ਚੰਡੀਗੜ੍ਹ : ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ- ਧਨੇਰ) ਵਲੋਂ ਅੱਜ ਚੰਡੀਗੜ੍ਹ ਦੇ ਸੈਕਟਰ 34 ਦੇ ਦੁਸਿਹਰਾ ਗਰਾਊਂਡ ਵਿਚ ਕੀਤੀ ਜਾ ਰਹੀ ਰੈਲੀ ਅਤੇ ਰੋਸ਼ ਪ੍ਰਦਰਸ਼ਨ ਦੇ ਮੱਦੇਨਜ਼ਰ ਦਿਨ ਚੜ੍ਹਦਿਆਂ ਹੀ ਕਿਸਾਨਾਂ ਦੇ ਕਾਫਲੇ ਚੰਡੀਗੜ੍ਹ ਵੱਲ ਕੂਚ ਕਰ ਗਏ ਹਨ। ਇਨ੍ਹਾਂ ਕਾਫ਼ਲਿਆਂ ਵਿਚ ਕਿਸਾਨਾਂ ਤੋਂ ਇਲਾਵਾ ਨੌਜਵਾਨਾਂ, ਔਰਤਾਂ ਅਤੇ ਮਜ਼ਦੂਰਾਂ ਦੀ ਗਿਣਤੀ ਵੱਡੀ ਪੱਧਰ ‘ਤੇ ਵੇਖਣ ਨੂੰ ਮਿਲ ਰਹੀ ਹੈ। ਰੈਲੀ ਲਈ ਉਤਸ਼ਾਹਿਤ ਕਿਸਾਨਾਂ ਵਲੋਂ ਜਾਣ ਸਾਰੇ ਬੰਦੋਬਸਤ ਪਹਿਲਾਂ ਤੋਂ ਹੀ ਕੀਤੇ ਹੋਏ ਸਨ। ਵੇਰਵਿਆਂ ਅਨੁਸਾਰ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ਵੱਡੀ ਗਿਣਤੀ ਵਿਚ ਬੱਸਾਂ, ਵੈਨਾਂ, ਸਮੇਤ ਆਪੋ ਆਪਣੇ ਸਾਧਨਾਂ ਰਾਹੀਂ, ਲੰਗਰ ਪ੍ਰਸ਼ਾਦਿਆਂ ਦਾ ਪ੍ਰਬੰਧ ਕਰਕੇ ਸਵੇਰੇ ਸੰਦੇਹਾਂ ਰਵਾਨਾ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੱਜ ਦੀ ਰੈਲੀ ਲਈ ਕਿਸਾਨਾਂ, ਔਰਤਾਂ, ਮਜ਼ਦੂਰਾਂ, ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਰੈਲੀ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਸਮਝੌਤੇ ਦੇ ਖ਼ਿਲਾਫ਼ ਸਮੇਤ ਦਰਜਨਾਂ ਹੋਰ ਵੱਖ ਵੱਖ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਣੇ ਸੂਬੇ ਦੀਆਂ ਕਈ ਹੋਰ ਜ਼ਰੂਰੀ ਮੰਗਾਂ ਨੂੰ ਲੈਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੈਲੀ ਤੋਂ ਬਾਅਦ ਜਥੇਬੰਦੀ ਦੀ ਸੂਬਾਈ ਟੀਮ ਅੰਦੋਲਨ ਲਈ ਕੋਈ ਨਵਾਂ ਐਲਾਨ ਕਰ ਸਕਦੀ ਹੈ।
Posted inChandigarh
ਚੰਡੀਗੜ੍ਹ ਰੈਲੀ ਲਈ ਕਿਸਾਨਾਂ ਕਾਫਲੇ ਰਵਾਨਾ

