ਦੁਨੀਆ ਵਿੱਚ ਨਿੱਤ ਨਵੀਂ ਤਕਨਾਲੋਜੀ ਦਾ ਵਿਕਾਸ ਹੋ ਰਿਹਾ ਹੈ। ਹਰ ਨਵੀਂ ਤਕਨੀਕ ਮਗਰੋਂ ਅਸੀਂ ਆਪਣੇ ਸਮਾਰਟ ਫੋਨ, ਲੈਪਟੌਪ ਅਤੇ ਟੈਬਲੈੱਟ ਆਦਿ ਅਪਗ੍ਰੇਡ ਕਰ ਲੈਂਦੇ ਹਾਂ। ਅਜਿਹਾ ਕਰਦਿਆਂ ਅਸੀਂ ਨਵੀਆਂ ਸੁੱਖ-ਸਹੂਲਤਾਂ ਹੀ ਨਹੀਂ ਖਰੀਦਦੇ ਸਗੋਂ ਪੁਰਾਣੇ ਹੋ ਚੁੱਕੇ ਉਪਕਰਨਾਂ ਨੂੰ ਨਕਾਰਾ ਕਰਕੇ ਅਣਗਹਿਲੀ ਨਾਲ ਭਵਿੱਖ ਦੀਆਂ ਪੀੜ੍ਹੀਆਂ ਲਈ ਜ਼ਹਿਰੀਲੀ ਵਿਰਾਸਤ ਛੱਡ ਕੇ ਜਾਣ ਦੀ ਤਿਆਰੀ ਵੀ ਕਰ ਰਹੇ ਹੁੰਦੇ ਹਾਂ। ਅੱਜ ਦੇ ਜ਼ਮਾਨੇ ਦੇ ਬਿਜਲਈ ਸਾਧਨ ਜਿਵੇਂ ਮੋਬਾਈਲ, ਲੈਪਟੌਪ, ਟੀ ਵੀ, ਕੰਪਿਊਟਰ, ਫਰਿੱਜ ਅਤੇ ਡਾਕਟਰੀ ਮਸ਼ੀਨਾਂ ਆਦਿ ਵਰਤਣ ਮਗਰੋਂ ਜਾਂ ਖ਼ਰਾਬ ਹੋਣ ’ਤੇ ਕੂੜੇ ਵਜੋਂ ਸੁੱਟ ਦਿੱਤੇ ਜਾਂਦੇ ਹਨ। ਇਸ ਨੂੰ ਬਿਜਲਈ ਕੂੜਾ ਜਾਂ ਈ-ਕੂੜਾ ਕਿਹਾ ਜਾਂਦਾ ਹੈ। ਤੇਜ਼ੀ ਨਾਲ ਤਕਨਾਲੋਜੀ ਬਦਲਣ ਕਾਰਨ ਇਸ ਕੂੜੇ ਦੀ ਮਾਤਰਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਿਕ ਸਮੁੱਚੇ ਵਿਸ਼ਵ ਦੀ ਅਬਾਦੀ ਵਾਧਾ ਦਰ ਨਾਲੋਂ ਤਿੰਨ ਗੁਣਾ ਵਾਧਾ ਦਰ ਨਾਲ ਨਵਾਂ ਬਿਜਲਈ ਕੂੜਾ ਹਰ ਸਾਲ ਪੈਦਾ ਹੁੰਦਾ ਹੈ ਅਤੇ ਦਿਨੋ-ਦਿਨ ਬਦਲਦੀ ਤਕਨਾਲੋਜੀ ਦੇ ਹਿਸਾਬ ਨਾਲ ਭਵਿੱਖ ਵਿੱਚ ਕਈ ਗੁਣਾ ਵੱਧ ਈ-ਕੂੜਾ ਪੈਦਾ ਹੋਣ ਦੀ ਸੰਭਾਵਨਾ ਹੈ।
ਈ-ਕੂੜੇ ਦੇ ਅੰਬਾਰ ਹੀ ਵਾਤਾਵਰਨ ਲਈ ਚਿੰਤਾ ਦਾ ਵਿਸ਼ਾ ਨਹੀਂ ਸਗੋਂ ਇਨ੍ਹਾਂ ਬੇਲੋੜੇ ਉਪਕਰਨਾਂ ਵਿੱਚੋਂ ਲੋੜੀਂਦਾ ਸਾਮਾਨ ਕੱਢਣ ਵਾਲੇ ਅਕਸਰ ਇਨ੍ਹਾਂ ਦੇ ਬਚੇ ਹੋਏ ਮਲਬੇ ਨੂੰ ਅਜਿਹੀ ਹਾਲਤ ਵਿੱਚ ਛੱਡ ਜਾਂਦੇ ਹਨ ਕਿ ਕਈ ਖ਼ਤਰਨਾਕ ਰਸਾਇਣ ਮਗਰੋਂ ਹਵਾ, ਮਿੱਟੀ ਤੇ ਪਾਣੀ ਵਿੱਚ ਘੁਲ ਕੇ ਇਸ ਨੂੰ ਪਲੀਤ ਕਰਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆ ਵਿੱਚ ਸਾਲ 2022 ’ਚ ਤਕਰੀਬਨ 6.2 ਕਰੋੜ ਟਨ ਨਵਾਂ ਈ-ਕੂੜਾ ਪੈਦਾ ਹੋਇਆ, ਜਿਸ ਵਿੱਚੋਂ ਮਹਿਜ਼ 1.4 ਕਰੋੜ ਟਨ ਹੀ ਮੁੜ ਵਰਤੋਂ ਵਿੱਚ ਲਿਆਂਦਾ ਗਿਆ, ਭਾਵ ਉਸ ਨੂੰ ਸਹੀ ਤਰੀਕੇ ਨਾਲ ਟਿਕਾਣੇ ਲਗਾਇਆ ਗਿਆ। ਬਾਕੀ 4.8 ਕਰੋੜ ਟਨ ਕੂੜਾ ਯੋਜਨਾ ਰਹਿਤ ਤਰੀਕੇ ਨਾਲ ਖੁੱਲ੍ਹੇ ਢੇਰਾਂ ਦੇ ਰੂਪ ਵਿੱਚ ਸੁੱਟ ਦਿੱਤਾ ਗਿਆ। ਬਿਜਲਈ ਕੂੜੇ ਨੂੰ ਟਿਕਾਣੇ ਲਗਾਉਣ ਲਈ ਕਈ ਗ਼ੈਰ-ਮਿਆਰੀ ਵਿਧੀਆਂ ਅਪਣਾਈਆਂ ਜਾਂਦੀਆਂ ਹਨ ਜਿਵੇਂ ਜ਼ਮੀਨ ’ਚ ਦੱਬਣਾ, ਪਾਣੀ ’ਚ ਸੁੱਟਣਾ, ਹੱਥਾਂ ਨਾਲ ਤੋੜਨਾ ਜਾਂ ਅੱਗ ਲਗਾਉਣਾ ਆਦਿ। ਅਸਲ ਵਿੱਚ ਇਹ ਸਾਰੇ ਤਰੀਕੇ ਵਾਤਾਵਰਨ ਪ੍ਰਦੂਸ਼ਣ ਪੈਦਾ ਕਰ ਕੇ ਭਿਆਨਕ ਬਿਮਾਰੀਆਂ ਫੈਲਾਉਣ ਅਤੇ ਮਨੁੱਖਤਾ ਲਈ ਸੰਕਟ ਖੜ੍ਹਾ ਕਰਨ ਦੇ ਸਮਰੱਥ ਹਨ ਕਿਉਂਕਿ ਇਨ੍ਹਾਂ ਸਾਰੇ ਤਰੀਕਿਆਂ ਨਾਲ ਹਵਾ, ਪਾਣੀ ਅਤੇ ਜ਼ਮੀਨ ਵਿੱਚ ਹੱਦੋਂ ਵੱਧ ਜ਼ਹਿਰੀਲੇ ਪਦਾਰਥ ਰਲ ਜਾਂਦੇ ਹਨ।
ਸਭ ਤੋਂ ਵੱਧ ਈ-ਕੂੜਾ ਪੈਦਾ ਕਰਨ ਵਾਲੇ ਦੇਸ਼ ਚੀਨ, ਅਮਰੀਕਾ, ਜਾਪਾਨ, ਜਰਮਨੀ ਤੇ ਭਾਰਤ ਹਨ। ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਵੱਲੋਂ ਪੈਦਾ ਕੀਤੇ ਗਏ ਈ-ਕੂੜੇ ਦਾ ਤਕਰੀਬਨ 40 ਫ਼ੀਸਦੀ ਹਿੱਸਾ ਏਸ਼ੀਆ ਦੇ ਦੇਸ਼ਾਂ ਵਿੱਚ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਦੋਵਾਂ ਤਰੀਕਿਆਂ ਨਾਲ ਬਰਾਮਦ ਕਰ ਦਿੱਤਾ ਜਾਂਦਾ ਹੈ। ਈ-ਕੂੜਾ ਜ਼ਿਆਦਾਤਰ ਪਲਾਸਟਿਕ, ਕੱਚ, ਭਾਰੀਆਂ ਧਾਤਾਂ ਜਿਵੇਂ ਪਾਰਾ, ਲੈੱਡ (ਸਿੱਕਾ) ਤੇ ਕੈਡਮੀਅਮ ਅਤੇ ਕੀਮਤੀ ਧਾਤਾਂ ਜਿਵੇਂ ਸੋਨਾ ਅਤੇ ਚਾਂਦੀ ਦਾ ਮਿਸ਼ਰਨ ਹੁੰਦਾ ਹੈ। ਇਸ ਕੂੜੇ ਵਿੱਚ ਕੁਝ ਤੱਤ ਕੀਮਤੀ, ਵਿਕਰੀ ਯੋਗ ਅਤੇ ਮੁੜ ਵਰਤਣ ਯੋਗ ਹੁੰਦੇ ਹਨ। ਇਸ ਲਈ ਕੁਝ ਲੋਕ ਤੋੜ-ਭੰਨ੍ਹ ਕੇ ਜਾਂ ਅੱਗ ਲਗਾ ਕੇ ਇਨ੍ਹਾਂ ਨੂੰ ਵੱਖ ਵੱਖ ਕਰਦੇ ਹਨ। ਉਨ੍ਹਾਂ ਵੱਲੋਂ ਵਰਤੇ ਜਾਂਦੇ ਅਣਉਚਿਤ ਅਤੇ ਗ਼ੈਰ-ਮਿਆਰੀ ਢੰਗ ਤਰੀਕਿਆਂ ਕਰਕੇ ਕੂੜੇ ਵਿਚਲੇ ਜ਼ਹਿਰੀਲੇ ਰਸਾਇਣਿਕ ਪਦਾਰਥ ਸਾਡੇ ਵਾਤਾਵਰਨ ਵਿੱਚ ਰਲਦੇ ਹਨ, ਜਿਨ੍ਹਾਂ ਕਾਰਨ ਕੰਮ ਕਰਦੇ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਸਿੱਧੇ ਤੌਰ ’ਤੇ ਬਿਮਾਰੀਆਂ ਲੱਗਣ ਦਾ ਖ਼ਤਰਾ ਹੁੰਦਾ ਹੈ। ਇਨ੍ਹਾਂ ਵਿੱਚ ਮੌਜੂਦ ਪਾਰਾ, ਸਿੱਕਾ, ਡਾਈਆਕਸਿਨ, ਆਰਸੈਨਿਕ ਅਤੇ ਕੈਡਮੀਅਮ ਵਰਗੇ ਪਦਾਰਥਾਂ ਨੂੰ ‘ਵਿਸ਼ਵ ਸਿਹਤ ਸੰਗਠਨ’ ਵੱਲੋਂ ਜੀਵਾਂ ਲਈ ਅਤਿਅੰਤ ਨੁਕਸਾਨਦੇਹ ਜ਼ਹਿਰੀਲੇ ਪਦਾਰਥ ਦੱਸਿਆ ਗਿਆ ਹੈ। ਬਿਜਲਈ ਕੂੜੇ ਨੂੰ ਤੋੜਨ ਵਾਲੀਆਂ ਥਾਵਾਂ ’ਤੇ ਕੰਮ ਕਰਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਇਹ ਬੇਹੱਦ ਘਾਤਕ ਸਿੱਧ ਹੋ ਸਕਦੇ ਹਨ। ਵਿਸ਼ਵ ਮਜ਼ਦੂਰ ਸੰਗਠਨ ਦੇ ਸਾਲ 2020 ਦੇ ਅੰਕੜਿਆਂ ਅਨੁਸਾਰ ਸੰਸਾਰ ਭਰ ਵਿੱਚ ਡੇਢ ਕਰੋੜ ਤੋਂ ਵੱਧ ਬੱਚੇ ਉਦਯੋਗ ਖੇਤਰ, ਜਿਸ ਵਿੱਚ ਉਦਯੋਗਾਂ ਦਾ ਕੂੜਾ ਇਕੱਠਾ ਕਰਨਾ ਵੀ ਸ਼ਾਮਿਲ ਹੈ, ਵਿੱਚ ਮਜ਼ਦੂਰੀ ਕਰਦੇ ਹਨ। ਮੈਡੀਕਲ ਖੇਤਰ ਦੇ ਮਾਹਿਰਾਂ ਵੱਲੋਂ ਕੀਤੇ ਗਏ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਬਿਜਲਈ ਕੂੜੇ ਤੋਂ ਨਿਕਲਦੇ ਪਾਰੇ ਅਤੇ ਸਿੱਕੇ ਆਦਿ ’ਚ ਮਿਲਣ ਵਾਲੇ ਨਿਊਰੋਟੌਕਸਿਨ ਛੋਟੇ ਬੱਚਿਆਂ ਨੂੰ ਸਾਹ, ਅਧਰੰਗ, ਅੰਨ੍ਹਾਪਣ, ਯਾਦਦਾਸ਼ਤ ਦਾ ਖ਼ਤਮ ਹੋਣਾ, ਮਨੋਰੋਗ ਅਤੇ ਨਾੜੀ ਪ੍ਰਣਾਲੀਆਂ ਦੀਆਂ ਬਿਮਾਰੀਆਂ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦੇ ਹਨ। ਬਿਜਲਈ ਕੂੜੇ ’ਚੋਂ ਨਿਕਲਦੇ ਜ਼ਹਿਰੀਲੇ ਰਸਾਇਣ ਅਤੇ ਇਨ੍ਹਾਂ ਉਪਕਰਨਾਂ ਨੂੰ ਤੋੜਨ ਅਤੇ ਅੱਗ ਲਗਾਉਣ ਵੇਲੇ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਗਰਭਵਤੀ ਔਰਤਾਂ ਦੇ ਪੇਟ ਅੰਦਰ ਪਲਦੇ ਬੱਚਿਆਂ ਲਈ ਬੇਹੱਦ ਖ਼ਤਰਨਾਕ ਹੁੰਦੀਆਂ ਹਨ। ਇਨ੍ਹਾਂ ਰਸਾਇਣਾਂ ਦੇ ਪ੍ਰਭਾਵ ਕਰਕੇ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਣ, ਬੱਚੇ ਨੂੰ ਕੋਈ ਬਿਮਾਰੀ ਲੱਗਣ ਜਾਂ ਮੌਤ ਵਰਗੇ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ। ਜੇਕਰ ਬੱਚਾ ਜਨਮ ਲੈ ਵੀ ਲਵੇ ਤਾਂ ਵੀ ਨਵਜੰਮੇ ਬੱਚੇ ਦੇ ਫੇਫੜਿਆਂ ਦਾ ਪੂਰੀ ਤਰ੍ਹਾਂ ਵਿਕਾਸ ਨਾ ਹੋਣ ਕਰਕੇ ਉਹ ਉਮਰ ਭਰ ਦਮੇ ਅਤੇ ਸਾਹ ਦੇ ਹੋਰ ਰੋਗਾਂ ਤੋਂ ਪੀੜਤ ਰਹਿੰਦਾ ਹੈ।ਈ-ਕੂੜਾ ਸਾਡੀ ਮੌਜੂਦਾ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਘਾਤਕ ਸਿੱਧ ਹੋ ਰਿਹਾ ਹੈ। ਇੱਥੇ ਉੱਤਰ ਪ੍ਰਦੇਸ਼ ਦੇ ਸ਼ਹਿਰ ਮੁਰਾਦਾਬਾਦ ਦਾ ਜ਼ਿਕਰ ਕਰਨਾ ਲਾਜ਼ਮੀ ਹੋ ਜਾਂਦਾ ਹੈ। ‘ਪਿੱਤਲ ਨਗਰੀ’ ਦੇ ਨਾਂ ਨਾਲ ਮਸ਼ਹੂਰ ਇਹ ਸ਼ਹਿਰ ਲੰਮੇ ਸਮੇਂ ਤੋਂ ਬਿਜਲਈ ਕੂੜੇ ਦਾ ਬਦਨਾਮ ਕੇਂਦਰ ਬਣਿਆ ਹੋਇਆ ਹੈ, ਜਿੱਥੇ ਰੋਜ਼ਾਨਾ ਤਕਰੀਬਨ 9 ਟਨ ਨਵਾਂ ਬਿਜਲਈ ਕੂੜਾ ਕਾਨੂੰਨੀ ਜਾਂ ਗ਼ੈਰ-ਕਾਨੂੰਨੀ ਢੰਗਾਂ ਨਾਲ ਆਉਂਦਾ ਹੈ ਅਤੇ ਇੱਥੋਂ ਦੀਆਂ ਅਨੇਕਾਂ ਗ਼ੈਰ-ਕਾਨੂੰਨੀ ਇਕਾਈਆਂ ਇਸ ਕੂੜੇ ਦੀ ਤੋੜ-ਭੰਨ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਇਨ੍ਹਾਂ ਇਕਾਈਆਂ ਵੱਲੋਂ ਇਸ ਕਚਰੇ ਦਾ ਵੱਡਾ ਹਿੱਸਾ ਰਾਮ ਗੰਗਾ ਨਦੀ ਵਿੱਚ ਸੁੱਟ ਕੇ ਪਾਣੀ ਨੂੰ ਜ਼ਹਿਰੀਲਾ ਬਣਾਇਆ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 2018 ਵਿੱਚ ਕੀਤੇ ਇੱਕ ਸਰਵੇਖਣ ਵਿੱਚ ਰਾਮ ਗੰਗਾ ਦੇ ਕੰਢੇ ’ਤੇ 25,586 ਕਿਊਬਿਕ ਮੀਟਰ ਬਿਜਲਈ ਕੂੜੇ ’ਚੋਂ ਨਿਕਲੇ ਕਾਲੇ ਪਾਊਡਰ ਦੇ ਢੇਰ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਅਦਾਰੇ ਵੱਲੋਂ ਪ੍ਰਸ਼ਾਸਨ ਨੂੰ ਚੇਤੰਨ ਕੀਤਾ ਗਿਆ ਸੀ ਕਿ ਇਸ ਨੂੰ ਨਦੀ ਦੇ ਪਾਣੀ ਵਿੱਚ ਸੁੱਟਣ ਨਾਲ ਜਲ ਜੀਵਾਂ ਅਤੇ ਇਸ ਪਾਣੀ ਦੀ ਵਰਤੋਂ ਕਰਨ ਵਾਲੇ ਇਨਸਾਨਾਂ ਦਾ ਜੀਵਨ ਖ਼ਤਰੇ ਵਿੱਚ ਪੈ ਜਾਵੇਗਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕੀਤੀ ਗਈ ਖੋਜ ਵਿੱਚ ਪਤਾ ਲੱਗਿਆ ਹੈ ਕਿ ਕੁਝ ਲਾਲਚੀ ਲੋਕਾਂ ਵੱਲੋਂ ਸੋਨਾ ਤੇ ਚਾਂਦੀ ਵਰਗੀਆਂ ਧਾਤਾਂ ਕੱਢਣ ਖ਼ਾਤਰ ਈ-ਕੂੜੇ ਨੂੰ ਅੱਗ ਲਗਾਈ ਜਾਂਦੀ ਹੈ। ਇਉਂ ਚੰਦ ਰੁਪੱਈਆਂ ਖ਼ਾਤਰ ਇਹ ਲੋਕ ਸਮੁੱਚੇ ਇਲਾਕੇ ਦੀ ਆਬੋ-ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਵਿਗਿਆਨੀ ਦੱਸਦੇ ਹਨ ਕਿ ਈ-ਕੂੜੇ ਨੂੰ ਜ਼ਮੀਨ ਹੇਠ ਦਬਾਏ ਜਾਣ ’ਤੇ ਇਹ ਡਾਈਆਕਸਿਨ ਅਤੇ ਫੁਰਾਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਛੱਡਦਾ ਹੈ ਅਤੇ ਇਹ ਜ਼ਮੀਨ ਵਿੱਚੋਂ ਹੀ ਪੀਣ ਵਾਲੇ ਪਾਣੀ ਅੰਦਰ ਦਾਖ਼ਲ ਹੋ ਕੇ ਭਿਆਨਕ ਰੋਗਾਂ ਦਾ ਕਾਰਨ ਵੀ ਬਣਦਾ ਹੈ। ਇਸ ਵਿਚਲੀਆਂ ਲੈੱਡ ਅਤੇ ਪਾਰੇ ਵਰਗੀਆਂ ਭਾਰੀਆਂ ਧਾਤਾਂ ਗੁਰਦੇ ਅਤੇ ਜਿਗਰ ਦੇ ਰੋਗਾਂ ਦਾ ਕਾਰਨ ਬਣਦੀਆਂ ਹਨ। ਬਿਜਲਈ ਕੂੜੇ ਦੇ ਨਿਪਟਾਰੇ ਲਈ ਵਿਚਾਰ-ਵਟਾਂਦਰਾ ਲੰਮੇ ਸਮੇਂ ਤੋਂ ਚੱਲ ਰਿਹਾ ਸੀ, ਪਰ ਇਸ ਨੂੰ ਬਣਦੀ ਤਵੱਜੋ ਉਦੋਂ ਮਿਲੀ ਸੀ ਜਦੋਂ ਸੰਯੁਕਤ ਰਾਸ਼ਟਰ ਸੰਘ ਦੀ ਖ਼ਤਰਨਾਕ ਕੂੜੇ ਦੇ ਨਿਪਟਾਰੇ ਲਈ ਹੋਈ ‘ਬੇਸਲ ਕਨਵੈਨਸ਼ਨ’ ਨਾਂ ਦੀ ਕੌਮਾਂਤਰੀ ਸੰਧੀ ਦੇ ਦਾਇਰੇ ਵਿੱਚ ਬਿਜਲਈ ਕੂੜੇ ਦੀ ਸਾਂਭ-ਸੰਭਾਲ ਨੂੰ ਸ਼ਾਮਿਲ ਕਰ ਲਿਆ ਗਿਆ। ਜੂਨ 2022 ਵਿੱਚ ਕਨਵੈਨਸ਼ਨ ਦੇ ਉਦੇਸ਼ਾਂ ਵਿੱਚ ਤਰਮੀਮ ਕਰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਦੇਸ਼ ਨੂੰ ਬਿਜਲਈ ਕੂੜੇ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਭੇਜਣ ਤੋਂ ਪਹਿਲਾਂ ਉਕਤ ਅਦਾਰੇ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਅਜਿਹਾ ਕਰਨ ਨਾਲ ਇਹ ਕੂੜਾ ਗ਼ੈਰ-ਸਮਾਜਿਕ ਲੋਕਾਂ ਦੇ ਹੱਥ ਨਹੀਂ ਲੱਗ ਸਕੇਗਾ। ਬੇਸਲ ਕਨਵੈਨਸ਼ਨ ਦਾ ਇਹ ਉਪਰਾਲਾ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਮਹਿਜ਼ ਇੱਕ ਛੋਟੀ ਜਿਹੀ ਪਹਿਲਕਦਮੀ ਹੈ, ਪਰ ਇਹ ਸਹੀ ਦਿਸ਼ਾ ਵੱਲ ਵਧਾਇਆ ਗਿਆ ਇੱਕ ਅਹਿਮ ਤੇ ਜ਼ਰੂਰੀ ਕਦਮ ਹੈ। ਸਾਨੂੰ ਸਾਰਿਆਂ ਇਸ ਸਮੱਸਿਆ ਨੂੰ ਘਟਾਉਣ ਵਿੱਚ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

