ਇਰਾਕ ’ਚ ਅਮਰੀਕੀ ਟਿਕਾਣਿਆਂ ’ਤੇ ਡਰੋਨ ਹਮਲੇ

ਇਰਾਕ ’ਚ ਅਮਰੀਕੀ ਟਿਕਾਣਿਆਂ ’ਤੇ ਡਰੋਨ ਹਮਲੇ

ਇਰਬਿਲ (ਇਰਾਕ) : ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਫ਼ੌਜੀ ਤਣਾਅ ਦਰਮਿਆਨ ਉੱਤਰੀ ਇਰਾਕ ਦੇ ਇਰਬਿਲ ਸ਼ਹਿਰ ’ਚ ਅਮਰੀਕੀ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪੰਜ ਡਰੋਨ ਦਾਗ਼ੇ ਗਏ ਜਿਨ੍ਹਾਂ ਨੂੰ ਹਵਾ ’ਚ ਹੀ ਨਸ਼ਟ ਕਰ ਦਿੱਤਾ ਗਿਆ। ਇਸੇ ਦੌਰਾਨ ਬਹਿਰੀਨ ’ਚ ਵੀ ਅਮਰੀਕੀ ਜਲ ਸੈਨਾ ਨੇ ਇਰਾਨੀ ਹਵਾਈ ਹਮਲਿਆਂ ਨੂੰ ਨਾਕਾਮ ਬਣਾਇਆ। ਅਮਰੀਕੀ ਫ਼ੌਜ ਨੇ ਇਰਾਨ ’ਤੇ ਲਗਾਤਾਰ 13ਵੀਂ ਰਾਤ ਵੀ ਹਮਲੇ ਜਾਰੀ ਰੱਖੇ, ਜਿਸ ’ਚ ਰੈਵੋਲਿਊਸ਼ਨਰੀ ਗਾਰਡਜ਼ ਦੇ ਨੇਵਲ ਬੇਸ, ਕੇਸ਼ਮ ਟਾਪੂ ਤੇ ਇਸਫਾਹਾਨ ਦੇ ਪਰਮਾਣੂ ਅਤੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਅਮਰੀਕਾ ਨੇ ਕਿਹਾ ਕਿ ਇਹ ਕਾਰਵਾਈ ਹਰਮੁਜ਼ ਜਲ ਮਾਰਗ ਸੁਰੱਖਿਅਤ ਬਣਾਉਣ ਲਈ ਕੀਤੀ ਜਾ ਰਹੀ ਹੈ। ਇਰਾਨ ’ਚ ਹਾਲੀਆ ਹਮਲਿਆਂ ਦੌਰਾਨ 55 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 600 ਤੋਂ ਵੱਧ ਜ਼ਖ਼ਮੀ ਹੋਏ ਹਨ। ਇਰਾਨ ਵੱਲੋਂ ਹਰਮੁਜ਼ ਜਲ ਮਾਰਗ ’ਚ ਵਪਾਰਕ ਜਹਾਜ਼ਾਂ ’ਤੇ ਹਮਲੇ ਅਤੇ ਹੂਤੀ ਬਾਗ਼ੀਆਂ ਵੱਲੋਂ ਲਾਲ ਸਾਗਰ ’ਚ ਸਾਊਦੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਉਣ ਨਾਲ ਆਲਮੀ ਊਰਜਾ ਸਪਲਾਈ ਪ੍ਰਭਾਵਿਤ ਹੋਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਦੌਰਾਨ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਕਿ ਇਰਾਨੀ ਹਮਲਿਆਂ ਕਾਰਨ ਜਹਾਜ਼ਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਅਮਰੀਕਾ ਕੋਲ ਮੌਜੂਦ ਜ਼ਬਤ ਇਰਾਨੀ ਫੰਡਾਂ ਤੋਂ ਕੀਤੀ ਜਾਵੇਗੀ।

Share: