‘ਸਤਲੁਜ’ ’ਤੇ ਪਾਬੰਦੀ: ਭਾਜਪਾ ਮੁੜ ਨਿਸ਼ਾਨੇ ’ਤੇ

‘ਸਤਲੁਜ’ ’ਤੇ ਪਾਬੰਦੀ: ਭਾਜਪਾ ਮੁੜ ਨਿਸ਼ਾਨੇ ’ਤੇ

ਚੰਡੀਗਡ਼੍ਹ : ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਜ਼ੀ-5 ਪਲੈਟਫਾਰਮ ਤੋਂ ਹਟਾਏ ਜਾਣ ਮਗਰੋਂ ਭਾਜਪਾ ਮੁੜ ਨਿਸ਼ਾਨੇ ’ਤੇ ਆ ਗਈ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇਹ ਪੈਂਤੜਾ ਸਿਆਸੀ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ। ਇੱਕ ਬੰਨ੍ਹੇ ਭਾਜਪਾ ਚੋਣਾਂ ਦੇ ਮੱਦੇਨਜ਼ਰ ਲੋਕ ਮਨਾਂ ’ਚੋਂ ਪਾਰਟੀ ਪ੍ਰਤੀ ਦੂਰੀਆਂ ਘਟਾਉਣ ਲਈ ਜ਼ੋਰ ਲਾ ਰਹੀ ਹੈ, ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਜ਼ੀ-5 ਪਲੈਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਰੋਕ ਲੱਗਣ ਮਗਰੋਂ ਪੰਜਾਬ ਭਰ ’ਚ ਸੋਸ਼ਲ ਮੀਡੀਆ ’ਤੇ ਫਿਲਮ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਨਵੀਂ ਪੀੜ੍ਹੀ ਦੀ ਇਸ ’ਚ ਦਿਲਚਸਪੀ ਵਧ ਗਈ ਹੈ।

ਕਾਂਗਰਸ ਪਾਰਟੀ ਨੇ ਹਾਲੇ ਇਸ ਫਿਲਮ ਦੇ ਮਾਮਲੇ ’ਤੇ ਚੁੱਪ ਧਾਰੀ ਹੋਈ ਹੈ; ਬਾਕੀ ਸਿਆਸੀ ਪਾਰਟੀਆਂ ਨੇ ਭਾਜਪਾ ਨੂੰ ਘੇਰਿਆ ਹੈ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਭਾਜਪਾ ਦੀ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਨਾਲ ਭਾਜਪਾ ਦਾ ਅਸਲ ਚਿਹਰਾ ਬੇਪਰਦ ਹੋ ਗਿਆ ਹੈ ਤੇ ਪਾਰਟੀ ਦੀ ਪੰਜਾਬ ਪ੍ਰਤੀ ਨਫ਼ਰਤ ਦੀ ਇਹ ਸਪਸ਼ਟ ਝਲਕ ਹੈ। ਜਦੋਂ ਕੋਈ ਮੁਲਕ ਆਪਣੇ ਇਤਿਹਾਸ ਤੋਂ ਡਰਨ ਲੱਗ ਪੈਂਦਾ ਹੈ ਤਾਂ ਸੈਂਸਰਸ਼ਿਪ ਉਸ ਦਾ ਖ਼ਤਰਨਾਕ ਹਥਿਆਰ ਬਣ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਫਿਲਮ ਬਿਨਾਂ ਦੇਰੀ ਬਹਾਲ ਕੀਤੀ ਜਾਵੇ। ਇਹ 1980-90 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਅਤੇ ਜਸਵੰਤ ਸਿੰਘ ਖਾਲੜਾ ਦੇ ਦਲੇਰਾਨਾ ਸੰਘਰਸ਼ ਨੂੰ ਦਰਸਾਉਂਦੀ ਹੈ ਹੈ। ਉਨ੍ਹਾਂ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਅਤੇ ‘ਦਿ ਕੇਰਲਾ ਸਟੋਰੀ’ ਵਰਗੀਆਂ ਫਿਲਮਾਂ ਨੂੰ ਬਿਨਾਂ ਕਿਸੇ ਰੋਕ ਤੋਂ ਪ੍ਰਮੋਟ ਕੀਤਾ ਜਾਂਦਾ ਹੈ ਪਰ ਜਦੋਂ ਕੋਈ ਫਿਲਮ ਪੰਜਾਬ ’ਚ ਹੋਏ ਅੱਤਿਆਚਾਰਾਂ ਬਾਰੇ ਸਵਾਲ ਖੜ੍ਹੀ ਕਰਦੀ ਹੈ ਤਾਂ ਉਸ ਨੂੰ ਗ਼ਾਇਬ ਕਰ ਦਿੱਤਾ ਜਾਂਦਾ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਨੂੰ ਸੱਚ ਤੋਂ ਇਨ੍ਹਾਂ ਡਰ ਕਿਉਂ ਲੱਗਦਾ ਹੈ? ਭਾਜਪਾ ਵੱਲੋਂ ਕਾਂਗਰਸ ਦੇ ਪਾਪ ਦਬਾਉਣ ਲਈ ਇਹ ਪਰਦਾ ਕਿਉਂ ਪਾਇਆ ਗਿਆ ਹੈ? ਕਿਤੇ ਕੋਈ ਅੰਦਰੂਨੀ ਸਮਝੌਤਾ ਤਾਂ ਨਹੀਂ। ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਆਰ ਐੱਸ ਚੀਮਾ ਨੇ ਕਿਹਾ ਕਿ ਖਾਲੜਾ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀ ਅਤੇ ਅਦਾਲਤ ਨੇ ਮੋਹਰ ਲਾਈ ਸੀ ਕਿ ਜਸਵੰਤ ਸਿੰਘ ਖਾਲੜਾ ਦੀ ਪੁਲੀਸ ਅਧਿਕਾਰੀਆਂ ਨੇ ਹੱਤਿਆ ਕੀਤੀ ਸੀ। ਹੁਣ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਫਿਲਮ ਦਿਖਾਉਣ ’ਚ ਕੀ ਗ਼ਲਤ ਹੈ? ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਪੁਰਾਣੇ ਜ਼ਖ਼ਮ ਚੀਰਦੀਆਂ ਹਨ ਜਿਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਤੋਂ ਬਚਣਾ ਬਿਹਤਰ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਫਿਲਮ ਵਾਪਸ ਲੈਣੀ ਸਾਰਿਆਂ ਦੇ ਭਲੇ ਲਈ ਹੈ। ਅਜਿਹੀਆਂ ਫਿਲਮਾਂ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਪ੍ਰਵਿਰਤੀ ਰੱਖਦੀਆਂ ਹਨ।

