ਅਪਰੇਸ਼ਨ ‘Hard Ball’ ਦੀ ਕਾਮਯਾਬੀ: ਗੈਂਗਸਟਰਾਂ ਦੇ ਚੁੰਗਲ ‘ਚੋਂ ਨਿਕਲੇ ਕਾਰੋਬਾਰੀਆਂ ਨੇ ਲਿਆ ਸੁੱਖ ਦਾ ਸਾਹ

ਅਪਰੇਸ਼ਨ ‘Hard Ball’ ਦੀ ਕਾਮਯਾਬੀ: ਗੈਂਗਸਟਰਾਂ ਦੇ ਚੁੰਗਲ ‘ਚੋਂ ਨਿਕਲੇ ਕਾਰੋਬਾਰੀਆਂ ਨੇ ਲਿਆ ਸੁੱਖ ਦਾ ਸਾਹ

ਵੈਨਕੂਵਰ : ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ‘ਤੇ ਚਲਾਏ ਗਏ ‘ਅਪਰੇਸ਼ਨ ਹਾਰਡ ਬਾਲ’ ਨੇ ਵਿਸ਼ਵ ਭਰ ਵਿੱਚ ਵਾਹ-ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ ਕੀਤਾ ਹੈ, ਉੱਥੇ ਹੀ ਫਿਰੌਤੀ ਅਤੇ ਗੋਲੀਬਾਰੀ ਦੇ ਡਰ ਹੇਠ ਜੀਅ ਰਹੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਇਸ ਅਪਰੇਸ਼ਨ ਕਾਰਨ ਪੀੜਤ ਕਾਰੋਬਾਰੀਆਂ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ। ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਪੀੜਤਾਂ ਨੇ ਦੱਸਿਆ ਕਿ ਗੈਂਗਸਟਰਾਂ ਦਾ ਖੌਫ਼ ਇੰਨਾ ਸੀ ਕਿ ਕਈਆਂ ਨੇ ਆਪਣੀ ਜਮਾਂ-ਪੂੰਜੀ ਲੁਟਾ ਦਿੱਤੀ ਅਤੇ ਕੁਝ ਤਾਂ ਕਾਰੋਬਾਰ ਛੱਡ ਕੇ ਵਾਪਸ ਮੁੜਨ ਲਈ ਮਜਬੂਰ ਹੋ ਗਏ ਸਨ। ਇੱਕ ਪੀੜਤ ਨੇ ਦੱਸਿਆ ਕਿ ਇਹ ਗੈਂਗਸਟਰ ਇਸ ਤਰ੍ਹਾਂ ਫਿਰੌਤੀ ਮੰਗਦੇ ਸਨ ਜਿਵੇਂ ਉਨ੍ਹਾਂ ਨਾਲ ਕੋਈ ਲਿਖਤੀ ਸਮਝੌਤਾ ਹੋਇਆ ਹੋਵੇ, ਜਦਕਿ ਇੱਕ ਹੋਰ ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਖ਼ਾਤਰ ਆਪਣੀ ਸਾਰੀ ਕਮਾਈ ਇਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿੱਤੀ ਸੀ।

ਇੱਕ ਕਾਰੋਬਾਰੀ  ਨੇ ਕਿਹਾ ਕਿ ਪਹਿਲੀ ਕਾਲ ਤੋਂ ਬਾਅਦ ਹੀ ਉਹ ਸੌਦੇਬਾਜੀ ਕਰਨ ਲੱਗ ਪੈਂਦੇ ਸਨ, ਜਿਵੇ ਅਸੀਂ ਉਨ੍ਹਾਂ ਦੇ ਕਰਜ਼ਦਾਰ ਹੋਈਏ। ਉਸ ਨੇ ਦੱਸਿਆ ਕਿ ਤੀਹ ਸਾਲ ਪਹਿਲਾਂ ਕੈਨੇਡਾ ਆਕੇ ਉਸ ਦੇ ਪਰਿਵਾਰ ਨੇ ਮਿਹਨਤ ਕਰਨ ਉਪਰੰਤ ਆਪਣੇ ਪੈਰ ਮਜਬੂਤ ਕੀਤੇ ਸੀ, ਪਰ ਇੰਨਾਂ ਬਦਮਾਸ਼ਾਂ ਤੋਂ ਡਰਦਿਆਂ ਉਨ੍ਹਾਂ ਵਾਪਸ ਪੰਜਾਬ ਜਾਣ ਦਾ ਮਨ ਬਣਾ ਕੇ ਜਾਇਦਾਦ ਵੇਚਣ ਦੀ ਸੋਚਣ ਰਹੇ ਸਨ।
ਬਠਿੰਡਾ ਤੋਂ ਆਏ ਇੱਕ ਕਾਰੋਬਾਰੀ ਨੇ ਆਖਿਆ ਕਿ ਆਪਣੀ ਤੇ ਪਰਿਵਾਰ ਦੀ ਜਾਨ ਬਚਾਉਣ ਲਈ ਉਸ ਨੇ ਬਦਮਾਸ਼ਾਂ ਨੂੰ ਪੈਸੇ ਦੇਣ ’ਚ ਭਲਾਈ ਸਮਝੀ। ਸੰਗਰੂਰ ਤੋਂ ਇਲੈਕਟਰੋਨਿਕ ਕਾਰੋਬਾਰ ਛੱਡਕੇ ਸਰੀ ਆਏ ਵਿਅਕਤੀ ਨੇ ਦੱਸਿਆ ਕਿ ਕਾਲ ਕਰਨ ਵਾਲੇ ਉਨ੍ਹਾਂ ਦੀ ਸਾਰੀ ਜਾਣਕਾਰੀ ਪਤਾ ਲੈਂਦੇ ਸਨ ਜਿਸ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਹਮੇਸ਼ਾ ਸਹਿਮ ਬਣਿਆ ਰਹਿੰਦਾ ਸੀ।

ਪੁਲੀਸ ਅਧਿਕਾਰੀਆਂ ਨੇ ਮੰਨਿਆ ਕਿ ਕਾਨੂੰਨੀ ਪੇਚੀਦਗੀਆਂ ਕਾਰਨ ਕਈ ਵਾਰ ਉਨ੍ਹਾਂ ਦੇ ਹੱਥ ਬੱਝੇ ਹੁੰਦੇ ਸਨ, ਪਰ ਇਸ ਸਾਂਝੇ ਅਪਰੇਸ਼ਨ ਨੇ ਬਦਮਾਸ਼ਾਂ ਦੇ ਨੈੱਟਵਰਕ ਨੂੰ ਵੱਡੀ ਸੱਟ ਮਾਰੀ ਹੈ। ਇਸ ਕਾਰਵਾਈ ਨੇ ਨਾ ਸਿਰਫ਼ ਆਮ ਲੋਕਾਂ ਵਿੱਚ ਕਾਨੂੰਨ ਪ੍ਰਤੀ ਭਰੋਸਾ ਬਹਾਲ ਕੀਤਾ ਹੈ, ਸਗੋਂ ਕਈ ਵੱਡੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਭਾਰਤ ਅਤੇ ਕੈਨੇਡਾ ਦਰਮਿਆਨ ਪੈਦਾ ਹੋਈ ਕੁੜੱਤਣ ਦੂਰ ਹੋਵੇਗੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਵਿੱਚ ਸੁਧਾਰ ਲਈ ਰਾਹ ਮੋਕਲੇ ਹੋਣਗੇ।

Share: