ਚੰਡੀਗਡ਼੍ਹ : ਪੰਜਾਬ ਲਈ ਕਿਸੇ ਮਾਣ ਤੋਂ ਘੱਟ ਨਹੀਂ ਕਿ ਉਚੇਰੀ ਸਿੱਖਿਆ ਦੇ ਖੇਤਰ ’ਚ ਲੜਕੀਆਂ ਪੜ੍ਹਨ ਅਤੇ ਨਾਲੇ ਪੜ੍ਹਾਉਣ ’ਚ ਵੀ ਅੱਗੇ ਹਨ। ਕੋਈ ਜ਼ਮਾਨਾ ਸੀ ਜਦੋਂ ਲੜਕੀਆਂ ਲਈ ਉਚੇਰੀ ਸਿੱਖਿਆ ਵਾਸਤੇ ਪਿੰਡ ਦੀ ਦਹਿਲੀਜ਼ ਟੱਪਣੀ ਸੌਖੀ ਨਹੀਂ ਸੀ, ਹੁਣ ਨਵੇਂ ਦੌਰ ’ਚ ਸਭ ਜੂਹਾਂ ਮਿਟ ਗਈਆਂ ਹਨ। ਹੁਣ ਉਚੇਰੀ ਸਿੱਖਿਆ ਲਈ ਲੜਕੀਆਂ ਦੀ ਸੋਚ ਅੱਗੇ ਸਰਹੱਦਾਂ ਦੇ ਰਾਹ ਮੋਕਲੇ ਹੋ ਗਏ ਹਨ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਹਾਲ ’ਚ ਜਾਰੀ ਸਾਲ 2023-24 ਦੀ ਰਿਪੋਰਟ ਪੰਜਾਬ ’ਚ ਲੜਕੀਆਂ ਦੇ ਪੜ੍ਹਨ ਤੇ ਪੜਾਉਣ ਦੇ ਰੁਝਾਨ ਦੀ ਸੱਜਰੀ ਗਵਾਹ ਹੈ।
ਜਦੋਂ ਪੰਜਾਬ ਦੀ ਉਚੇਰੀ ਸਿੱਖਿਆ ਦੀ ਗੱਲ ਹੋਵੇ ਤਾਂ ਅੰਕੜਾ ਲੜਕੀਆਂ ਦੇ ਪੱਖ ’ਚ ਖੜ੍ਹਦਾ ਹੈ। ‘ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ’ ਰਿਪੋਰਟ ਅਨੁਸਾਰ ਸੂਬੇ ’ਚ ਉਚੇਰੀ ਸਿੱਖਿਆ ਲਈ ਕੁੱਲ 9.33 ਲੱਖ ਵਿਦਿਆਰਥੀ ਪੜ੍ਹ ਰਹੇ ਹਨ ਜਿਨ੍ਹਾਂ ’ਚੋਂ 4.70 ਲੱਖ ਲੜਕੀਆਂ ਹਨ। ਸਾਲ 2019-20 ’ਚ ਉਚੇਰੀ ਸਿੱਖਿਆ ਲੈਣ ਵਾਲੇ ਕੁੱਲ ਵਿਦਿਆਰਥੀ 8.69 ਲੱਖ ਸਨ ਜਿਨ੍ਹਾਂ ’ਚੋਂ 4.44 ਲੱਖ ਲੜਕੀਆਂ ਸਨ।
