ਵਿਨੀਪੈੱਗ : ਕੈਨੇਡਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਜੰਗਲੀ ਅੱਗ ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ ‘ਤੇ ਜੰਗਲਾਂ ਵਿੱਚ ਲੱਗੀਆਂ ਅੱਗਾਂ ਲਗਾਤਾਰ ਫੈਲ ਰਹੀਆਂ ਹਨ। ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 950 ਤੋਂ ਵੱਧ ਥਾਵਾਂ ’ਤੇ ਜੰਗਲੀ ਅੱਗਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ 241 ਥਾਵਾਂ ’ਤੇ ਅਜੇ ਵੀ ਕਾਬੂ ਤੋਂ ਬਾਹਰ ਹਨ। ਹੁਣ ਤੱਕ ਲਗਭਗ 29 ਲੱਖ (2.9 ਮਿਲੀਅਨ) ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਚੁੱਕੇ ਹਨ, ਜਦਕਿ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ ਹੈ। ਜੰਗਲੀ ਅੱਗਾਂ ਤੋਂ ਉੱਠ ਰਹੇ ਸੰਘਣੇ ਧੂੰਏਂ ਨੇ ਕਈ ਸੂਬਿਆਂ ਵਿੱਚ ਹਵਾ ਦੀ ਗੁਣਵੱਤਾ ਨੂੰ ਬਹੁਤ ਖ਼ਰਾਬ ਕਰ ਦਿੱਤਾ ਹੈ। ਐਨਵਾਇਰਨਮੈਂਟ ਐਂਡ ਕਲਾਈਮਟ ਚੇਂਜ ਕੈਨੇਡਾ ਵੱਲੋਂ ਕਈ ਖੇਤਰਾਂ ਲਈ ਏਅਰ ਕੁਆਲਿਟੀ ਅਲਰਟ ਜਾਰੀ ਕੀਤੇ ਗਏ ਹਨ ਅਤੇ ਲੋਕਾਂ ਨੂੰ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।
ਬ੍ਰਿਟਿਸ਼ ਕੋਲੰਬੀਆ (BC):
ਸੂਬੇ ਵਿੱਚ ਲਗਪਗ 115 ਜੰਗਲੀ ਅੱਗਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ-ਤਿਹਾਈ ਅਜੇ ਵੀ ਬੇਕਾਬੂ ਹਨ। ਬੀਸੀ ਵਾਈਲਡ ਫਾਇਰ ਸਰਵਿਸ ਅਨੁਸਾਰ ਜ਼ਿਆਦਾਤਰ ਅੱਗਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਗੀਆਂ ਹਨ। ਦੱਖਣੀ ਕੈਰੀਬੂ ਖੇਤਰ ਦੇ ਬਿਗ ਬਾਰ ਲੇਕ ਨੇੜੇ ਕਰੀਬ 130 ਜਾਇਦਾਦਾਂ ਲਈ ਤੁਰੰਤ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੋਸਟਨ ਬਾਰ ਇਲਾਕੇ ਦੀ ਬਰੰਸਵਿਕ ਕ੍ਰੀਕ ਅੱਗ ਲਗਭਗ 40 ਵਰਗ ਕਿੱਲੋਮੀਟਰ ਤੱਕ ਫੈਲ ਚੁੱਕੀ ਹੈ, ਜਿੱਥੇ 500 ਤੋਂ ਵੱਧ ਅੱਗ ਬੁਝਾਊ ਕਰਮਚਾਰੀ ਮੋਰਚੇ ‘ਤੇ ਡਟੇ ਹੋਏ ਹਨ।
ਓਂਟਾਰੀਓ:
ਓਂਟਾਰੀਓ ਵਿੱਚ ਲਗਪਗ 200 ਜੰਗਲੀ ਅੱਗਾਂ ਦਰਜ ਕੀਤੀਆਂ ਗਈਆਂ ਹਨ। ਉੱਤਰ-ਪੱਛਮੀ ਓਂਟਾਰੀਓ ਦੀ “ਥੰਡਰ ਬੇਅ-36” ਅੱਗ 3.5 ਲੱਖ ਹੈਕਟੇਅਰ ਤੋਂ ਵੱਧ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ ਅਤੇ ਇਸ ਨੂੰ ਸੂਬੇ ਦੇ ਇਤਿਹਾਸ ਦੀ ਸਭ ਤੋਂ ਵੱਡੀ ਜੰਗਲੀ ਅੱਗ ਮੰਨਿਆ ਜਾ ਰਿਹਾ ਹੈ। ਧੂੰਏਂ ਕਾਰਨ ਟੋਰਾਂਟੋ ਸਮੇਤ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਹੇਠਾਂ ਡਿੱਗ ਗਈ, ਜਦਕਿ ਉੱਤਰੀ ਖੇਤਰਾਂ ਤੋਂ ਉਜਾੜੇ ਗਏ ਲੋਕਾਂ ਕਾਰਨ ਥੰਡਰ ਬੇਅ ਦੇ ਹੋਟਲ ਅਤੇ ਐਮਰਜੈਂਸੀ ਸ਼ੈਲਟਰ ਭਰ ਚੁੱਕੇ ਹਨ।
ਮੈਨੀਟੋਬਾ:
ਉੱਤਰੀ ਮੈਨੀਟੋਬਾ ਵਿੱਚ 172 ਵਰਗ ਕਿੱਲੋਮੀਟਰ ਤੋਂ ਵੱਧ ਖੇਤਰ ਵਿੱਚ ਫੈਲੀ ਅੱਗ ਕਾਰਨ ਓ-ਪੀਪੋਨ-ਨਾ-ਪੀਵਿਨ ਕ੍ਰੀ ਨੇਸ਼ਨ ਦੇ ਲਗਪਗ 600 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਸੰਘਣੇ ਧੂੰਏਂ ਅਤੇ ਘੱਟ ਦਿੱਖ ਕਾਰਨ ਰਾਹਤ ਅਤੇ ਅੱਗ ਬੁਝਾਉਣ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ।
ਨਾਰਥ ਵੈਸਟ ਟੈਰੀਟਰੀਜ਼ ਅਤੇ ਨੋਵਾ ਸਕੋਸ਼ੀਆ:
ਨਾਰਥ ਵੈਸਟ ਟੈਰੀਟਰੀਜ਼ ਵਿੱਚ ਫੋਰਟ ਸਿਮਪਸਨ ਅਤੇ ਰਿਗਲੇ ਖੇਤਰਾਂ ਤੋਂ 1,400 ਤੋਂ ਵੱਧ ਲੋਕਾਂ ਨੂੰ ਖ਼ਾਲੀ ਕਰਵਾਇਆ ਗਿਆ ਹੈ। ਨੋਵਾ ਸਕੋਸ਼ੀਆ ਵਿੱਚ ਮੂਸਲੈਂਡ ਰੋਡ ਖੇਤਰ ਦੀ ਅੱਗ 14 ਵਰਗ ਕਿੱਲੋਮੀਟਰ ਤੱਕ ਫੈਲ ਗਈ ਹੈ, ਜਿਸ ਕਾਰਨ 150 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਮਾਸਕ ਲਾ ਕੇ ਹੀ ਬਾਹਰ ਨਿਕਲੋ: ਸਿਹਤ ਵਿਭਾਗ
ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਦੀ ਸਥਿਤੀ ਵਿੱਚ ਜਿੰਨਾ ਸੰਭਵ ਹੋ ਸਕੇ ਘਰਾਂ ਦੇ ਅੰਦਰ ਹੀ ਰਹਿਣ। ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਦੇ ਨਾਲ-ਨਾਲ, ਜੇ ਸੰਭਵ ਹੋਵੇ ਤਾਂ ਏਅਰ ਪਿਊਰੀਫਾਇਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇ ਕਿਸੇ ਕਾਰਨ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ N95 ਮਾਸਕ ਪਹਿਨਣ ਦੀ ਹਦਾਇਤ ਦਿੱਤੀ ਗਈ ਹੈ। ਬੱਚਿਆਂ, ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਦਿਲ ਜਾਂ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਖ਼ਾਸ ਤੌਰ ‘ਤੇ ਧੂੰਏਂ ਦੇ ਸੰਪਰਕ ਤੋਂ ਬਚਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਜੇ ਕਿਸੇ ਵਿਅਕਤੀ ਨੂੰ ਸਾਹ ਲੈਣ ਵਿੱਚ ਦਿੱਕਤ, ਛਾਤੀ ਵਿੱਚ ਦਰਦ, ਲਗਾਤਾਰ ਖੰਘ ਜਾਂ ਅੱਖਾਂ ਅਤੇ ਗਲੇ ਵਿੱਚ ਤੇਜ਼ ਜਲ਼ਨ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਹੈ।
ਦੂਜੇ ਪਾਸੇ, ਫੈਡਰਲ ਅਤੇ ਸੂਬਾਈ ਸਰਕਾਰਾਂ ਨੇ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਕਈ ਸਹਿਯੋਗੀ ਦੇਸ਼ਾਂ ਤੋਂ ਮਾਹਿਰ ਫਾਇਰਫਾਈਟਰਾਂ ਦੀ ਮਦਦ ਲਈ ਗਈ ਹੈ।
ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਸਾਲ ਦੀ ਅਸਧਾਰਨ ਗਰਮੀ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੇ ਜੰਗਲੀ ਅੱਗਾਂ ਨੂੰ ਹੋਰ ਭਿਆਨਕ ਬਣਾ ਦਿੱਤਾ ਹੈ। ਅੱਗ ਅਤੇ ਧੂੰਏਂ ਦਾ ਪ੍ਰਭਾਵ ਸਿਰਫ਼ ਕੈਨੇਡਾ ਤੱਕ ਸੀਮਤ ਨਹੀਂ, ਸਗੋਂ ਇਸ ਦਾ ਅਸਰ ਅਮਰੀਕਾ ਦੇ ਕਈ ਉੱਤਰੀ ਸੂਬਿਆਂ ਤੱਕ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਕਈ ਪਰਿਵਾਰ ਵੀ ਧੂੰਏਂ, ਹਵਾ ਪ੍ਰਦੂਸ਼ਣ ਅਤੇ ਉਜਾੜੇ ਦੀ ਸਥਿਤੀ ਨਾਲ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਅਤੇ ਸਿਹਤ ਏਜੰਸੀਆਂ ਨੇ ਲੋਕਾਂ ਨੂੰ ਅਧਿਕਾਰਤ ਹਦਾਇਤਾਂ ਦੀ ਪਾਲਣਾ ਕਰਨ ਅਤੇ ਹਵਾ ਦੀ ਗੁਣਵੱਤਾ ਸਧਾਰਨ ਹੋਣ ਤੱਕ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