ਹੁਣ ਕੋਈ ਫ਼ਿਕਰ ਨਹੀਂ, ਸਭ ਨੇ ਡਾਊਨਲੋਡ ਕਰ ਲਈ: ਦਿਲਜੀਤ

ਚੰਡੀਗੜ੍ਹ: ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ‘ਸਤਲੁਜ’ ਓ ਟੀ ਟੀ ਪਲੈਟਫਾਰਮ ਜ਼ੀ5 ਤੋਂ ਹਟਾਉਣ ਮਗਰੋਂ ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਨੇ ਆਖਿਆ, ‘‘ਹੁਣ ਕੋਈ ਫ਼ਿਕਰ ਨਹੀਂ, ਸਭ ਨੇ ਡਾਊਨਲੋਡ ਕਰ ਲਈ ਹੈ। ਇੱਕ ਵਾਰ ਜਦੋਂ ਕੋਈ ਫਿਲਮ ਆ ਜਾਵੇ, ਉਹ ਖ਼ਤਮ ਨਹੀਂ ਹੋ ਸਕਦੀ।’’ ਦਿਲਜੀਤ ਨੇ ਕਿਹਾ ਕਿ ਉਹ ਪਹਿਲਾਂ ਹੀ ਉਮੀਦ ਕਰ ਰਿਹਾ ਸੀ ਕਿ ਫਿਲਮ ਨੂੰ ਓ ਟੀ ਟੀ ਪਲੈਟਫਾਰਮ ਤੋਂ ਹਟਾ ਲਿਆ ਜਾਵੇਗਾ। ਉਸ ਨੇ ਰਾਜਸਥਾਨ ਦੇ ਕਿਸੇ ਗੁਰਦੁਆਰੇ ’ਚ ਫਿਲਮ ਦਿਖਾਉਣ ਦਾ ਜ਼ਿਕਰ ਵੀ ਕੀਤਾ ਹੈ। ਉਸ ਨੇ ਕਿਹਾ, ‘‘ਫਿਲਮ ਰਿਲੀਜ਼ ਕਰਨ ਦਾ ਇਹੋ ਇੱਕੋ-ਇੱਕ ਤਰੀਕਾ ਸੀ। ਬਿਨਾਂ ਕੁਝ ਬੋਲੇ ਕਿਉਂਕਿ ਅਜਿਹਾ ਹੋਣਾ ਹੀ ਸੀ। ਫਿਲਮ ਨੂੰ ਰੋਕਣ ਦੀ ਜਿੰਨੀ ਕੋਸ਼ਿਸ਼ ਕੀਤੀ ਜਾਵੇਗੀ, ਓਨਾ ਹੀ ਇਹ ਹੋਰ ਮਸ਼ਹੂਰ ਹੋਵੇਗੀ। ਇੰਟਰਨੈੱਟ ਤੋਂ ਕੁਝ ਵੀ ਗ਼ਾਇਬ ਨਹੀਂ ਹੁੰਦਾ ਹੈ।’’

ਸੁਰੱਖਿਆ ਖ਼ਦਸ਼ਿਆਂ ਕਾਰਨ ਫਿਲਮ ਹਟਾਈ: ਸਰਕਾਰ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਓ ਟੀ ਟੀ ਪਲੈਟਫਾਰਮ ਜ਼ੀ5 ਨੂੰ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ’ਤੇ ਆਧਾਰਿਤ ਫਿਲਮ ‘ਸਤਲੁਜ’ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰੀ ਸੂਤਰਾਂ ਅਨੁਸਾਰ ਇਹ ਕਾਰਵਾਈ ‘ਸੁਰੱਖਿਆ ਖ਼ਦਸ਼ਿਆਂ’ ਅਤੇ ਆਈ ਟੀ ਨਿਯਮ 2021 ਤਹਿਤ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਫਿਲਮ ਦੇ ਕੁਝ ਹਿੱਸਿਆਂ ਦਾ ਭਾਰਤ ਵਿਰੋਧੀ ਤਾਕਤਾਂ ਵੱਲੋਂ ਗ਼ਲਤ ਫ਼ਾਇਦਾ ਚੁੱਕੇ ਜਾਣ ਦਾ ਖ਼ਦਸ਼ਾ ਸੀ। ਸਰਕਾਰੀ ਅਧਿਕਾਰੀਆਂ ਮੁਤਾਬਕ ਇਹ ਚਿੰਤਾਵਾਂ ਸਨ ਕਿ ਫ਼ਿਲਮ ਦੇ ਕੁਝ ਹਿੱਸਿਆਂ ਦੀ ਵਰਤੋਂ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਖਾਲਿਸਤਾਨ ਪੱਖੀ ਲਹਿਰ ਨੂੰ ਮੁੜ ਹਵਾ ਦੇਣ ਅਤੇ ਸਮਰਥਨ ਹਾਸਲ ਕਰਨ ਲਈ ਕੀਤੀ ਜਾ ਸਕਦੀ ਹੈ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਫਿਲਮ ਦੇ ਨਿਰਮਾਤਾਵਾਂ ਨੇ 2022 ’ਚ ਇਸ ਦੇ ਅਸਲ ਟਾਈਟਲ ‘ਪੰਜਾਬ 95’ ਤਹਿਤ ਸੈਂਸਰ ਬੋਰਡ ਦੇ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ ਪਰ ਸੈਂਸਰ ਬੋਰਡ ਵੱਲੋਂ ਸੁਝਾਏ ਗਏ 127 ਕੱਟਾਂ ਨੂੰ ਨਿਰਮਾਤਾਵਾਂ ਨੇ ਸਵੀਕਾਰ ਨਹੀਂ ਕੀਤਾ ਸੀ ਜਿਸ ਮਗਰੋਂ ਇਸ ਦੀ ਸਿਨੇਮਾਘਰਾਂ ’ਚ ਰਿਲੀਜ਼ ਨੂੰ ਰੋਕ ਦਿੱਤਾ ਗਿਆ ਸੀ। ਨਿਰਮਾਤਾਵਾਂ ਨੇ ਸੈਂਸਰ ਬੋਰਡ ਦੇ ਕੱਟ ਲਾਗੂ ਕਰਨ ਦੀ ਬਜਾਏ ਫਿਲਮ ਨੂੰ ਨਵੇਂ ਟਾਈਟਲ ‘ਸਤਲੁਜ’ ਨਾਲ ਚੁੱਪਚਾਪ ਓ ਟੀ ਟੀ ਪਲੈਟਫਾਰਮ ਜ਼ੀ5 ’ਤੇ ਰਿਲੀਜ਼ ਕਰ ਦਿੱਤਾ ਕਿਉਂਕਿ ਓ ਟੀ ਟੀ ’ਤੇ ਨਸ਼ਰ ਹੋਣ ਵਾਲੀ ਸਮੱਗਰੀ ਸੈਂਸਰ ਬੋਰਡ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ ਹੈ।