ਪੰਜਾਬ ’ਚ ਵਰ੍ਹਾ 2023-24 ’ਚ ਉਚੇਰੀ ਸਿੱਖਿਆ ’ਚ ਲੜਕੀਆਂ ਦੀ ਗਿਣਤੀ 2022-23 ਦੇ ਮੁਕਾਬਲੇ 21,187 ਵਧੀ ਹੈ ਜਦੋਂ ਕਿ ਲੜਕਿਆਂ ਦੀ ਗਿਣਤੀ 5469 ਘਟੀ ਹੈ। ਸਕੂਲੀ ਖੇਤਰ ਤੋਂ ਲੈ ਕੇ ਉੱਚ ਸਿੱਖਿਆ ਤੱਕ ਹੁਣ ਮੈਰਿਟ ’ਚ ਵੀ ਲੜਕੀਆਂ ਸਿਖਰ ’ਤੇ ਹਨ। ਰੁਜ਼ਗਾਰ ਦੇ ਮੌਕਿਆਂ ’ਚ ਵੀ ਲੜਕੀਆਂ ਕਿਤੇ ਅੱਗ ਵਧ ਗਈਆਂ ਹਨ। ਦੇਸ਼ ਭਰ ’ਚੋਂ ਪੰਜਾਬ ਛੇਵੇਂ ਨੰਬਰ ’ਤੇ ਹੈ ਜਿੱਥੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੇ ਦਾਖ਼ਲੇ ਵੱਧ ਹਨ। ਇਸ ਮਾਮਲੇ ’ਚ ਬਿਹਾਰ ਪਹਿਲੇ ਨੰਬਰ ’ਤੇ ਹੈ ਜਦੋਂ ਕਿ ਹਰਿਆਣਾ ਪੰਜਵੇਂ ਨੰਬਰ ’ਤੇ ਹੈ। ਪੰਜਾਬ ’ਚ ਪੀ ਐੱਚ ਡੀ ਦਾ ਰੁਝਾਨ ਦੇਖੀਏ ਤਾਂ ਵੀ ਲੜਕੀਆਂ ਅੱਗੇ ਹਨ। ਸਾਲ 2023-24 ’ਚ ਪੀ ਐੱਚ ਡੀ ਕਰਨ ਵਾਲੇ 5444 ਲੜਕੇ ਸਨ ਜਦੋਂ ਕਿ 7246 ਲੜਕੀਆਂ ਸਨ। ਭਾਵ ਪੀ ਐੱਚ ਡੀ ’ਚ 75.13 ਫ਼ੀਸਦੀ ਹਿੱਸਾ ਲੜਕੀਆਂ ਦਾ ਰਿਹਾ। ਪੋਸਟ ਗਰੈਜੂਏਸ਼ਨ ਕਰਨ ਵਾਲਿਆਂ ’ਚੋਂ 70.91 ਫ਼ੀਸਦੀ ਲੜਕੀਆਂ ਸਨ ਜਦਕਿ ਕੁੱਲ 76,187 ਵਿਦਿਆਰਥੀਆਂ ਨੇ ਪੋਸਟ ਗਰੈਜੂਏਸ਼ਨ ਕੀਤੀ ਸੀ। ਉਚੇਰੀ ਸਿੱਖਿਆ ’ਚ ਹੀ ਨਹੀਂ ਬਲਕਿ ਫੈਕਲਟੀ ’ਚ ਵੀ ਲੜਕੀਆਂ ਦੀ ਝੰਡੀ ਹੈ। ਸਾਲ 2023-24 ਦੀ ਰਿਪੋਰਟ ਅਨੁਸਾਰ ਉਚੇਰੀ ਸਿੱਖਿਆ ’ਚ ਅਧਿਆਪਨ ਦੇ ਖੇਤਰ ’ਚ ਹਰ ਤਰ੍ਹਾਂ ਦੇ ਕੁੱਲ 51,839 ਅਧਿਆਪਕਾਂ ਦੀ ਤਾਇਨਾਤੀ ਰਹੀ ਜਿਸ ’ਚੋਂ 32,082 ਮਹਿਲਾ ਟੀਚਰ ਹਨ ਅਤੇ 19,757 ਪੁਰਸ਼ ਅਧਿਆਪਕ ਹਨ। ਸਾਲ 2019-20 ’ਚ ਕੁੱਲ 52,072 ਅਧਿਆਪਕ ਪੜ੍ਹਾ ਰਹੇ ਸਨ ਜਿਨ੍ਹਾਂ ’ਚੋਂ 30,967 ਮਹਿਲਾ ਟੀਚਰ ਸਨ। ਦੇਖਿਆ ਜਾਵੇ ਤਾਂ ਉਚੇਰੀ ਸਿੱਖਿਆ ਦੇ ਖੇਤਰ ’ਚ ਅਧਿਆਪਕਾਂ ਦਾ ਅੰਕੜਾ ਪਹਿਲਾਂ ਦੇ ਮੁਕਾਬਲੇ ਘਟਿਆ ਹੈ। ਦੇਸ਼ ਭਰ ’ਚੋਂ ਪੰਜਾਬ ਦੂਜੇ ਨੰਬਰ ’ਤੇ ਹੈ ਜਿੱਥੇ 100 ਪੁਰਸ਼ ਅਧਿਆਪਕਾਂ ਦੇ ਪਿੱਛੇ 162 ਮਹਿਲਾ ਟੀਚਰ ਹਨ। ਕੇਰਲਾ ਦਾ ਨੰਬਰ ਪਹਿਲਾ ਹੈ ਜਿੱਥੇ 100 ਪੁਰਸ਼ ਟੀਚਰਾਂ ਦੇ ਪਿੱਛੇ 182 ਮਹਿਲਾ ਟੀਚਰ ਹਨ। ਹਰਿਆਣਾ ’ਚ ਇਹੋ ਅੰਕੜਾ 100 ਪੁਰਸ਼ ਟੀਚਰਾਂ ਪਿੱਛੇ 118 ਮਹਿਲਾ ਟੀਚਰਾਂ ਦਾ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ’ਚ ਹਾਲੇ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਵੀ ਪਈਆਂ ਹਨ।
ਬਦਲੀ ਸੋਚ ਨੇ ਰਾਹ ਮੋਕਲੇ ਕੀਤੇ: ਡਾ. ਅਨੀਲਾ ਸੁਲਤਾਨਾ
ਮਾਲੇਰਕੋਟਲਾ ਦੇ ਸਰਕਾਰੀ ਕਾਲਜ (ਲੜਕੀਆਂ) ਦੀ ਪ੍ਰਿੰਸੀਪਲ ਡਾ. ਅਨੀਲਾ ਸੁਲਤਾਨਾ ਦਾ ਕਹਿਣਾ ਹੈ ਕਿ ਮਾਪਿਆਂ ਦੀ ਬਦਲੀ ਸੋਚ ਵਜੋਂ ਹੁਣ ਧੀਆਂ ਦੇ ਬਿਹਤਰ ਭਵਿੱਖ ਲਈ ਸਭ ਰਾਹ ਖੁੱਲ੍ਹੇ ਹਨ। ਜਿੱਥੇ ਹੁਣ ਲੜਕੇ ਵਿਦੇਸ਼ ਜਾਣ ਨੂੰ ਪਹਿਲ ਦਿੰਦੇ ਹਨ, ਉੱਥੇ ਲੜਕੀਆਂ ਲਈ ਸਥਾਨਕ ਉੱਚ ਸਿੱਖਿਆ ਸੰਸਥਾਵਾਂ ਤਰਜੀਹੀ ਹਨ। ਅਕਾਦਮਿਕ ਪ੍ਰਦਰਸ਼ਨ ਬਿਹਤਰ ਹੋਣ ਕਰ ਕੇ ਲੜਕੀਆਂ ਦਾ ਅੰਕੜਾ ਵੱਡਾ ਹੋਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਇਸੇ ਰੁਝਾਨ ਸਦਕਾ ਹੀ ਅਧਿਆਪਨ ਦੇ ਖੇਤਰ ’ਚ ਵੀ ਲੜਕੀਆਂ ਮੋਹਰੀ ਬਣੀਆਂ ਹਨ।