵੀਡੀਓ ਵਾਇਰਲ

ਚੰਡੀਗੜ੍ਹ : ਕੈਨੇਡਾ ਦੇ ਇੱਕ ਤਜ਼ਰਬੇਕਾਰ ਸਿਆਸਤਦਾਨ ਬਿੱਲ ਓਲੀਵਰ (Bill Oliver) ਉਸ ਸਮੇਂ ਵੱਡੀ ਮੁਸੀਬਤ ਵਿੱਚ ਫਸ ਗਏ, ਜਦੋਂ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਭਾਸ਼ਣ ਦਿੰਦੇ ਹੋਏ ਗਲਤੀ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀਆਂ ਗਈਆਂ ਹਦਾਇਤਾਂ ਨੂੰ ਹੀ ਪੜ੍ਹ ਦਿੱਤਾ। ਹਾਲਾਂਕਿ ਇਹ ਘਟਨਾ ਜੂਨ ਦੇ ਸ਼ੁਰੂ ਵਿੱਚ ਵਾਪਰੀ ਸੀ, ਪਰ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਬਿੱਲ ਓਲੀਵਰ, ਜੋ ਨਿਊ ਬਰੰਜ਼ਵਿਕ (New Brunswick) ਦੀ ਵਿਧਾਨ ਸਭਾ ਦੇ ਮੈਂਬਰ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਹਨ, ਸਦਨ ਵਿੱਚ ਆਪਣਾ ਭਾਸ਼ਣ ਦੇ ਰਹੇ ਸਨ। ਭਾਸ਼ਣ ਦੌਰਾਨ ਉਨ੍ਹਾਂ ਨੇ ਅਚਾਨਕ ਅਜਿਹੀਆਂ ਲਾਈਨਾਂ ਪੜ੍ਹੀਆਂ ਜੋ ਸਪੱਸ਼ਟ ਤੌਰ ‘ਤੇ AI ਚੈਟਬੋਟ ਦੇ ਨਿਰਦੇਸ਼ ਸਨ। ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਹਿੱਸੇ ਦਾ ਇੱਕ ਵਧੇਰੇ ਕੁਦਰਤੀ ਸੰਸਕਰਣ ਇੱਥੇ ਹੈ ਜੋ ਇੱਕ ਲੜੀਵਾਰ ਨੁਕਤਿਆਂ ਦੀ ਬਜਾਏ ਵਿਧਾਨਿਕ ਭਾਸ਼ਣ ਵਾਂਗ ਪੜ੍ਹਿਆ ਜਾ ਸਕਦਾ ਹੈ…।’’

ਹੈਰਾਨੀ ਦੀ ਗੱਲ ਇਹ ਸੀ ਕਿ ਓਲੀਵਰ ਨੇ ਇਹ ਗਲਤੀ ਸਿਰਫ਼ ਇੱਕ ਵਾਰ ਨਹੀਂ, ਸਗੋਂ ਆਪਣੇ ਭਾਸ਼ਣ ਦੌਰਾਨ ਦੋ ਵਾਰ ਦੁਹਰਾਈ।

ਗਲਤੀ ਕਿਵੇਂ ਹੋਈ?

ਸੂਤਰਾਂ ਅਨੁਸਾਰ, ਅਜਿਹਾ ਲੱਗਦਾ ਹੈ ਕਿ ਓਲੀਵਰ ਜਾਂ ਉਨ੍ਹਾਂ ਦੇ ਕਿਸੇ ਸਹਾਇਕ ਨੇ ਭਾਸ਼ਣ ਦੇ ਮੁੱਖ ਨੁਕਤਿਆਂ (bullet points) ਨੂੰ AI ਚੈਟਬੋਟ ਵਿੱਚ ਪਾਇਆ ਸੀ ਤਾਂ ਜੋ ਉਸਨੂੰ ਇੱਕ ਰਸਮੀ ਭਾਸ਼ਣ ਦਾ ਰੂਪ ਦਿੱਤਾ ਜਾ ਸਕੇ। ਪਰ ਸਿਆਸਤਦਾਨ ਨੇ ਭਾਸ਼ਣ ਪੜ੍ਹਨ ਤੋਂ ਪਹਿਲਾਂ ਇਸਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ (homework ਨਹੀਂ ਕੀਤਾ) ਅਤੇ AI ਦੁਆਰਾ ਦਿੱਤੇ ਗਏ ਸੁਝਾਵਾਂ ਅਤੇ ਸਟੇਜ ਨਿਰਦੇਸ਼ਾਂ ਨੂੰ ਵੀ ਭਾਸ਼ਣ ਦਾ ਹਿੱਸਾ ਸਮਝ ਕੇ ਪੜ੍ਹ ਦਿੱਤਾ।

