ਵੈਨਕੂਵਰ : ਐਤਵਾਰ ਸ਼ਾਮ ਨੂੰ ਕੈਨੇਡਾ ਦੇ ਉੱਤਰ-ਪੂਰਬੀ ਸੂਬੇ ਕਿਊਬਕ ਦੇ ਪ੍ਰਮੁੱਖ ਸ਼ਹਿਰ ਮੌਂਟਰੀਆਲ ਨੇੜੇ ਸੀ.ਐੱਨ. (CN) ਰੇਲਵੇ ਦੀ ਇੱਕ ਮਾਲ ਗੱਡੀ ਦੇ 20 ਡੱਬੇ (ਬੋਗੀਆਂ) ਲੀਹੋਂ ਲੱਥ ਗਏ। ਸ਼ੁਰੂਆਤੀ ਚਰਚਾਵਾਂ ਮੁਤਾਬਕ ਇਨ੍ਹਾਂ ਡੱਬਿਆਂ ਵਿੱਚ ਕੋਈ ਵਿਸਫੋਟਕ ਪਦਾਰਥ ਲੱਦਿਆ ਹੋਇਆ ਸੀ, ਪਰ ਖ਼ੁਸ਼ਕਿਸਮਤੀ ਨਾਲ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਰਿਪੈਂਟਿਗਨੀ (Repentigny) ਮਿਉਂਸਪੈਲਿਟੀ ਨੇ ਆਪਣੇ ਅਧਿਕਾਰਤ ਫੇਸਬੁੱਕ ਖਾਤੇ ’ਤੇ ਪਾਈ ਇੱਕ ਪੋਸਟ ਰਾਹੀਂ ਦੱਸਿਆ ਕਿ ਬੋਗੀਆਂ ਵਿੱਚ ਵਿਸਫੋਟਕ ਪਦਾਰਥ ਸੀ, ਪਰ ਲੀਹੋਂ ਲੱਥਣ ਤੋਂ ਬਾਅਦ ਵੱਖ-ਵੱਖ ਪਾਸੇ ਪਲਟੀਆਂ ਬੋਗੀਆਂ ਵਿੱਚੋਂ ਕੁਝ ਵੀ ਲੀਕ ਨਹੀਂ ਹੋਇਆ ਅਤੇ ਅੱਗ ਲੱਗਣ ਤੋਂ ਵੀ ਬਚਾਅ ਰਿਹਾ।
ਹਾਦਸੇ ਵਾਲੀ ਜਗ੍ਹਾ ਅਤੇ ਪ੍ਰਭਾਵ
ਇਹ ਹਾਦਸਾ ਮੌਂਟਰੀਆਲ ਦੇ ਉੱਤਰੀ ਪਾਸੇ ਸਥਿਤ ਰਿਪੈਂਟਿਗਨੀ ਸ਼ਹਿਰ ਨੇੜੇ ਦੋ ਸੜਕਾਂ ਦੇ ਚੁਰਾਹੇ ਕੋਲ ਵਾਪਰਿਆ। ਹਾਦਸੇ ਤੋਂ ਬਾਅਦ ਖੇਤਰ ਦਾ ਬਿਜਲੀ ਸਿਸਟਮ ਫੇਲ੍ਹ ਹੋ ਗਿਆ, ਜਿਸ ਕਾਰਨ ਸੜਕੀ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਿਆ ਹੈ।
ਮੇਅਰ ਦਾ ਬਿਆਨ
ਦੂਜੇ ਪਾਸੇ, ਸ਼ਹਿਰ ਦੇ ਮੇਅਰ ਨਿਕੋਲਸ ਡੂਫੋਰ ਨੇ ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਬੋਗੀਆਂ ਵਿੱਚ ਵਿਸਫੋਟਕ ਪਦਾਰਥ ਲੱਦਿਆ ਹੋਇਆ ਸੀ ਜਾਂ ਨਹੀਂ, ਜਿਵੇਂ ਕਿ ਇਹ ਗੱਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

