ਐੱਸ ਏ ਐੱਸ ਨਗਰ (ਮੁਹਾਲੀ) : ਗਮਾਡਾ ਵੱਲੋਂ ਮੁਹਾਲੀ ਦੇ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਦੀਆਂ ਛੇ ਪਾਕੇਟਾਂ ਲਈ ਅੱਠ ਪਿੰਡਾਂ ਦੀ 3864 ਏਕੜ ਜ਼ਮੀਨ ਦਾ ਅੱਜ ਐਵਾਰਡ ਸੁਣਾਇਆ ਜਾਣਾ ਹੈ। ਕਿਸਾਨ ਜਥੇਬੰਦੀਆਂ ਅਤੇ ਇਸ ਖੇਤਰ ਦੇ ਕਿਸਾਨਾਂ ਵੱਲੋਂ ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ਵਿੱਚ ਐਵਾਰਡ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ ਅਤੇ ਗਮਾਡਾ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਧਰਨੇ ਨੂੰ ਵੇਖਦਿਆਂ ਮੁਹਾਲੀ ਪੁਲੀਸ ਵੱਲੋਂ ਕਿਸਾਨ ਆਗੂਆਂ ਦੀ ਫੜੋ-ਫੜੀ ਅਤੇ ਛਾਪੇਮਾਰੀ ਆਰੰਭ ਕਰ ਦਿੱਤੀ ਗਈ ਹੈ। ਜ਼ਮੀਨ ਐਕੁਆਇਰ ਕਰਨ ਦੇ ਵਿਰੋਧ ਵਿੱਚ ਬਣੀ ਕਮੇਟੀ ਦੇ ਕਨਵੀਨਰ ਅਤੇ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਆਗੂ ਨਛੱਤਰ ਸਿੰਘ ਬੈਦਵਾਣ ਨੂੰ ਅੱਜ ਪੁਲੀਸ ਨੇ ਡਿਟੇਨ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਮੁਹਾਲੀ ਦੇ ਥਾਣਾ ਮਟੌਰ ਵਿਖੇ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਆਗੂ ਸੇਵਾ ਸਿੰਘ ਬਾਕਰਪੁਰ ਨੂੰ ਵੀ ਸਵੇਰੇ ਛੇ ਵਜੇ ਪੁਲੀਸ ਨੇ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਮੁਹਾਲੀ ਦੇ ਫੇਜ਼ 8 ਦੇ ਥਾਣੇ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਕਮੇਟੀ ਦੇ ਹੋਰ ਮੈਂਬਰਾਂ ਅਤੇ ਕਿਸਾਨ ਆਗੂਆਂ, ਜਿਨ੍ਹਾਂ ਵਿੱਚ ਪਰਮਦੀਪ ਸਿੰਘ ਬੈਦਵਾਣ, ਕਮਲਜੀਤ ਸਿੰਘ ਕੰਮਾ ਬੜੀ, ਦੀਦਾਰ ਸਿੰਘ ਬੜੀ ਅਤੇ ਮੱਖਣ ਸਿੰਘ ਗੀਗੇਮਾਜਰਾ ਸ਼ਾਮਲ ਹਨ, ਦੇ ਘਰਾਂ ‘ਤੇ ਵੀ ਸਵੇਰੇ ਸਾਢੇ ਪੰਜ ਵਜੇ ਤੋਂ ਲੈ ਕੇ 6 ਵਜੇ ਦੇ ਕਰੀਬ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦਸਤਕ ਦਿੱਤੀ। ਪਰ ਇਹ ਸਾਰੇ ਆਗੂ ਪਹਿਲਾਂ ਹੀ ਘਰਾਂ ਤੋਂ ਬਾਹਰ ਹੋਣ ਕਾਰਨ ਪੁਲੀਸ ਦੇ ਕਾਬੂ ਨਹੀਂ ਆ ਸਕੇ।
ਉਪਰੋਕਤ ਆਗੂਆਂ ਨੇ ਪੁਲੀਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਆਖਿਆ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਹਰੇਕ ਨਾਗਰਿਕ ਦਾ ਹੱਕ ਹੈ ਅਤੇ ਪੁਲੀਸ ਉਨ੍ਹਾਂ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਧਰਨਾ ਸ਼ਾਂਤਮਈ ਹੈ ਅਤੇ ਹਰ ਹਾਲਤ ਵਿੱਚ ਲੱਗੇਗਾ। ਕਿਸਾਨਾਂ ਵੱਲੋਂ ਪੁਲੀਸ ਦੀ ਸਖ਼ਤੀ ਨੂੰ ਦੇਖਦਿਆਂ ਗਮਾਡਾ ਦਫ਼ਤਰ ਅੱਗੇ ਲਗਾਏ ਜਾਣ ਵਾਲੇ ਧਰਨੇ ਦੀ ਨਵੇਂ ਸਿਰਿਓਂ ਵਿਉਂਤਬੰਦੀ ਆਰੰਭੀ ਗਈ ਹੈ ਅਤੇ ਕਿਸਾਨਾਂ ਨੂੰ ਸਵੇਰੇ ਨੌਂ ਵਜੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਣ ਲਈ ਆਖਿਆ ਗਿਆ ਹੈ। ਕਿਸਾਨ ਇੱਥੋਂ ਗਮਾਡਾ ਦਫ਼ਤਰ ਵੱਲ ਕੂਚ ਕਰਨਗੇ ਅਤੇ ਧਰਨਾ ਦੇਣਗੇ।