ਵਿਅੰਗ ਦੀ ਗੱਲ ਇਹ ਹੈ ਕਿ ਜਦੋਂ ਓਲੀਵਰ ਨੇ ਇਹ AI ਲਾਈਨਾਂ ਪੜ੍ਹੀਆਂ, ਉਸ ਵੇਲੇ ਉਹ ਵਿਧਾਨ ਸਭਾ ਵਿੱਚ “ਜਨਤਕ ਵਿਸ਼ਵਾਸ” ਦੀ ਮਹੱਤਤਾ ਬਾਰੇ ਗੱਲ ਕਰ ਰਹੇ ਸਨ।

ਸੋਸ਼ਲ ਮੀਡੀਆ ‘ਤੇ ਤਿੱਖੀ ਪ੍ਰਤੀਕਿਰਿਆ

ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸਿਆਸਤਦਾਨਾਂ ਦੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਚੁੱਕੇ ਹਨ। ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਅਸਲ ਸਮੱਸਿਆ AI ਦੀ ਵਰਤੋਂ ਕਰਨਾ ਨਹੀਂ ਹੈ, ਸਗੋਂ ਇਹ ਹੈ ਕਿ ਸਿਆਸਤਦਾਨ ਆਪਣੇ ਖੁਦ ਦੇ ਭਾਸ਼ਣ ਨੂੰ ਪੜ੍ਹਨ ਦੀ ਜ਼ਹਿਮਤ ਵੀ ਨਹੀਂ ਉਠਾਉਂਦੇ।

ਇੱਕ ਯੂਜ਼ਰ ਨੇ ਲਿਖਿਆ, “ਅੱਧੇ ਸਿਆਸਤਦਾਨ ਪਹਿਲਾਂ ਹੀ ਆਟੋਪਾਇਲਟ ‘ਤੇ ਚੱਲ ਰਹੇ ਹਨ। ਇਸ ਨਾਲੋਂ ਚੰਗਾ ਹੈ ਕਿ AI ਨੂੰ ਹੀ ਸਰਕਾਰ ਚਲਾਉਣ ਦਿਓ”। ਇੱਕ ਹੋਰ ਵਿਅਕਤੀ ਨੇ ਟਿੱਪਣੀ ਕੀਤੀ, “ਇਹ ਵਿਅਕਤੀ ਤੁਹਾਡੇ ਲਈ ਕਾਨੂੰਨ ਬਣਾਉਂਦਾ ਹੈ, ਜਿਸ ਨੇ ਖੁਦ ਦੇ ਬੋਲਣ ਵਾਲੇ ਸ਼ਬਦਾਂ ਨੂੰ ਪਹਿਲਾਂ ਪੜ੍ਹਿਆ ਤੱਕ ਨਹੀਂ। ਇਹ ਬੇਹੱਦ ਸ਼ਰਮਨਾਕ ਹੈ”। ਕੁਝ ਲੋਕਾਂ ਨੇ ਇਸਨੂੰ ਸਿਆਸਤਦਾਨਾਂ ਦੀ ਜਨਤਾ ਪ੍ਰਤੀ ਲਾਪਰਵਾਹੀ ਅਤੇ ਉਦਾਸੀਨਤਾ ਦਾ ਪ੍ਰਤੀਕ ਦੱਸਿਆ ਹੈ।

ਇਸ ਘਟਨਾ ਨੇ ਦੁਨੀਆ ਭਰ ਵਿੱਚ ਇਸ ਗੱਲ ‘ਤੇ ਬਹਿਸ ਛੇੜ ਦਿੱਤੀ ਹੈ ਕਿ ਸਰਕਾਰੀ ਕੰਮਾਂ ਅਤੇ ਭਾਸ਼ਣਾਂ ਵਿੱਚ AI ਦੀ ਵਰਤੋਂ ਕਰਨ ਦੇ ਕੀ ਨਿਯਮ ਹੋਣੇ ਚਾਹੀਦੇ ਹਨ ਅਤੇ ਕੀ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾ ਰਹੇ ਹਨ।

Share: