ਜੰਮੂ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਸੋਮਵਾਰ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਮਾਮਲੇ ’ਚ ਜੰਮੂ ਦੀ ਵਿਸ਼ੇਸ਼ ਅਦਾਲਤ ਵਿੱਚ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ’ਚ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤਇਬਾ ਦੇ ਮੁਖੀ ਹਾਫ਼ਿਜ਼ ਸਈਦ (76) ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਐੱਨ ਆਈ ਏ ਨੇ ਪਾਕਿਸਤਾਨ ਸਥਿਤ ਸਈਦ ਨੂੰ ਨਿੱਜੀ ਤੌਰ ’ਤੇ ਅਤੇ ਪਾਬੰਦੀਸ਼ੁਦਾ ਲਸ਼ਕਰ ਅਤੇ ਇਸ ਨਾਲ ਜੁੜੀ ਜਥੇਬੰਦੀ ਦਿ ਰਜਿਸਟੈਂਸ ਫਰੰਟ (ਟੀ ਆਰ ਐੱਫ) ਦੇ ਮੁਖੀ ਵਜੋਂ ਦੋਸ਼ੀ ਨਾਮਜ਼ਦ ਕੀਤਾ ਹੈ। ਸਾਲ 2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਸਈਦ ਨੂੰ ਭਾਰਤ ਅਤੇ ਅਮਰੀਕਾ ਨੇ ਪਹਿਲਾਂ ਹੀ ਆਲਮੀ ਦਹਿਸ਼ਤਗਰਦ ਐਲਾਨਿਆ ਹੋਇਆ ਹੈ।
ਹਾਫ਼ਿਜ਼ ਸਈਦ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ 2023 ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ ਏ ਪੀ ਏ) 1967 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏਜੰਸੀ ਨੇ ਉਸ ਉੱਤੇ ਸਰਹੱਦ ਪਾਰੋਂ ਭਾਰਤ ਵਿਰੁੱਧ ਜੰਗ ਛੇੜਨ ਅਤੇ ਸਾਜ਼ਿਸ਼ ਘੜਨ ਦੇ ਗੰਭੀਰ ਦੋਸ਼ ਵੀ ਲਗਾਏ ਹਨ। ਇਹ ਪੂਰਕ ਚਾਰਜਸ਼ੀਟ ਪਹਿਲਾਂ ਦਾਖ਼ਲ ਕੀਤੀ ਗਈ 1,597 ਪੰਨਿਆਂ ਦੀ ਅਸਲ ਚਾਰਜਸ਼ੀਟ ਦੀ ਨਿਰੰਤਰਤਾ ਵਜੋਂ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਵਿਗਿਆਨਕ ਜਾਂਚ ਰਾਹੀਂ ਇਕੱਠੇ ਕੀਤੇ ਪਾਕਿਸਤਾਨੀ ਸਾਜ਼ਿਸ਼ ਦੇ ਪੁਖਤਾ ਸਬੂਤ ਸ਼ਾਮਲ ਹਨ।
ਦੱਸਣਯੋਗ ਹੈ ਕਿ ਪਿਛਲੇ ਸਾਲ 22 ਅਪਰੈਲ ਨੂੰ ਪਹਿਲਗਾਮ ’ਚ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਘਾਤਕ ਹਮਲੇ ਵਿੱਚ 25 ਸੈਲਾਨੀ ਅਤੇ ਇਕ ਸਥਾਨਕ ਨਾਗਰਿਕ ਮਾਰਿਆ ਗਿਆ ਸੀ। ਇਸ ਤੋਂ ਪਹਿਲਾਂ 15 ਦਸੰਬਰ 2025 ਨੂੰ ਦਾਖ਼ਲ ਕੀਤੀ ਗਈ ਚਾਰਜਸ਼ੀਟ ’ਚ ਐੱਨ ਆਈ ਏ ਨੇ ਪਾਕਿਸਤਾਨੀ ਸਾਜਿਦ ਜੱਟ, ਜੁਲਾਈ 2025 ਦੇ ਅਪਰੇਸ਼ਨ ਮਹਾਦੇਵ ਦੌਰਾਨ ਮਾਰੇ ਗਏ ਤਿੰਨ ਦਹਿਸ਼ਤਗਰਦਾਂ ਅਤੇ ਦੋ ਗ੍ਰਿਫ਼ਤਾਰ ਮੁਲਜ਼ਮਾਂ ਦੇ ਨਾਮ ਸ਼ਾਮਲ ਕੀਤੇ ਸਨ। ਚਾਰਜਸ਼ੀਟ ਵਿੱਚ ਪਰਵੇਜ਼ ਅਹਿਮਦ ਅਤੇ ਬਸ਼ੀਰ ਅਹਿਮਦ ਜੋਥਰ ਦੇ ਨਾਮ ਵੀ ਸ਼ਾਮਲ ਹਨ, ਜਿਨ੍ਹਾਂ ਦਹਿਸ਼ਤਗਰਦਾਂ ਨੂੰ ਰਹਿਣ-ਸਹਿਣ ਅਤੇ ਸਾਮਾਨ ਮੁਹੱਈਆ ਕਰਾਉਣ ’ਚ ਸਹਾਇਤਾ ਕੀਤੀ ਸੀ। ਇਸ ’ਚ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤਇਬਾ/ਟੀ ਆਰ ਐੱਫ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੀ ਯੋਜਨਾ ਬਣਾਉਣ, ਉਸ ਨੂੰ ਅੰਜਾਮ ਦੇਣ ਅਤੇ ਸਹੂਲਤ ਪ੍ਰਦਾਨ ਕਰਨ ’ਚ ਨਿਭਾਈ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਐੱਨ ਆਈ ਏ ਨੇ ਬਿਆਨ ’ਚ ਕਿਹਾ, ‘‘ਜੰਮੂ ਕਸ਼ਮੀਰ ਦੇ ਪਹਿਲਗਾਮ ’ਚ 22 ਅਪਰੈਲ 2025 ਨੂੰ ਹੋਏ ਘਾਤਕ ਹਮਲੇ ਵਿੱਚ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਗਏ ਦਹਿਸ਼ਤਗਰਦਾਂ ਵੱਲੋਂ ਧਰਮ ਦੇ ਆਧਾਰ ’ਤੇ ਨਿਸ਼ਾਨਾ ਬਣਾ ਕੇ ਹੱਤਿਆਵਾਂ ਕੀਤੀਆਂ ਗਈਆਂ ਸਨ। ਇਸ ਹਮਲੇ ’ਚ 25 ਬੇਕਸੂਰ ਸੈਲਾਨੀ ਅਤੇ ਇਕ ਸਥਾਨਕ ਨਾਗਰਿਕ ਮਾਰਿਆ ਗਿਆ ਸੀ।’’ ਪਹਿਲਾਂ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਪੁਲੀਸ ਸਟੇਸ਼ਨ ਵੱਲੋਂ ਐੱਫ ਆਈ ਆਰ ਦਰਜ ਕੀਤੀ ਗਈ ਸੀ ਅਤੇ ਜੰਮੂ ਕਸ਼ਮੀਰ ਪੁਲੀਸ ਵੱਲੋਂ ਸ਼ੁਰੂਆਤੀ ਜਾਂਚ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਹ ਮਾਮਲਾ ਐੱਨ ਆਈ ਏ ਨੂੰ ਸੌਂਪ ਦਿੱਤਾ ਸੀ। ਬਿਆਨ ਵਿੱਚ ਕਿਹਾ ਗਿਆ ਕਿ ਐੱਨ ਆਈ ਏ ਪਾਕਿਸਤਾਨ ਵੱਲੋਂ ਘੜੀ ਗਈ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਮਾਮਲੇ ਦੀ ਜਾਂਚ ਜਾਰੀ ਰੱਖ ਰਹੀ ਹੈ ਜੋ ਸਰਹੱਦ ਪਾਰ ਤੋਂ ਭਾਰਤੀ ਸਰਜ਼ਮੀਨ ’ਤੇ ਦਹਿਸ਼ਤਗਰਦੀ ਨੂੰ ਸ਼ਹਿ ਦੇ ਰਿਹਾ ਹੈ। ਹਾਫ਼ਿਜ਼ ਸਈਦ ਨੇ 1990 ਦੇ ਆਸ-ਪਾਸ ਲਸ਼ਕਰ-ਏ-ਤਇਬਾ ਦੀ ਸਥਾਪਨਾ ਕੀਤੀ ਸੀ ਅਤੇ ਉਹ ਉਦੋਂ ਤੋਂ ਇਸ ਜਥੇਬੰਦੀ ਅਤੇ ਉਸ ਨਾਲ ਜੁੜੀਆਂ ਹੋਰ ਜਥੇਬੰਦੀਆਂ ਦੀ ਅਗਵਾਈ ਕਰ ਰਿਹਾ ਹੈ। ਉਸ ਨੂੰ 2008 ਵਿੱਚ ਮੁੰਬਈ ’ਤੇ ਹੋਏ ਹਮਲਿਆਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਜਿਸ ਵਿੱਚ ਤਿੰਨ ਦਿਨਾਂ ਦੌਰਾਨ 166 ਵਿਅਕਤੀ ਮਾਰੇ ਗਏ ਸਨ। ਪਾਕਿਸਤਾਨ ਮੁਤਾਬਕ ਉਹ 2020 ਵਿੱਚ ਦਹਿਸ਼ਤੀ ਫੰਡਿੰਗ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਹ ਪਾਕਿਸਤਾਨ ਦੀ ਇੱਕ ਜੇਲ੍ਹ ਵਿੱਚ ਬੰਦ ਹੈ।

