ਫਤਿਹਗੜ੍ਹ ਪੰਜਤੂਰ: ਇੱਥੇ ਪਿਛਲੇ ਚਾਰ ਦਿਨਾਂ ਤੋਂ ਜੀਓ (Jio) ਕੰਪਨੀ ਦਾ ਨੈੱਟਵਰਕ ਪੂਰੀ ਤਰ੍ਹਾਂ ਫੇਲ੍ਹ ਹੋਇਆ ਪਿਆ ਹੈ, ਜਿਸ ਕਾਰਨ ਖਪਤਕਾਰਾਂ ਦੀ ਆਪਸੀ ਗੱਲਬਾਤ ਅਤੇ ‘ਹੈਲੋ-ਹੈਲੋ’ ਬੰਦ ਹੋ ਕੇ ਰਹਿ ਗਈ ਹੈ। ਜੀਓ ਦੇ ਖ਼ਰਾਬ ਨੈੱਟਵਰਕ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਕੰਪਨੀ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਅਵੇਸਲੇ ਬੈਠੇ ਹਨ।
ਜ਼ਿਕਰਯੋਗ ਹੈ ਕਿ ਲਗਭਗ ਦਸ ਵਰ੍ਹੇ ਪਹਿਲਾਂ ਕੰਪਨੀ ਨੇ ਇੱਥੇ ਆਪਣਾ ਟਾਵਰ ਸਥਾਪਤ ਕਰਕੇ ਸਥਾਨਕ ਲੋਕਾਂ ਨੂੰ ਜੀਓ ਨੈੱਟਵਰਕ ਨਾਲ ਜੋੜਿਆ ਸੀ। ਮੌਜੂਦਾ ਸਮੇਂ ਇੱਥੇ ਕੰਪਨੀ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਖਪਤਕਾਰ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਅਤੇ ਭਰੋਸੇਯੋਗ ਮੰਨੇ ਜਾਣ ਵਾਲੇ ਜੀਓ ਨੈੱਟਵਰਕ ਦੀ ਇੱਥੇ ਬਣੀ ਬਦਤਰ ਹਾਲਤ ਵੱਲ ਕੰਪਨੀ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ।
ਕੰਪਨੀ ਵੱਲੋਂ ਸ਼ਿਕਾਇਤਾਂ ਨੂੰ ਕੀਤਾ ਜਾ ਰਿਹਾ ਅਣਦੇਖਾ
‘ਵਿਸਾਲ ਟੈਲੀਕਾਮ’ ਦੇ ਮਾਲਕ ਵਿਸ਼ਾਲ ਮਨਚੰਦਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਲਗਾਤਾਰ ਕਈ ਦਿਨਾਂ ਲਈ ਜੀਓ ਦਾ ਨੈੱਟਵਰਕ ਇੰਨਾ ਖ਼ਰਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਖ਼ਰਾਬੀ ਸਬੰਧੀ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਅਜੇ ਤੱਕ ਨੈੱਟਵਰਕ ਦੀ ਬਹਾਲੀ ਨਹੀਂ ਹੋ ਸਕੀ। ਨੈੱਟਵਰਕ ਅਤੇ ਇੰਟਰਨੈੱਟ ਠੱਪ ਹੋਣ ਕਾਰਨ ਵਪਾਰੀ, ਮੁਲਾਜ਼ਮ, ਦਫ਼ਤਰੀ ਕਾਮੇ ਅਤੇ ਆਮ ਲੋਕਾਂ ਦੇ ਰੋਜ਼ਾਨਾ ਦੇ ਜ਼ਰੂਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਖਪਤਕਾਰਾਂ ਨੇ ਦਿੱਤੀ ਸਿਮ ਪੋਰਟ ਕਰਵਾਉਣ ਦੀ ਚਿਤਾਵਨੀ
ਕੰਪਨੀ ਦੀ ਇਸ ਢਿੱਲੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਹੋ ਕੇ ਇੱਕ ਖਪਤਕਾਰ ਗੁਰਨਾਮ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਇਹੋ ਹਾਲ ਰਿਹਾ ਤਾਂ ਉਹ ਜੀਓ ਦਾ ਤਿਆਗ ਕਰਕੇ ਕਿਸੇ ਹੋਰ ਟੈਲੀਕਾਮ ਕੰਪਨੀ ਨਾਲ ਜੁੜਨ (ਸਿਮ ਪੋਰਟ ਕਰਵਾਉਣ) ਬਾਰੇ ਸੋਚ ਰਹੇ ਹਨ। ਇਸ ਪੂਰੇ ਮਾਮਲੇ ਸਬੰਧੀ ਜਦੋਂ ਕੰਪਨੀ ਦੇ ਏਰੀਆ ਨੈੱਟਵਰਕ ਮੈਨੇਜਰ ਪ੍ਰਵੀਨ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਕਿਸੇ ਮੀਟਿੰਗ ਵਿੱਚ ਰੁੱਝੇ ਹੋਣ ਦਾ ਬਹਾਨਾ ਬਣਾ ਕੇ ਇਸ ਗੰਭੀਰ ਸਮੱਸਿਆ ’ਤੇ ਗੱਲ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ।

