ਸਿਡਨੀ : ਆਸਟਰੇਲੀਆ ਵਿੱਚ ਰਹਿੰਦੇ ਹਜ਼ਾਰਾਂ ਪਰਵਾਸੀ ਪਰਿਵਾਰ ਆਪਣੇ ਬਜ਼ੁਰਗ ਮਾਪਿਆਂ ਨੂੰ ਆਪਣੇ ਕੋਲ ਬੁਲਾਉਣ ਲਈ ਸਾਲਾਂ ਤੋਂ ਉਡੀਕ ਕਰ ਰਹੇ ਹਨ। ਇਹ ਲੰਮਾ ਇੰਤਜ਼ਾਰ ਹੁਣ ਕਈ ਪਰਿਵਾਰਾਂ ਲਈ ਭਾਵਨਾਤਮਕ ਤ੍ਰਾਸਦੀ ਬਣ ਗਿਆ ਹੈ। ਕਈ ਮਾਮਲਿਆਂ ਵਿੱਚ ਮਾਪਿਆਂ ਦੀ ਵੀਜ਼ਾ ਮਨਜ਼ੂਰੀ ਤੋਂ ਪਹਿਲਾਂ ਹੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕ ਆਪਣੇ ਜੀਵਨ ਸਾਥੀ ਨੂੰ ਗੁਆ ਬੈਠੇ ਅਤੇ ਆਪਣੇ ਮਾਪਿਆਂ ਨਾਲ ਆਖ਼ਰੀ ਮੁਲਾਕਾਤ ਵੀ ਨਾ ਕਰ ਸਕੇ।
15 ਤੋਂ 33 ਸਾਲ ਤੱਕ ਦਾ ਲੰਮਾ ਇੰਤਜ਼ਾਰ
ਆਸਟਰੇਲੀਆ ਦੇ ਗ੍ਰਹਿ ਮਾਮਲੇ ਵਿਭਾਗ ਅਨੁਸਾਰ ਨਵੇਂ ਆਮ ਮਾਪੇ ਵੀਜ਼ੇ ਲਈ ਅੰਦਾਜ਼ਨ ਉਡੀਕ ਸਮਾਂ ਕਰੀਬ 33 ਸਾਲ ਹੈ, ਜਦੋਂ ਕਿ ਵੀਜ਼ਾ ਰਕਮ ਜਮ੍ਹਾਂ ਕਰਵਾਉਣ ਵਾਲੇ ਮਾਪੇ ਵੀਜ਼ੇ ਲਈ ਵੀ ਲਗਪਗ 15 ਸਾਲ ਉਡੀਕ ਕਰਨੀ ਪੈ ਰਹੀ ਹੈ। ਇਸ ਵਾਸਤੇ ਨਾ ਵਾਪਸ ਮੋੜਨ ਯੋਗ ਕਰੀਬ 50,000 ਆਸਟਰੇਲੀਆਈ ਡਾਲਰ ਫੀਸ ਹੈ।
1.5 ਲੱਖ ਅਰਜ਼ੀਆਂ ਬਕਾਇਆ; 2300 ਬਿਨੈਕਾਰਾਂ ਦੀ ਮੌਤ
ਰਿਪੋਰਟਾਂ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਲਗਪਗ 2,300 ਬਿਨੈਕਾਰ ਆਪਣੇ ਮਾਪਿਆਂ ਨਾਲ ਮਿਲਣ ਦੀ ਉਡੀਕ ਕਰਦੇ ਹੋਏ ਇਸ ਦੁਨੀਆ ਤੋਂ ਚਲੇ ਗਏ। ਇਸ ਵੇਲੇ ਕਰੀਬ 1.5 ਲੱਖ ਮਾਪੇ ਵੀਜ਼ਾ ਅਰਜ਼ੀਆਂ ਵਿਚਾਰ ਅਧੀਨ ਹਨ, ਜਦੋਂ ਕਿ ਹਰ ਸਾਲ ਸਿਰਫ਼ ਸੀਮਤ ਗਿਣਤੀ ਵਿੱਚ ਹੀ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਸ ਕਾਰਨ ਹਜ਼ਾਰਾਂ ਪਰਿਵਾਰ ਆਪਣੇ ਮਾਪਿਆਂ ਤੋਂ ਸਾਲਾਂ ਤੱਕ ਵਿਛੜੇ ਰਹਿੰਦੇ ਹਨ।
ਵੀਜ਼ਾ ਪਰਿਕਿਰਿਆ ਤੇਜ਼ ਕਰਨ ਦੀ ਮੰਗ
ਪਰਵਾਸੀ ਭਾਈਚਾਰੇ ਅਤੇ ਮਾਈਗਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਰਿਵਾਰਕ ਮਿਲਾਪ ਨੂੰ ਤਰਜੀਹ ਦਿੰਦਿਆਂ ਮਾਪੇ ਵੀਜ਼ਿਆਂ ਦੀ ਗਿਣਤੀ ਵਧਾਉਣ ਅਤੇ ਪਰਿਕਿਰਿਆ ਨੂੰ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਫ਼ੈਸਲੇ ਜਲਦੀ ਨਾ ਹੋਏ ਤਾਂ ਹੋਰ ਬਹੁਤ ਸਾਰੇ ਪਰਿਵਾਰ ਆਪਣੇ ਪਿਆਰਿਆਂ ਨਾਲ ਮਿਲਣ ਦਾ ਸੁਪਨਾ ਅਧੂਰਾ ਹੀ ਰੱਖ ਬੈਠਣਗੇ।