ਕੇਵਲ ਢਿੱਲੋਂ ਕੇਂਦਰ ਕੋਲ ਮੁੱਦਾ ਚੁੱਕਣਗੇ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਜਲਦੀ ਹੀ ਇਸ ਬਾਰੇ ਕੇਂਦਰੀ ਲੀਡਰਸ਼ਿਪ ਨਾਲ ਗੱਲ ਕਰ ਕੇ ਫਿਲਮ ਹਟਾਉਣ ਦਾ ਮੁੱਦਾ ਚੁੱਕਣਗੇ। ਉਹ ਫਿਲਮ ’ਤੇ ਪਾਬੰਦੀ ਲਗਾਏ ਜਾਣ ਦੇ ਕਾਰਨਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਉਹ ਇਸ ਸੰਵੇਦਨਸ਼ੀਲ ਮਾਮਲੇ ’ਤੇ ਕੇਂਦਰ ਸਰਕਾਰ ਦੇ ਨਾਲ ਸਿੱਧੀ ਗੱਲਬਾਤ ਕਰਨਗੇ। ਉਹ ਸਬੰਧਤ ਕੇਂਦਰੀ ਮੰਤਰੀ ਕੋਲ ਵੀ ਇਹ ਮੁੱਦਾ ਉਠਾਉਣਗੇ।

ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਲਮ ‘ਸਤਲੁਜ’ ਨੂੰ ਓ ਟੀ ਟੀ ਪਲੈਟਫਾਰਮ ਤੋਂ ਹਟਾਏ ਜਾਣ ਨੂੰ ਸੱਚ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਵੱਡਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਫਿਲਮ ’ਤੇ ਪਾਬੰਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਆਪਣੇ ਅਤੀਤ ਦਾ ਸਾਹਮਣਾ ਇਮਾਨਦਾਰੀ ਨਾਲ ਕਰਨ ਦਾ ਹੱਕਦਾਰ ਹੈ। ਫਿਲਮ ਪੰਜਾਬ ਦੇ ਦਰਦਨਾਕ ਇਤਿਹਾਸ ਨੂੰ ਦਲੇਰੀ ਨਾਲ ਉਜਾਗਰ ਕਰਦੀ ਹੈ ਅਤੇ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਸਨਮਾਨਿਤ ਕਰਦੀ ਹੈ, ਉਸ ਨੂੰ ਇਸ ਤਰੀਕੇ ਨਾਲ ਚੁੱਪ ਨਹੀਂ ਕਰਵਾਇਆ ਜਾ ਸਕਦਾ ਹੈ।

Share: