ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਪਿਆ। ਮੌਸਮ ਵਿਭਾਗ ਦੇ ਦਫ਼ਤਰ ਨੇ ਦੱਸਿਆ ਹੈ ਕਿ ਅਗਲੇ 48 ਤੋਂ 72 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਰਹੇਗਾ। ਇਸ ਦੌਰਾਨ 20 ਤੋਂ 22 ਜੁਲਾਈ ਵਿਚਕਾਰ ਭਰਵਾਂ ਮੀਂਹ ਪਵੇਗਾ। ਪੰਜਾਬ ਦੇ ਹੁਸ਼ਿਆਰਪੁਰ, ਰੂਪਨਗਰ, ਫਿਰੋਜ਼ਪੁਰ, ਮੁਹਾਲੀ ਅਤੇ ਹਰਿਆਣਾ ਦੇ ਅੰਬਾਲਾ, ਨਾਰਨੌਲ, ਰੋਹਤਕ, ਪੰਚਕੂਲਾ, ਭਿਵਾਨੀ ਤੇ ਕਰਨਾਲ ਵਿੱਚ ਚੰਗੀ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋਵਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ 22.6 ਮਿਲੀਮੀਟਰ ਮੀਂਹ ਪਿਆ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਮੇਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਕੁਝ ਥਾਵਾਂ ‘ਤੇ 12 ਸੈਂਟੀਮੀਟਰ ਤੋਂ ਵੱਧ ਤੇ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਅੰਮ੍ਰਿਤਸਰ (31.2 ਡਿਗਰੀ), ਲੁਧਿਆਣਾ (29.4 ਡਿਗਰੀ), ਪਟਿਆਲਾ (29.3 ਡਿਗਰੀ) ਅਤੇ ਗੁਰਦਾਸਪੁਰ (30 ਡਿਗਰੀ) ਵਿੱਚ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਮੀਂਹ ਦਾ ਕਹਿਰ; ਜੰਮੂ-ਕਸ਼ਮੀਰ ਵਿੱਚ ਮੌਤਾਂ ਦੀ ਗਿਣਤੀ ਵਧ ਕੇ 23 ਹੋਈ
ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਮੌਤਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ। ਜੰਮੂ ਖੇਤਰ ਵਿੱਚ ਹੀ ਵੱਖ-ਵੱਖ ਹਾਦਸਿਆਂ ਦੌਰਾਨ 11 ਲੋਕਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚ ਪੁਣਛ ਦੇ ਲੋਰਨ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਕੱਚਾ ਘਰ ਢਹਿ ਜਾਣ ਨਾਲ ਇੱਕ ਔਰਤ ਅਤੇ ਉਸ ਦੇ ਦੋ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਮੀਂਹ ਕਾਰਨ ਜੰਮੂ-ਕਿਸ਼ਤਵਾੜ ਕੌਮੀ ਮਾਰਗ ਵੀ ਬੰਦ ਹੋ ਗਿਆ ਹੈ।
ਉੱਤਰਾਖੰਡ ਵਿੱਚ ਚਾਰ ਧਾਮ ਯਾਤਰਾ ਰੋਕੀ ਗਈ ਅਤੇ ਰੈੱਡ ਅਲਰਟ ਜਾਰੀ
ਉੱਤਰਾਖੰਡ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਲੈਂਡਸਲਾਇਡ ਕਾਰਨ ਚਾਰ ਰਾਸ਼ਟਰੀ ਰਾਜਮਾਰਗਾਂ ਸਮੇਤ 150 ਸੜਕਾਂ ਬੰਦ ਹੋ ਗਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਚਾਰ ਧਾਮ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਬਾਗੇਸ਼ਵਰ ਜ਼ਿਲ੍ਹੇ ਦੇ ਕਪਕੋਟ ਖੇਤਰ ਵਿੱਚ ਸਰਯੂ ਨਦੀ ਵਿੱਚ ਵਹਿ ਜਾਣ ਕਾਰਨ ਇੱਕ 8 ਸਾਲ ਦੇ ਬੱਚੇ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਦੇਹਰਾਦੂਨ, ਟੀਹਰੀ ਅਤੇ ਹਰਿਦੁਆਰ ਜ਼ਿਲ੍ਹਿਆਂ ਲਈ ‘ਰੈੱਡ ਅਲਰਟ’ ਅਤੇ ਬਾਕੀ ਜ਼ਿਲ੍ਹਿਆਂ ਲਈ ‘ਓਰੈਂਜ ਅਲਰਟ’ ਜਾਰੀ ਕੀਤਾ ਹੈ।
ਦੇਸ਼ ਭਰ ਵਿਚ ਮੌਸਮ ਬਾਰੇ ਪੇਸ਼ੀਨਗੋਈ
ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਦਾ ਖੇਤਰ ਕਮਜ਼ੋਰ ਹੋਣ ਅਤੇ ਉੱਤਰ ਭਾਰਤ ਵਿੱਚ ਮੌਨਸੂਨ ਦੀਆਂ ਹਵਾਵਾਂ ਮਜ਼ਬੂਤ ਹੋਣ ਕਾਰਨ ਇਹ ਸਥਿਤੀ ਬਣੀ ਹੈ। ਅਗਲੇ 4 ਤੋਂ 5 ਦਿਨਾਂ ਤੱਕ ਉੱਤਰ-ਪੱਛਮੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਮੌਨਸੂਨ ਸਰਗਰਮ ਰਹੇਗਾ। ਮੌਸਮ ਵਿਭਾਗ ਨੇ 20 ਅਤੇ 21 ਜੁਲਾਈ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਬਹੁਤ ਭਾਰੀ ਮੀਂਹ ਦੇ ਨਾਲ-ਨਾਲ ਉੱਤਰਾਖੰਡ, ਬਿਹਾਰ, ਅਸਾਮ ਅਤੇ ਮੇਘਾਲਿਆ ਵਿੱਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ।

