ਅਯੁੱਧਿਆ: ਚੜ੍ਹਾਵੇ ਵਿੱਚ ਕਥਿਤ ਗ਼ਬਨ ਦੇ ਦੋਸ਼ਾਂ ਬਾਰੇ ਚੱਲ ਰਹੀ ਜਾਂਚ ਦਰਮਿਆਨ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਨੂੰ ਅਹਿਮ ਮੀਟਿੰਗ ਸੱਦੀ ਹੈ। ਸੂਤਰਾਂ ਨੇ ਕਿਹਾ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਵੱਲੋਂ ਦਿੱਤੇ ਅਸਤੀਫ਼ਿਆਂ ਬਾਰੇ ਫ਼ੈਸਲੇ ਸਣੇ ਹੋਰ ਮਸਲੇ ਭਲਕ ਦੀ ਬੈਠਕ ਦੇ ਮੁੱਖ ਏਜੰਡੇ ’ਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ (ਵੀ ਐੱਚ ਪੀ) ਨੇ ਅਯੁੁੱਧਿਆ ਪੁਲੀਸ ਨੂੰ ਪੱਤਰ ਲਿਖ ਕੇ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਚੜ੍ਹਾਵੇ ’ਚ ਕਥਿਤ ਚੋਰੀ ਦੇ ਕੀਤੇ ਦਾਅਵਿਆਂ ਦੀ ਪੜਤਾਲ ਕਰਨ ਅਤੇ ਦੋਸ਼ ਸਾਬਤ ਕਰਨ ਲਈ ਉਨ੍ਹਾਂ ਨੂੰ ਤਲਬ ਕਰਨ ਦੀ ਅਪੀਲ ਕੀਤੀ ਹੈ। ਉੱਧਰ, ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖ਼ਜ਼ਾਨਚੀ ਗੋਵਿੰਦ ਦੇਵ ਗਿਰੀ ਨੇ ਖਾਮੋਸ਼ੀ ਤੋੜਦਿਆਂ ਕਿਹਾ ਕਿ ਉਨ੍ਹਾਂ ਦੀ ਰੋਜ਼ਾਨਾ ਦਾਨ ਇਕੱਤਰ ਕਰਨ ਦੇ ਅਮਲ ’ਚ ਕੋਈ ਭੂਮਿਕਾ ਨਹੀਂ ਸੀ।
ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਮੀਟਿੰਗ ਪ੍ਰਧਾਨ ਨ੍ਰਿਤਿਆ ਗੋਪਾਲ ਦਾਸ ਦੀ ਮੋਨੈਸਟਰੀ ਮਨੀ ਰਾਮ ਛਾਉਣੀ ’ਚ ਹੋਵੇਗੀ। ਟਰੱਸਟ ਦੇ ਖਜ਼ਾਨਚੀ ਗੋਵਿੰਦ ਦੇਵ ਗਿਰੀ ਨੇ ਸਾਰੇ ਨਿਯਮਤ ਤੇ ਹੋਰ ਅਹੁਦੇਦਾਰਾਂ ਨੂੰ ਮੀਟਿੰਗ ’ਚ ਸ਼ਾਮਲ ਹੋਣ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਟਰੱਸਟ ਪ੍ਰਧਾਨ ਨ੍ਰਿਤਿਆ ਗੋਪਾਲ ਦਾਸ. ਜੋ ਗੰਭੀਰ ਹਾਲਤ ਕਰ ਕੇ ਹਸਪਤਾਲ ਵਿੱਚ ਹਨ, ਅਤੇ ਸੀਨੀਅਰ ਟਰੱਸਟੀ ਕੇ ਪਾਰਾਸਰਨ, ਜੋ ਉਮਰ ਸਬੰਧੀ ਸਿਹਤ ਵਿਗਾੜਾਂ ਕਰ ਕੇ ਆਉਣ ਜਾਣ ਤੋਂ ਅਸਮਰੱਥ ਹਨ, ਮੀਟਿੰਗ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ਾਮਲ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਟਰੱਸਟ ਚੰਪਤ ਰਾਏ ਤੇ ਅਨਿਲ ਮਿਸ਼ਰਾ ਦੇ ਅਸਤੀਫ਼ਿਆਂ ਬਾਰੇ ਕੋਈ ਫ਼ੈਸਲਾ ਲੈ ਸਕਦਾ ਹੈ। ਚੜ੍ਹਾਏ ’ਚ ਕਥਿਤ ਗ਼ਬਨ ਦੇ ਦੋਸ਼ਾਂ ਮਗਰੋਂ ਇਨ੍ਹਾਂ ਦੋਵਾਂ ਨੇ ਅਹੁਦੇ ਛੱਡ ਦਿੱਤੇ ਸਨ। ਜੇ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਹੁੰਦੇ ਹਨ ਤਾਂ ਬੈਠਕ ਵਿੱਚ ਟਰੱਸਟ ਦੇ ਕੰਮਕਾਜ ਲਈ ਨਵੇਂ ਪ੍ਰਸ਼ਾਸਕੀ ਚੌਖਟੇ ਦੀਆਂ ਯੋਜਨਾਵਾਂ ਬਾਰੇ ਵੀ ਵਿਚਾਰ ਹੋ ਸਕਦਾ ਹੈ। ਵਿਸ਼ੇਸ਼ ਇਨਵਾਇਟੀ ਗੋਪਾਲ ਰਾਓ ਦੀ ਭੂਮਿਕਾ ਬਾਰੇ ਵੀ ਵਟਾਂਦਰਾ ਹੋਣ ਦੀ ਉਮੀਦ ਹੈ। ਬੈਠਕ ਵਿੱਚ ਵਿਸ਼ੇਸ਼ ਜਾਂਚ ਟੀਮ (ਸਿਟ) ਦੀਆਂ ਲੱਭਤਾਂ ਬਾਰੇ ਅਤੇ ਰਾਮ ਮੰਦਰ ਦੇ ਪ੍ਰਬੰਧਨ ਦੀ ਦੇਖ ਰੇਖ ਲਈ ਮੁੱਖ ਕਾਰਜਕਾਰੀ ਅਧਿਕਾਰੀ ਦੀ ਨਿਯੁਕਤੀ ਬਾਰੇ ਵੀ ਚਰਚਾ ਹੋਣ ਦੀ ਉਮੀਦ ਹੈ।
ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਨਾਲ ਸਬੰਧਤ ਜਥੇਬੰਦੀ ਵੀ ਐੱਚ ਪੀ ਨੇ ਅਯੁੱਧਿਆ ਪੁਲੀਸ ਨੂੰ 4 ਜੁਲਾਈ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਣੇ ਵਿਰੋਧੀ ਧਿਰਾਂ ਵੱਲੋਂ ਰਾਮ ਮੰਦਰ ਦੇ ਚੜ੍ਹਾਵੇ ’ਚ ਕਥਿਤ ਚੋਰੀ ਦੇ ਲਾਏ ਦੋਸ਼ਾਂ ਦੀ ਜਾਂਚ ਕੀਤੀ ਜਾਵੇ ਅਤੇ ਜੇ ਪਤਾ ਲੱਗਦਾ ਹੈ ਕਿ ਉਨ੍ਹਾਂ ‘ਦੁਸ਼ਮਣੀ ਤੇ ਨਫ਼ਰਤ’ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ‘ਬੇਬੁਨਿਆਦ ਦੋਸ਼’ ਲਾਏ ਹਨ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਵੀ ਐੱਚ ਪੀ ਦੇ ਕੌਮਾਂਤਰੀ ਪ੍ਰਧਾਨ ਆਲੋਕ ਕੁਮਾਰ ਨੇ ਅਯੁੱਧਿਆ ਦੇ ਡੀ ਐੱਸ ਪੀ ਆਸ਼ੂਤੋਸ਼ ਤਿਵਾੜੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਲਾਏ ਦੋਸ਼ ਟੈਲੀਵਿਜ਼ਨ ਚੈਨਲਾਂ, ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਹੋਰ ਇਲੈਕਟ੍ਰੋਨਿਕ ਮੀਡੀਆ ਜ਼ਰੀਏ ਵੱਡੇ ਪੱਧਰ ’ਤੇ ਸਰਕੁਲੇਟ ਹੋਏ ਹਨ। ਕੁਮਾਰ ਨੇ ਤਫ਼ਤੀਸ਼ੀ ਅਧਿਕਾਰੀ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਆਗੂਆਂ ਨੂੰ ਸੱਦ ਕੇ ਉਨ੍ਹਾਂ ਦੇ ਦਾਅਵਿਆਂ ਦੇ ਤੱਥਾਂ ਦੇ ਆਧਾਰ, ਸੂਚਨਾ ਦੇ ਸਰੋਤ ਤੇ ਦਸਤਾਵੇਜ਼ੀ ਸਬੂਤਾਂ ਬਾਰੇ ਪੁੱਛੇ। ਕੁਮਾਰ ਨੇ ਕਿਹਾ ਕਿ ਆਗੂਆਂ ਨੇ ਜਨਤਕ ਤੌਰ ’ਤੇ ਦੋਸ਼ ਲਾਏ ਹਨ। ਪੱਤਰ ਵਿੱਚ ਸਮਾਜਵਾਦੀ ਪਾਰਟੀ ਆਗੂ ਰਾਮ ਗੋਪਾਲ ਯਾਦਵ ਤੇ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਵੱਲੋਂ ਦਿੱਤੇ ਜਨਤਕ ਬਿਆਨਾਂ ਦਾ ਵੀ ਹਵਾਲਾ ਦਿੱਤਾ ਗਿਆ ਹੈੈ।
ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖ਼ਜ਼ਾਨਚੀ ਗੋਵਿੰਦ ਦੇਵ ਗਿਰੀ ਨੇ ਰਾਮ ਮੰਦਰ ਟਰੱਸਟ ਦੀ ਭਲਕੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅੱਜ ਜਾਰੀ ਕੀਤੇ ਗਏ ਪੱਤਰ ’ਚ ਦਾਅਵਾ ਕੀਤਾ ਕਿ ਸਾਰੀਆਂ ਆਡਿਟ ਰਿਪੋਰਟਾਂ ਸੁਰੱਖਿਅਤ ਹਨ। ਸਥਾਨਕ ਟਰੱਸਟੀ ਹੀ ਚੜ੍ਹਾਵੇ ’ਚ ਮਿਲੇ ਪੈਸਿਆਂ ਦੀ ਗਿਣਤੀ ਦੀ ਨਿਗਰਾਨੀ ਕਰਦੇ ਹਨ। ਖ਼ਜ਼ਾਨਚੀ ਹੋਣ ਦੇ ਨਾਤੇ ਗਿਰੀ ਸਵਾਲਾਂ ਦੇ ਘੇਰੇ ਵਿੱਚ ਹਨ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸੱਚ ਦੇ ਨਾਲ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਗ਼ਬਨ ਨੇ ਰਾਮ ਭਗਤਾਂ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਉਹ ਖੁਦ ਇਸ ਘਟਨਾ ਤੋਂ ਬਹੁਤ ਦੁਖੀ ਅਤੇ ਸ਼ਰਮਸਾਰ ਹਨ।
ਹਿੰਦੂਆਂ ਨੂੰ ਲੁੱਟਣ ਵਾਲੇ ਸੱਤਾ ’ਚ: ਊਧਵ
ਮੁੰਬਈ: ਸ਼ਿਵ ਸੈਨਾ (ਯੂ ਬੀ ਟੀ) ਮੁਖੀ ਊਧਵ ਠਾਕਰੇ ਨੇ ਅਯੁੱਧਿਆ ਰਾਮ ਮੰਦਰ ਦੇ ਚੰਦੇ ਵਿੱਚ ਕਥਿਤ ਹੇਰਾਫੇਰੀ ਦੇ ਖ਼ਿਲਾਫ਼ ਐਤਵਾਰ ਨੂੰ ਆਪਣੇ ‘ਰਾਮ ਰਕਸ਼ਾ’ ਅੰਦੋਲਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸੱਤਾਧਾਰੀ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਹਿੰਦੂਆਂ ਨੂੰ ਲੁੱਟਣ ਵਾਲੇ ਸੱਤਾ’ ਵਿੱਚ ਹਨ। ਕੇਂਦਰੀ ਮੁੰਬਈ ਦੇ ਦਾਦਰ ਵਿੱਚ ਹਨੂੰਮਾਨ ਮੰਦਰ ਦੇ ਬਾਹਰ ਰੈਲੀ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਕੋਈ ਹਿੰਦੁਤਵ ਦੀ ਦੁਰਵਰਤੋਂ ਕਰ ਕੇ ਮੰਦਰ ਦੀ ਲੁੱਟ ਕਰਦਾ ਹੈ ਤਾਂ ਫਿਰ ਹਿੰਦੂ ਉਸ ਨੂੰ ਨਹੀਂ ਬਖ਼ਸ਼ਣਗੇ। ਭਗਵਾਂ ਕੁੜਤਾ ਪਾਈ ਠਾਕਰੇ ਨੇ ਕਿਹਾ, ‘‘ਬਦਕਿਸਮਤੀ ਨਾਲ ਹਿੰਦੂਆਂ ਨੂੰ ਲੁੱਟਣ ਵਾਲੇ ਸੱਤਾ ਵਿੱਚ ਹਨ। ਕਿਸੇ ਡਾਕੂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਆਪਣੇ ਡਾਕੇ ਦੀ ਜਾਂਚ ਕਰੇ। ਜਾਂਚ ਨਿਰਪੱਖ ਤਰੀਕੇ ਨਾਲ ਹੋਣੀ ਚਾਹੀਦੀ ਹੈ।’’ ਸੈਨਾ (ਯੂ ਬੀ ਟੀ) ਮੁਖੀ ਨੇ ‘ਅਯੁੱਧਿਆ ਤੋਂ ਝਾਂਕੀ ਹੈ, ਕਾਸ਼ੀ ਮਥੁਰਾ ਅਭੀ ਬਾਕੀ ਹੈਂ’ ਨਾਅਰੇ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਉਹ ਇਸ ਗੱਲੋਂ ਫ਼ਿਕਰਮੰਦ ਹਨ ਕਿ ਕਾਸ਼ੀ ਤੇ ਮਥੁਰਾ ਵਿੱਚ ਕੀ ਹੋਇਆ ਹੋਵੇਗਾ।

