ਨਵੀਂ ਦਿੱਲੀ : ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ ਆਈ ਸੀ ਟੀ ਈ) ਮੁਤਾਬਕ, ਵੱਖ-ਵੱਖ ਕਾਰਨਾਂ ਕਰ ਕੇ ਅਕਾਦਮਿਕ ਵਰ੍ਹੇ 2025-26 ਦੌਰਾਨ ਦੇਸ਼ ਭਰ ਵਿੱਚ 58 ਇੰਜਨੀਅਰਿੰਗ ਕਾਲਜ ਬੰਦ ਕਰ ਦਿੱਤੇ ਗਏ ਹਨ, ਹਾਲਾਂਕਿ ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪੂਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਮੇਂ ਦੌਰਾਨ ਦੇਸ਼ ਭਰ ਦੇ ਤਕਨੀਕੀ ਅਤੇ ਇੰਜਨੀਅਰਿੰਗ ਕਾਲਜਾਂ ਵਿੱਚ ਚਲਾਏ ਜਾ ਰਹੇ 950 ਤੋਂ ਵੱਧ ਕੋਰਸ ਵੀ ਬੰਦ ਕੀਤੇ ਗਏ ਹਨ।
ਏ ਆਈ ਸੀ ਟੀ ਈ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਸਾਲ 2025-26 ਦੌਰਾਨ ਕੁੱਲ 58 ਇੰਜਨੀਅਰਿੰਗ ਅਤੇ ਤਕਨੀਕੀ ਕਾਲਜਾਂ ਨੂੰ ਕ੍ਰਮਵਾਰ ਬੰਦ ਕੀਤਾ ਗਿਆ ਹੈ। ਕ੍ਰਮਵਾਰ ਬੰਦ ਹੋਣ ਦਾ ਮਤਲਬ ਹੈ ਕਿ ਸੰਸਥਾ ਉਸ ਅਕਾਦਮਿਕ ਸਾਲ ਦੌਰਾਨ ਪਹਿਲੇ ਸਾਲ ਵਿੱਚ ਨਵੇਂ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਸਕਦੀ, ਜਦੋਂ ਤੋਂ ਇਹ ਹੁਕਮ ਜਾਰੀ ਹੋਏ ਹਨ। ਹਾਲਾਂਕਿ, ਪਹਿਲਾਂ ਮੌਜੂਦ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਣਗੇ।’’ ਏ ਆਈ ਸੀ ਟੀ ਈ ਜੋ ਕਿ ਭਾਰਤ ਵਿੱਚ ਤਕਨੀਕੀ ਸਿੱਖਿਆ ਲਈ ਕਾਨੂੰਨੀ ਕੌਮੀ ਪੱਧਰ ਦੀ ਚੋਟੀ ਦੀ ਸਲਾਹਕਾਰ ਸੰਸਥਾ ਅਤੇ ਰੈਗੂਲੇਟਰ ਹੈ, ਇੰਜਨੀਅਰਿੰਗ, ਆਰਕੀਟੈਕਚਰ, ਮੈਨੇਜਮੈਂਟ ਅਤੇ ਫਾਰਮੇਸੀ ਕੋਰਸਾਂ ਦੀ ਨਜ਼ਰਸਾਨੀ ਕਰਦੀ ਹੈ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਬਣਾ ਕੇ ਰੱਖਣ ਤੇ ਤਾਲਮੇਲ ਨਾਲ ਵਿਕਾਸ ਯਕੀਨੀ ਬਣਾਉਂਦੀ ਹੈ। ਇਨ੍ਹਾਂ 58 ਸੰਸਥਾਵਾਂ ਵਿੱਚੋਂ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 12-12 ਕਾਲਜ ਬੰਦ ਹੋਏ ਹਨ। ਉਪਰੰਤ ਮੱਧ ਪ੍ਰਦੇਸ਼ ਵਿੱਚ 8, ਪੰਜਾਬ ਤੇ ਤਿਲੰਗਾਨਾ ਵਿੱਚ 4-4 ਕਾਲਜ ਬੰਦ ਹੋਏ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਤਿੰਨ-ਤਿੰਨ ਕਾਲਜ ਬੰਦ ਕੀਤੇ ਗਏ, ਜਦੋਂ ਕਿ ਗੁਜਰਾਤ, ਕਰਨਾਟਕ, ਪੁਣੇ ਤੇ ਤਾਮਿਲ ਨਾਡੂ ਵਿੱਚ ਦੋ-ਦੋ ਕਾਲਜ ਬੰਦ ਹੋਏ। ਹਰਿਆਣਾ, ਉੜੀਸਾ, ਉੱਤਰਾਖੰਡ ਅਤੇ ਪੱਛਮੀ ਬੰਗਾਲ ਵਿੱਚ ਇੱਕ-ਇੱਕ ਕਾਲਜ ਬੰਦ ਹੋਣ ਦਾ ਰਿਕਾਰਡ ਦਰਜ ਕੀਤਾ ਗਿਆ। ਇਨ੍ਹਾਂ 58 ਸੰਸਥਾਵਾਂ ਵਿੱਚੋਂ ਤਿੰਨ ਸਰਕਾਰੀ ਸਹਾਇਤਾ ਪ੍ਰਾਪਤ ਸਨ, ਜਦੋਂ ਕਿ ਬਾਕੀ ਨਿੱਜੀ ਤੌਰ ’ਤੇ ਵਿੱਤੀ ਸਹਾਇਤਾ ਪ੍ਰਾਪਤ (ਨਿੱਜੀ) ਕਾਲਜ ਸਨ।

