ਚੰਡੀਗਡ਼੍ਹ : ਕੇਂਦਰ ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਪੰਜਾਬ ਨੂੰ ਫੰਡ ਦੇਣ ’ਚ ਹੱਥ ਘੁੱਟਿਆ ਹੈ। ਹਾਲਾਂਕਿ ਕੇਂਦਰ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਨੂੰ ਲੰਘੇ 12 ਸਾਲਾਂ ’ਚ ਫੰਡ ਦੇਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇਨ੍ਹਾਂ ਦਾਅਵਿਆਂ ਤੋਂ ਉਲਟ ਸਥਿਤੀ ਉੱਭਰੀ ਹੈ। ਵਿੱਤੀ ਵਰ੍ਹਾ 2026-27 ਦੇ ਤਾਜ਼ਾ ਵਿੱਤੀ ਸੂਚਕਾਂ ਦੀ ਪਿਛਲੇ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਨਾਲ ਕੀਤੀ ਤੁਲਨਾ ਤੋਂ ਪਤਾ ਲੱਗਿਆ ਹੈ ਕਿ ਕੇਂਦਰ ਤੋਂ ਪ੍ਰਾਪਤ ਫੰਡਾਂ ’ਚ 14 ਫ਼ੀਸਦੀ ਦੀ ਕਮੀ ਆਈ ਹੈ। ਥੋੜ੍ਹਾ ਅਰਸਾ ਪਹਿਲਾਂ ਪੰਜਾਬ ਭਾਜਪਾ ਨੇ ਸੂਬੇ ਨੂੰ ਕੇਂਦਰ ਤਰਫ਼ੋਂ ਮਿਲੇ ਫੰਡਾਂ ਦਾ ਵਿਸਥਾਰ ’ਚ ਖ਼ੁਲਾਸਾ ਕੀਤਾ ਸੀ।
ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਵੱਲੋਂ ਅਪਰੈਲ-ਮਈ 2026 ਦੇ ਜਾਰੀ ਕੀਤੇ ਤਾਜ਼ਾ ਵਿੱਤੀ ਸੂਚਕਾਂ ਅਨੁਸਾਰ ਪੰਜਾਬ ਸਰਕਾਰ ਨੂੰ ਪ੍ਰਾਪਤ ਹੋਏ ਕੇਂਦਰੀ ਟੈਕਸਾਂ ਦੇ ਹਿੱਸੇ, ਗਰਾਂਟ ਇੰਨ ਏਡ ਅਤੇ ਯੋਗਦਾਨ ਦੀ ਕੁੱਲ ਰਾਸ਼ੀ 5764.26 ਕਰੋੜ ਰੁਪਏ ਸੀ, ਜਦੋਂ ਕਿ ਸਾਲ 2025 ਦੀ ਪਹਿਲੀ ਤਿਮਾਹੀ ਦੌਰਾਨ ਪ੍ਰਾਪਤ ਹੋਏ ਕੇਂਦਰੀ ਟੈਕਸਾਂ ਦੇ ਹਿੱਸੇ, ਗਰਾਂਟ ਇੰਨ ਏਡ ਅਤੇ ਯੋਗਦਾਨ ਦੀ ਰਾਸ਼ੀ 6701.62 ਕਰੋੜ ਰੁਪਏ ਸੀ। ਵਿੱਤੀ ਸੂਚਕਾਂ ਦੇ ਵਿਸ਼ਲੇਸ਼ਣ ਅਨੁਸਾਰ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਪੰਜਾਬ ਨੂੰ ਪ੍ਰਾਪਤ ਹੋਏ ਕੇਂਦਰੀ ਟੈਕਸਾਂ ਦਾ ਹਿੱਸਾ ਘੱਟ ਕੇ 5256.21 ਕਰੋੜ ਰੁਪਏ ਰਹਿ ਗਿਆ ਹੈ ਜੋ ਕਿ ਅਪਰੈਲ ਤੋਂ ਜੂਨ 2025 ਦੌਰਾਨ ਇਹੋ ਰਾਸ਼ੀ 5907.88 ਕਰੋੜ ਰੁਪਏ ਸੀ। ਇਸੇ ਤਰ੍ਹਾਂ ਗਰਾਂਟ ਇੰਨ ਏਡ ਅਤੇ ਯੋਗਦਾਨ ਦੀ ਰਾਸ਼ੀ 508.05 ਕਰੋੜ ਰਹਿ ਗਈ ਹੈ ਜੋ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ’ਚ 793.74 ਕਰੋੜ ਸੀ। ਤਾਜ਼ਾ ਵਿੱਤੀ ਸੂਚਕਾਂ ਅਨੁਸਾਰ ਪੰਜਾਬ ਦੇ ਮਾਲੀਏ ’ਚ ਵਾਧਾ ਹੋਈ ਹੈ।
ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਮਾਲੀਆ ਪ੍ਰਾਪਤੀ 27461.66 ਕਰੋੜ ਰੁਪਏ ਜੋ ਕਿ ਪਿਛਲੇ ਸਾਲ ਇਸੇ ਅਰਸੇ ’ਚ 22398.23 ਕਰੋੜ ਸੀ। ਟੈਕਸਾਂ ਤੋਂ ਪ੍ਰਾਪਤ ਆਮਦਨ ਇਸ ਤਿਮਾਹੀ ’ਚ 21442.23 ਕਰੋੜ ਰੁਪਏ ਰਹੀ ਹੈ ਜੋ ਕਿ ਪਿਛਲੇ ਵਰ੍ਹੇ ਪਹਿਲੀ ਤਿਮਾਹੀ ’ਚ 19610.18 ਕਰੋੜ ਰੁਪਏ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 5142.32 ਕਰੋੜ ਦਾ ਕਰਜ਼ਾ ਚੁੱਕਿਆ ਗਿਆ ਹੈ ਜਦੋਂ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ’ਚ ਇਹੋ ਕਰਜ਼ਾ 9365.25 ਕਰੋੜ ਲਿਆ ਗਿਆ ਸੀ।

