ਰੋਟੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਨੌਜਵਾਨ ਵੱਲੋਂ ਪਿਤਾ ਦਾ ਕਤਲ

ਧਰਮਕੋਟ : ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਰੋਟੀ ਠੰਡੀ ਹੋਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਪਿਓ-ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਪੁੱਤਰ ਵੱਲੋਂ ਲੋਹੇ ਦੀ ਰਾਡ ਨਾਲ ਪਿਤਾ ਦੇ ਸਿਰ ‘ਤੇ ਕੀਤੇ ਹਮਲੇ ਕਾਰਨ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਮੇਅਰਜੀਤ ਸਿੰਘ ਪਿੰਡ ਵਿੱਚ ਡਾਕਟਰੀ ਦਾ ਕੰਮ ਕਰਦਾ ਸੀ। ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਉਹ ਆਪਣੇ 22 ਸਾਲਾ ਪੁੱਤਰ ਲਵਪ੍ਰੀਤ ਸਿੰਘ ਨਾਲ ਘਰ ਵਿੱਚ ਇਕੱਲੇ ਹੀ ਰਹਿ ਰਹੇ ਸਨ। ਬੁੱਧਵਾਰ ਰਾਤ ਨੂੰ ਜਦੋਂ ਪਿਤਾ ਨੇ ਖਾਣਾ ਤਿਆਰ ਕਰਕੇ ਪੁੱਤਰ ਨੂੰ ਖਾਣ ਲਈ ਕਿਹਾ, ਤਾਂ ਲਵਪ੍ਰੀਤ ਫ਼ੋਨ ‘ਤੇ ਰੁੱਝਿਆ ਰਿਹਾ, ਜਿਸ ਕਾਰਨ ਰੋਟੀ ਠੰਢੀ ਹੋ ਗਈ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਛਿੜ ਪਿਆ। ਬਹਿਸ ਇੰਨੀ ਵਧ ਗਈ ਕਿ ਲਵਪ੍ਰੀਤ ਹਿੰਸਕ ਹੋ ਗਿਆ ਅਤੇ ਉਸ ਨੇ ਲੋਹੇ ਦੀ ਰਾਡ ਨਾਲ ਆਪਣੇ ਪਿਤਾ ਦੇ ਸਿਰ ‘ਤੇ ਕਈ ਵਾਰ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦੇ ਸਮੇਂ ਮੇਅਰਜੀਤ ਸਿੰਘ ਨੇ ਦਮ ਤੋੜ ਦਿੱਤਾ। ਪੁਲੀਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਮੁਲਜ਼ਮ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Share: